ਬਰਨਾਲਾ: ਬਰਨਾਲਾ ਸ਼ਹਿਰ ਦੇ ਥਾਣਾ ਸਿਟੀ 1 ਦੇ ਪੁਲਿਸ ਮੁਲਾਜ਼ਮਾਂ 'ਤੇ ਗਰਭਵਤੀ ਔਰਤਾਂ ਅਤੇ ਹੋਰ ਲੋਕਾਂ ਦੀ ਕੁੱਟਮਾਰ ਕਰਨ, ਔਰਤਾਂ ਦੇ ਮੋਬਾਈਲ ਫ਼ੋਨ, ਨਕਦੀ ਅਤੇ ਸਕੂਟਰ ਖੋਹਣ ਦੇ ਦੋਸ਼ ਲੱਗੇ ਹਨ। ਇਹਨਾਂ ਦੋਸ਼ਾਂ ਦੇ ਰੋਸ ਵਿੱਚ ਥਾਣੇ ਅੱਗੇ ਮਜ਼ਦੂਰ ਜੱਥੇਬੰਦੀਆਂ ਦੀ ਅਗਵਾਈ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਔਰਤਾਂ ਦੀ ਕੁੱਟਮਾਰ ਦੇ ਇਲਜ਼ਾਮ: ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮਾਂ 'ਤੇ ਕੁੱਟਮਾਰ ਦੇ ਦੋਸ਼ ਲਗਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਬਾਜਾਖਾਨਾ ਰੋਡ ਬਰਨਾਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਘਰ ਕੋਈ ਸਮਾਗਮ ਚੱਲ ਰਿਹਾ ਸੀ। ਜਿਸ ਤੋਂ ਬਾਅਦ ਜਦੋਂ ਉਹ ਆਪਣੇ ਲੜਕੇ ਨਾਲ ਆਪਣੀ ਮਹਿਲਾ ਰਿਸ਼ਤੇਦਾਰ ਨੂੰ ਛੱਡਣ ਲਈ ਜਾ ਰਹੇ ਸਨ ਤਾਂ ਰਸਤੇ 'ਚ ਇਕ ਕਾਰ 'ਚ ਸਵਾਰ ਚਾਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਚਾਰੇ ਪੁਲਿਸ ਮੁਲਾਜ਼ਮਾਂ, ਜਿਨ੍ਹਾਂ 'ਚੋਂ ਦੋ ਵਰਦੀ 'ਚ ਸਨ, ਜਦਕਿ ਦੋ ਸਿਵਲ ਡਰੈੱਸ 'ਚ ਸਨ। ਚਾਰੋਂ ਸ਼ਰਾਬ ਪੀ ਕੇ ਸਾਡੇ ਘਰ ਪਹੁੰਚੇ। ਜਿੱਥੇ ਉਨ੍ਹਾਂ ਦੀ 7 ਮਹੀਨੇ ਦੀ ਗਰਭਵਤੀ ਨੂੰਹ ਅਤੇ ਹੋਰ ਔਰਤਾਂ ਵੀ ਮੌਜੂਦ ਸਨ ਅਤੇ ਹੋਰ ਔਰਤਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰੋਂ 15 ਹਜ਼ਾਰ ਰੁਪਏ ਦੀ ਨਕਦੀ, ਇੱਕ ਸਕੂਟਰ ਅਤੇ ਸੋਨੇ ਦੇ ਗਹਿਣੇ ਲੈ ਗਏ। ਉਕਤ ਪੀੜਤ ਔਰਤਾਂ ਨੇ ਰੋਂਦੇ ਹੋਏ ਆਪਣੇ ਅਤੇ ਹੋਰ ਔਰਤਾਂ ਦੇ ਸ਼ਰੀਰ 'ਤੇ ਲੱਗੇ ਜ਼ਖਮ ਦਿਖਾਉਂਦੇ ਹੋਏ ਮੰਗ ਕੀਤੀ ਹੈ ਕਿ ਉਕਤ ਚਾਰ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਸਮਾਨ ਜੋ ਪੁਲਿਸ ਕਰਮਚਾਰੀ ਆਪਣੇ ਨਾਲ ਲੈ ਕੇ ਆਏ ਸਨ, ਵਾਪਸ ਲੈਣ ਦੀ ਮੰਗ ਕੀਤੀ ਹੈ।
ਪੁਲਿਸ ਖਿਲਾਫ਼ ਥਾਣੇ ਬਾਹਰ ਪ੍ਰਦਰਸ਼ਨ: ਇਸ ਸਬੰਧੀ ਮਜ਼ਦੂਰ ਯੂਨੀਅਨ ਦੇ ਆਗੂ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਇਸ ਘਟਨਾ ਦੇ ਰੋਸ ਵਿੱਚ ਥਾਣੇ ਅੱਗੇ ਧਰਨਾ ਲਗਾਇਆ ਹੋਇਆ ਹੈ। ਜੋ ਚਾਰ ਪੁਲਿਸ ਮੁਲਾਜ਼ਮ ਸੀਆਈਏ ਸਟਾਫ਼ ਦੇ ਮੁਲਾਜ਼ਮ ਹੋਣ ਦਾ ਦਾਅਵਾ ਕਰ ਰਹੇ ਸਨ, ਉਹ ਵੀ ਝੂਠ ਬੋਲ ਰਹੇ ਹਨ। ਉਨ੍ਹਾਂ ਨੂੰ ਸੀਆਈਏ ਸਟਾਫ਼ ਵਿੱਚ ਤਾਇਨਾਤ ਨਹੀਂ ਕੀਤਾ ਗਿਆ ਅਤੇ ਉਹ ਪੁਲਿਸ ਲਾਈਨ ਵਿੱਚ ਤਾਇਨਾਤ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਗਰੀਬ ਲੋਕਾਂ 'ਤੇ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਅਤੇ ਖਾਸ ਕਰਕੇ ਗਰਭਵਤੀ ਔਰਤ 'ਤੇ ਕੀਤੀ ਗਈ ਕੁੱਟਮਾਰ ਅਤਿ ਨਿੰਦਣਯੋਗ ਹੈ। ਉਥੇ ਹੀ ਉਨ੍ਹਾਂ ਪੁਲਿਸ ਵਿਭਾਗ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਚਾਰਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਐਸ.