ਚੰਡੀਗੜ੍ਹ/ਬਠਿੰਡਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਵੱਲੋਂ ਅੱਜ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਮੱਧ ਪ੍ਰਦੇਸ਼ ਤੋਂ ਕੰਟੇਨਰ-ਟਰੱਕ ਵਿੱਚ ਲਿਆਂਦੀ ਜਾ ਰਹੀ 4100 ਕਿਲੋ (210 ਬੋਰੀਆਂ) ਭੁੱਕੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਸੰਦੀਪ ਸਿੰਘ ਉਰਫ਼ ਕਾਕਾ (ਟਰੱਕ ਡਰਾਈਵਰ) ਵਾਸੀ ਪਿੰਡ ਰਾਏਪੁਰ ਅਰਾਈਆਂ ਨਕੋਦਰ, ਜਲੰਧਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਵੱਡੀ ਮਾਤਰਾ ਵਿੱਚ ਭੁੱਕੀ ਬਰਾਮਦ ਕਰਨ ਤੋਂ ਇਲਾਵਾ ਕੰਟੇਨਰ-ਟਰੱਕ ਰਜਿਸਟ੍ਰੇਸ਼ਨ ਨੰਬਰ ਐਨਐਲ 01ਏਬੀ 0377 ਨੂੰ ਵੀ ਜ਼ਬਤ ਕਰ ਲਿਆ ਹੈ।
210 ਬੋਰੀਆਂ ਭੁੱਕੀ ਬਰਾਮਦ ਕੀਤੀ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਵੱਡੀ ਮਾਤਰਾ ਵਿੱਚ ਭੁੱਕੀ ਦੀ ਤਸਕਰੀ ਸਬੰਧੀ ਮਿਲੀ ਗੁਪਤ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲੀਸ ਟੀਮਾਂ ਨੇ ਜ਼ਿਲ੍ਹਾ ਪੁਲਿਸ ਬਠਿੰਡਾ ਨਾਲ ਮਿਲ ਕੇ ਨਾਕਾ ਲਾਇਆ ਅਤੇ ਇੱਕ ਸ਼ੱਕੀ ਕੰਟੇਨਰ ਟਰੱਕ ਨੂੰ ਚੈਕਿੰਗ ਲਈ ਰੋਕਿਆ। ਉਨ੍ਹਾਂ ਦੱਸਿਆ ਕਿ ਇਸ ਵਾਹਨ ਦੀ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ 41 ਕੁਇੰਟਲ (210 ਬੋਰੀਆਂ) ਭੁੱਕੀ ਬਰਾਮਦ ਕੀਤੀ।
ਨੈਟਵਰਕ ਦਾ ਪਰਦਾਫਾਸ਼: ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਖੇਪ ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਪਹੁੰਚਾਈ ਜਾਣੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਂਦਿਆਂ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀਆਂ ਹਨ।
- ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, 6 ਆਧੁਨਿਕ ਪਿਸਤੌਲਾਂ ਸਮੇਤ ਦੋ ਕਾਬੂ - arms smuggling module arrested
- ਅੰਮ੍ਰਿਤਸਰ 'ਚ ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੁਲਿਸ ਨੇ ਦੋ ਘੰਟਿਆਂ ਵਿੱਚ ਕੀਤਾ ਕਾਬੂ - Amritsar Bible Sacrilege Incident
- ਬਰਨਾਲਾ 'ਚ ਨਸ਼ੇੜੀਆਂ ਦਾ ਕਹਿਰ, 15 ਸਾਲ ਦੇ ਸਿੱਖ ਬੱਚੇ ਦੀ ਕੁੱਟਮਾਰ ਕਰਕੇ ਖੋਹੇ ਪੈਸੇ, ਸਿਰ ਦੇ ਕੱਟੇ ਵਾਲ - Sikh child hair cut in Barnala
ਮਾਮਲਾ ਦਰਜ ਕੀਤਾ ਗਿਆ: ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਗਏ ਨਸ਼ਾ ਤਸਕਰ ਨੇ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਭੁੱਕੀ ਦੀਆਂ ਅਜਿਹੀਆਂ ਵੱਡੀਆਂ ਖੇਪਾਂ ਪੰਜਾਬ ਪਹੁੰਚਾਉਣ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰਬਰ 118 ਮਿਤੀ 15-07-2024 ਨੂੰ ਐਨਡੀਪੀਐਸ ਐਕਟ ਦੀ ਧਾਰਾ 15ਸੀ ਤਹਿਤ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।