ਲੁਧਿਆਣਾ: ਲੁਧਿਆਣਾ ਦੇ ਜਮਾਲਪੁਰ ਪਿੰਡ ਦੇ ਵਿੱਚ ਲੱਗੀ ਇੱਕ ਕੱਪੜੇ ਰੰਗਣ ਦੀ ਫੈਕਟਰੀ ਨੂੰ ਲੈ ਕੇ ਪਿੰਡ ਦੇ ਲੋਕ ਕਾਫੀ ਪਰੇਸ਼ਾਨ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇੱਕ ਸਾਲ ਤੋਂ ਫੈਕਟਰੀ ਲੱਗੀ ਹੋਈ ਹੈ ਅਤੇ ਉਹ ਲਗਾਤਾਰ ਇਸ ਖਿਲਾਫ਼ ਸ਼ਿਕਾਇਤਾਂ ਦੇ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ 'ਤੇ ਕਾਰਵਾਈ ਕਰਦੇ ਹੋਏ ਪਹਿਲਾਂ ਇਸ ਦਾ ਬਿਜਲੀ ਦਾ ਕੁਨੈਕਸ਼ਨ ਕੱਢ ਦਿੱਤਾ ਗਿਆ ਸੀ ਪਰ ਫੈਕਟਰੀ ਦੇ ਮਾਲਕ ਨੇ ਹੁਣ ਜਨਰੇਟਰ 'ਤੇ ਫੈਕਟਰੀ ਚਲਾਉਣੀ ਸ਼ੁਰੂ ਕਰ ਦਿੱਤੀ। ਪਿੰਡ ਦੇ ਵਾਸੀਆਂ ਨੇ ਕਿਹਾ ਹੈ ਕਿ ਪਹਿਲਾਂ ਪਾਣੀ ਸਿੱਧਾ ਜ਼ਮੀਨਾਂ ਦੇ ਵਿੱਚ ਪਾਇਆ ਜਾ ਰਿਹਾ ਸੀ। ਇਲਾਕੇ ਦੇ ਵਿੱਚ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇਸ ਫੈਕਟਰੀ 'ਤੇ ਮੁਕੰਮਲ ਪਾਬੰਦੀ ਲਗਾਉਣੀ ਚਾਹੀਦੀ ਹੈ।
ਏਡੀਸੀ ਨੇ ਜਾਂਚ ਦਾ ਦਿੱਤਾ ਭਰੋਸਾ
ਇਸੇ ਮੁੱਦੇ ਨੂੰ ਲੈ ਕੇ ਪਿੰਡ ਵਾਸੀ ਲੁਧਿਆਣਾ ਦੇ ਏਡੀਸੀ ਨੂੰ ਮਿਲੇ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਹਾਲਾਂਕਿ ਇਸ ਦੌਰਾਨ ਏਡੀਸੀ ਨੇ ਕੈਮਰੇ ਅੱਗੇ ਤਾਂ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਇਹ ਜਰੂਰ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਹਿਲਾਂ ਵੀ ਕਾਰਵਾਈ ਕਰਵਾਈ ਗਈ ਸੀ ਅਤੇ ਹੁਣ ਮੁੜ ਤੋਂ ਇਸ ਪੂਰੀ ਫੈਕਟਰੀ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਉਹ ਖੁਦ ਮੌਕਾ ਦੇਖਣਗੇ ਅਤੇ ਇਸ ਸਬੰਧੀ ਜਰੂਰੀ ਐਕਸ਼ਨ ਲੈਣਗੇ। ਹਾਲਾਂਕਿ ਉਹਨਾਂ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਵਾਈ ਸੀ ਤਾਂ ਪਤਾ ਲੱਗਾ ਹੈ ਕਿ ਇਹ ਇੰਡਸਟਰੀ ਇਲਾਕੇ ਦੇ ਵਿੱਚ ਆਉਂਦੀ ਹੈ ਜਦੋਂ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਚਕਾਰ ਇਹ ਫੈਕਟਰੀ ਲੱਗੀ ਹੋਈ ਹੈ।
ਏਡੀਸੀ ਨੇ 800 ਹਸਤਾਖਰ ਕਰਵਾਉਣ ਲਈ ਕਿਹਾ ਸੀ ਅਸੀਂ 900 ਕਰਵਾ ਕੇ ਦਿੱਤੇ
ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਪਹਿਲਾਂ ਡੇਅਰੀ ਸੀ, ਪਿੰਡ ਦੇ ਸਰਪੰਚ ਵੱਲੋਂ ਇਹ ਡੇਅਰੀ ਚਲਾਈ ਜਾ ਰਹੀ ਸੀ ਪਰ ਉਸ ਤੋਂ ਬਾਅਦ ਉਸਨੇ ਇਹ ਇਮਾਰਤ ਕਿਸੇ ਨੂੰ ਕਿਰਾਏ ਉੱਪਰ ਦੇ ਦਿੱਤੀ ਅਤੇ ਉਸ ਵਿਅਕਤੀ ਨੇ ਪਹਿਲਾਂ ਕਿਸੇ ਹੋਰ ਕੰਮ ਦੀ ਏਵਜ਼ ਦੇ ਵਿੱਚ ਕੱਪੜੇ ਰੰਗਣ ਦੀ ਫੈਕਟਰੀ ਲਗਾ ਦਿੱਤੀ। ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਇਸਦੀ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਨ ਪਰ ਸਾਨੂੰ ਉਹ ਲਗਾਤਾਰ ਧਮਕੀਆਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸਰਪੰਚ ਦਾ ਕਾਰਜਕਾਲ ਖ਼ਤਮ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਏਡੀਸੀ ਨੇ ਕਿਹਾ ਸੀ ਕਿ ਸਾਰੇ ਪਿੰਡ ਦੇ ਲੋਕਾਂ ਦੇ ਸਾਈਨ ਕਰਾ ਕੇ ਲੈ ਕੇ ਆਉਣ ਤਾਂ ਉਹਨਾਂ ਕਿਹਾ ਕਿ ਸਾਨੂੰ 800 ਹਸਤਾਖਰ ਕਰਵਾਉਣ ਲਈ ਕਿਹਾ ਗਿਆ ਸੀ ਅਸੀਂ 900 ਹਸਤਾਖਰ ਪਿੰਡ ਦੇ ਲੋਕਾਂ ਤੋਂ ਕਰਵਾਏ ਹਨ।