ਫਾਜ਼ਿਲਕਾ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪੰਜਾਬ ਦੇ ਸਿਹਤ ਵਿਭਾਗ ਦੀਆਂ ਸਹੂਲਤਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ 'ਤੇ ਇਕ ਵਿਅਕਤੀ ਆਪਣੇ ਮਰੀਜ਼ ਪਿਤਾ ਨੂੰ ਹਸਪਤਾਲ ਤੋਂ ਰੇਹੜੀ 'ਤੇ ਲਿਟਾ ਕੇ ਘਰ ਲੈ ਗਿਆ। ਇਸ ਸਬੰਧੀ ਵੀਡੀਓ ਵੀ ਖੂਬ ਚੱਲ ਰਹੀ ਹੈ ਜਿਸ ਦੇ ਚੱਲਦੇ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵੀ ਆਇਆ ਹੈ।
ਪਿਤਾ ਦਾ ਚੂਕਨਾ ਟੁੱਟ ਗਿਆ ਸੀ, ਤਾਂ ਸਰਕਾਰੀ ਹਸਪਤਾਲ ਲਿਆਂਦਾ ਸੀ। ਇੱਥੇ ਇਲਾਜ ਮੁਫ਼ਤ ਹੋਇਆ। ਹੁਣ ਹਸਪਤਾਲ ਚੋਂ ਛੁੱਟੀ ਮਿਲੀ ਹੈ, ਪਰ ਘਰ ਲਿਜਾਣ ਲਈ ਸਰਕਾਰੀ ਐਂਬੂਲੈਂਸ ਨਹੀਂ ਮਿਲੀ। ਡਾਕਟਰ ਨੇ ਕਿਹਾ ਕਿ ਬਾਹਰੋਂ ਐਂਬੂਲੈਂਸ ਮੰਗਵਾ ਲਓ, ਪਰ ਗਰੀਬ ਬੰਦੇ ਹਾਂ, ਪੈਸੇ ਨਹੀਂ ਹਨ। ਇਹ ਰੇਹੜੀ ਮੇਰੀ ਹੈ ਤੇ ਇਸ ਵਿੱਚ ਲੈ ਕੇ ਘਰ ਜਾ ਰਿਹਾ ਹਾਂ। ਮੈਂ ਸਬਜ਼ੀਆਂ ਵੇਚਣ ਦਾ ਕੰਮ ਕਰਦਾ ਹਾਂ। - ਪ੍ਰੇਮ ਕੁਮਾਰ, ਮਰੀਜ ਦਾ ਪਿਤਾ
ਹਸਪਤਾਲ ਨੇ ਕਿਹਾ- ਨਿੱਜੀ ਐਂਬੂਲੈਂਸ ਮੰਗਵਾਓ: ਸਰਕਾਰੀ ਐਬੂਲੈਂਸ ਨਾ ਮਿਲਣ ਦੇ ਚੱਲਦਿਆਂ ਇੱਕ ਮਜ਼ਬੂਰ ਪੁੱਤ ਆਪਣੇ ਪਿਤਾ ਨੂੰ ਰੇਹੜੀ ਉੱਤੇ ਹਸਪਤਾਲ ਚੋਂ ਛੁੱਟੀ ਕਰਵਾ ਕੇ ਘਰ ਲਿਜਾਣ ਲਈ ਮਜਬੂਰ ਹੋ ਗਿਆ। ਉਸ ਨੇ ਦੱਸਿਆ ਕਿ ਪਿਤਾ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਤਾਂ ਮੁਫਤ ਹੋਇਆ, ਪਰ ਛੁੱਟੀ ਵੇਲ੍ਹੇ ਸਰਕਾਰੀ ਹਸਪਤਾਲ ਨੇ ਐਂਬੂਲੈਂਸ ਸਹਾਇਤਾ ਨਹੀਂ ਦਿੱਤੀ। ਉਸ ਨੂੰ ਕਿਹਾ ਗਿਆ ਕਿ ਉਹ ਬਾਹਰੋਂ ਐਂਬੂਲੈਂਸ ਮੰਗਵਾ ਕੇ ਪਿਤਾ ਨੂੰ ਘਰ ਲੈ ਜਾਵੇ। ਜਦੋਂ ਉਸ ਨੂੰ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬਾਰੇ ਪਤਾ ਕੀਤਾ ਤਾਂ ਉਸ ਵਲੋਂ 400 ਰੁਪਏ ਮੰਗੇ ਗਏ। ਮਜਬੂਰ ਪੁੱਤ ਨੇ ਦੱਸਿਆ ਕਿ ਉਸ ਕੋਲ ਅਦਾ ਕਰਨ ਲਈ 400 ਰੁਪਏ ਨਹੀਂ ਸੀ, ਤਾਂ ਆਖਿਰ ਉਸ ਨੇ ਆਪਣੀ ਸਬਜ਼ੀ ਵਾਲੀ ਰੇਹੜੀ ਉੱਤੇ ਲਿਟਾ ਕੇ ਪਿਤਾ ਨੂੰ ਹਸਪਤਾਲ ਚੋਂ ਛੁੱਟੀ ਕਰਵਾ ਕੇ ਘਰ ਵਾਪਸ ਲੈ ਕੇ ਆਇਆ।
ਘਰ ਵਿੱਚ ਡਿਗਣ ਕਾਰਨ ਲੱਗੀ ਸੱਟ: ਪਿੰਡ ਝੀਵੜਾ ਵਾਸੀ ਪ੍ਰਵਾਸੀ ਮਰੀਜ ਦੇ ਪੁੱਤਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੇ ਪਿਤਾ ਘਰ ਵਿੱਚ ਡਿੱਗ ਪਏ ਸੀ ਜਿਸ ਕਰਕੇ ਉਨ੍ਹਾਂ ਦੇ ਕੁਲਹੇ ਦੀ ਹੱਡੀ ਟੁੱਟ ਗਈ ਸੀl ਇਸ ਦੇ ਚੱਲਦੇ ਹੀ, ਉਹ ਪਿਤਾ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਕੇ ਆਇਆ ਸੀ। ਇਸ ਹਸਪਤਾਲ ਵਿੱਚ ਪਿਤਾ ਦਾ ਇਲਾਜ ਹੋਇਆ, ਪਰ ਹਸਪਤਾਲ ਚੋਂ ਛੁੱਟੀ ਮਿਲਣ ਉੱਤੇ ਘਰ ਵਾਪਸ ਲੈ ਜਾਣ ਲੱਗੇ ਬਹੁਤ ਮੁਸ਼ਕਲ ਆਈ।
ਮਾਮਲੇ ਦੀ ਹੋਵੇਗੀ ਜਾਂਚ: ਇਸ ਬਾਬਤ ਜਦੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੂੰ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਦੇ ਜ਼ਰੀਏ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਹਸਪਤਾਲ ਦੇ ਐਸਐਮਓ ਦੇ ਨਾਲ ਗੱਲਬਾਤ ਕਰ ਕੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।