ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਮੁਸਤੈਦੀ ਦਿਖਾਉਂਦੇ ਹੋਏ ਰੇਲਵੇ ਪੁਲਿਸ ਨੇ ਸਰਚ ਅਭਿਆਨ ਦੌਰਾਨ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ, ਜਿਸ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ 2 ਦੇਸੀ ਕੱਟੇ ਅਤੇ 6 ਕਾਰਤੂਸ ਬਰਾਮਦ ਹੋਏ ਹਨ। ਫੜ੍ਹਿਆ ਗਿਆ ਮੁਲਜ਼ਮ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਜਿਸ ਦੇ ਖਿਲਾਫ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦੇਖ ਕੇ ਭੱਜਣ ਦੀ ਕੀਤੀ ਸੀ ਕੋਸ਼ਿਸ਼
ਪੁਲਿਸ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਕੰਮ ਪਹਿਲਾਂ ਵੀ ਕੀਤਾ ਹੈ ਜਾਂ ਪਹਿਲੀ ਵਾਰ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਚੈਕਿੰਗ ਦੌਰਾਨ ਉਸ ਨੇ ਇਕ ਵਿਅਕਤੀ ਨੂੰ ਆਉਂਦਾ ਦੇਖਿਆ, ਜਦੋਂ ਅਸੀਂ ਉਸ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਿਸ ਤੋਂ ਡਰ ਕੇ ਭੱਜਣ ਲੱਗਾ। ਜਿਸ ਕਾਰਨ ਰੇਲਵੇ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕਰਨ ਤੋਂ ਬਾਅਦ ਜਦੋਂ ਉਸ ਵਿਅਕਤੀ ਦੇ ਬੈਗਾਂ ਦੀ ਚੈਕਿੰਗ ਕੀਤੀ ਤਾਂ ਉਸ ਵਿੱਚ ਦੋ ਦੇਸੀ ਕੱਟੇ ਸਨ ਅਤੇ ਇਸ ਦੇ ਨਾਲ ਹੀ 6 ਕਾਰਤੂਸ ਬਰਾਮਦ ਹੋਏ ਹਨ। ਜਿਸ ਨੂੰ ਦੇਖ ਕੇ ਪੁਲਿਸ ਹੈਰਾਨ ਰਹਿ ਗਈ।
ਬਾਰੀਕੀ ਨਾਲ ਕੀਤੀ ਜਾ ਰਹੀ ਜਾਂਚ
ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਪੈਸੇ ਦੇ ਕੇ ਕੁਰੀਅਰ ਦੀ ਤਰ੍ਹਾਂ ਵਰਤਿਆ ਹੈ। ਉਸ ਦੇ ਇਸ ਬਿਆਨ ਤੋਂ ਪੁਲਿਸ ਵੱਲੋਂ ਇਸ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸ਼ਖ਼ਸ ਨੇ ਹਥਿਆਰ ਪਹਿਲਾਂ ਵੀ ਕਿਸੇ ਨੂੰ ਦਿੱਤੇ ਸਨ ਜਾਂ ਨਹੀਂ। ਪੁਲਿਸ ਮੁਤਾਬਿਕ ਮਾਮਲੇ ਦੀ ਤਹਿ ਤੱਕ ਪੜਤਾਲ ਕੀਤੀ ਜਾਵੇਗੀ।