ਸੀ., ਐਸ.ਟੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਪੁਲਿਸ ਨੇ ਬੇਬੁਨਿਆਦ ਦੱਸੇ ਇਲਜ਼ਾਮ: ਇਸ ਪੂਰੇ ਮਾਮਲੇ 'ਤੇ ਥਾਣਾ ਸਿਟੀ 1 ਦੇ ਐਸ.ਐਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਇੱਕ ਪੁਲਿਸ ਕਾਂਸਟੇਬਲ ਆਪਣੀ ਬਾਈਕ 'ਤੇ ਸਵਾਰ ਹੋ ਕੇ ਸੰਘੇੜਾ ਰੋਡ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਦੋ ਬਾਈਕ ਸਵਾਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ, 19000 ਦੀ ਨਕਦੀ, ਇੱਕ ਮੋਬਾਈਲ ਫ਼ੋਨ ਅਤੇ ਇੱਕ ਚਾਂਦੀ ਦੀ ਚੇਨ ਖੋਹ ਕੇ ਲੈ ਗਏ ਸਨ। ਬੀਤੀ ਰਾਤ ਜਦੋਂ ਪੁਲਿਸ ਮੁਲਾਜ਼ਮ ਨਾਕੇ 'ਤੇ ਤਾਇਨਾਤ ਸਨ ਤਾਂ ਪੁਲਿਸ ਮੁਲਾਜ਼ਮਾਂ ਨੇ ਬਾਈਕ ਸਵਾਰ ਨੂੰ ਪਛਾਣ ਲਿਆ ਅਤੇ ਉਸ ਸਮੇਂ ਦੋ ਵਾਹਨਾਂ 'ਤੇ ਸਵਾਰ ਚਾਰ ਔਰਤਾਂ ਅਤੇ ਦੋ ਨੌਜਵਾਨ ਆ ਰਹੇ ਸਨ। ਜਿਸ ਤੋਂ ਬਾਅਦ ਦੋਵੇਂ ਨੌਜਵਾਨ ਫਰਾਰ ਹੋ ਗਏ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਔਰਤਾਂ ਤੋਂ ਪੁੱਛਿਆ ਗਿਆ ਕਿ ਫ਼ਰਾਰ ਹੋਏ ਨੌਜਵਾਨ ਦਾ ਘਰ ਕਿੱਥੇ ਹੈ ਅਤੇ ਪੁਲਿਸ ਮੁਲਾਜ਼ਮ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਘਰ ਦੀ ਸ਼ਨਾਖਤ ਕਰਨ ਗਏ ਸਨ। ਪੁਲਿਸ ਮੁਲਾਜ਼ਮਾਂ 'ਤੇ ਔਰਤਾਂ ਵੱਲੋਂ ਲਗਾਏ ਜਾ ਰਹੇ ਕੁੱਟਮਾਰ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ, ਜਦਕਿ ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ 'ਚ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਪੁਲਿਸ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ। ਪਰ ਅੱਜ ਥਾਣਾ ਸਿਟੀ-1 ਦੇ ਸਾਹਮਣੇ ਜੋ ਧਰਨਾ ਲਗਾਇਆ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਇਸ ਨਾਲ ਸਮਾਜ ਵਿਚ ਵੀ ਗਲਤ ਸੰਦੇਸ਼ ਜਾ ਰਿਹਾ ਹੈ।
- ਬਦਮਾਸ਼ ਸ਼ਰੇਆਮ ਕਰ ਰਹੇ ਸੀ ਵਿਅਕਤੀ ਤੋਂ ਲੁੱਟ, ਮਸੀਹਾ ਬਣ ਕੇ ਆਏ ਵਿਧਾਇਕ ਕਾਕਾ ਬਰਾੜ ਨੇ ਮੌਕੇ 'ਤੇ ਕੀਤਾ ਕਾਬੂ - MLA Kaka Brar caught the robber
- ਕਪੂਰਥਲਾ ਦੇ ਰੇਲ ਕੋਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਨਾਲ 300 ਤੋਂ 400 ਝੁੱਗੀਆਂ ਹੋਈਆਂ ਸੜ ਕੇ ਸੁਆਹ - Kapurthala slums were burnt
- ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਖੋਲ੍ਹੇ ਪੱਤੇ, ਇੰਨ੍ਹਾਂ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ - Lok Sabha Elections