ਮਾਨਸਾ: ਜ਼ਿਲ੍ਹੇ ਦੇ ਸੱਭਿਆਚਾਰਕ ਗਾਇਕ ਪਾਲ ਸਿੰਘ ਸਮਾਉਂ ਵੱਲੋਂ ਪਿਛਲੇ ਸਾਲ ਤੋਂ ਸੁਖਨਾ ਸੁਖੀ ਗਈ ਸੀ ਕਿ ਜਦੋਂ ਤੱਕ ਸਿੱਧੂ ਮੂਸੇ ਵਾਲਾ ਦੇ ਘਰ ਖੁਸ਼ੀਆਂ ਨਹੀਂ ਆ ਜਾਂਦੀਆਂ, ਉਦੋਂ ਤੱਕ ਉਹ ਪੈਰਾਂ ਵਿੱਚ ਜੁੱਤੀ ਨਹੀਂ ਪਾਉਣਗੇ। ਹੁਣ ਛੋਟੇ ਸਿੱਧੂ ਸੁਖਦੀਪ ਸਿੰਘ ਸਿੱਧੂ ਦੇ ਜਨਮ ਤੋਂ ਬਾਅਦ ਮਾਨਸਾ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਜਿੱਤੇ ਲਗਾਤਾਰ ਸ਼ੁਕਰਾਨੇ ਵਜੋਂ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।
ਕੀ ਸੀ ਮੰਨਤ: ਦਰਅਸਲ, ਸੱਭਿਆਚਾਰਕ ਗਾਇਕ ਪਾਲ ਸਿੰਘ ਸਮਾਉਂ ਵੱਲੋਂ ਜੂਨ 2023 ਵਿੱਚ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ਸੁਖਨਾ ਸੁਖੀ ਸੀ ਕਿ ਜਦੋਂ ਤੱਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵਿੱਚ ਖੁਸ਼ੀਆਂ ਨਹੀਂ ਆ ਜਾਂਦੀਆਂ ਉਦੋਂ ਤੱਕ ਉਹ ਪੈਰਾਂ ਵਿੱਚ ਜੁੱਤੀ ਨਹੀਂ ਪਹੁੰਚਣਗੇ। ਹੁਣ ਜਦੋਂ ਸਿੱਧੂ ਮੂਸੇ ਵਾਲਾ ਦੇ ਘਰ ਉਨ੍ਹਾਂ ਦੇ ਛੋਟੇ ਭਰਾ ਨੇ ਜਨਮ ਲੈ ਲਿਆ ਹੈ, ਤਾਂ ਪਾਲ ਸਿੰਘ ਸਮਾਉਂ ਵੱਲੋਂ ਆਪਣੇ ਪਿੰਡ ਵਿੱਚ ਵਾਹਿਗੁਰੂ ਦੇ ਸ਼ੁਕਰਾਨੇ ਲਈ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ਾਮਿਲ ਹੋਏ ਅਤੇ ਉਨਾਂ ਨੇ ਪਾਲ ਸਿੰਘ ਸਮਾਉਣ ਦੇ ਜਿੱਥੇ ਸ਼ਲਾਘਾ ਕੀਤੀ ਗਈ।
ਪੂਰੇ ਮਾਨਸਾ ਵਿੱਚ ਖੁਸ਼ੀ ਦਾ ਮਾਹੌਲ: ਉੱਥੇ ਹੀ, ਪਾਲ ਸਿੰਘ ਸਮਾਉਂ ਨੂੰ ਪੈਰਾਂ ਵਿੱਚ ਜੁੱਤੀ ਵੀ ਪਹਿਨਾਈ ਗਈ। ਇਸ ਦੌਰਾਨ ਪਾਲ ਸਿੰਘ ਸਮਾਉਂ ਨੇ ਕਿਹਾ ਕਿ ਜੇਕਰ ਵਾਹਿਗੁਰੂ ਅੱਗੇ ਸੱਚੇ ਦਿਲੋਂ ਅਰਦਾਸ ਕਰਕੇ ਕੋਈ ਮੰਨਤ ਮੰਗਾਂਗੇ, ਤਾਂ ਵਾਹਿਗੁਰੂ ਜ਼ਰੂਰ ਪੂਰੀ ਕਰਦਾ ਹੈ ਜਿਸ ਦੇ ਬਦਲੇ ਅੱਜ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਝੋਲੀ ਵਿੱਚ ਛੋਟਾ ਵੀਰ ਪਾਇਆ ਹੈ ਅਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਫਿਰ ਤੋਂ ਆਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੂਰੀ ਦੁਨੀਆ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵਿੱਚ ਖੁਸ਼ੀ ਆਉਣ ਉੱਤੇ ਖੁਸ਼ੀ ਮਨਾ ਰਹੇ ਹਨ, ਉਥੇ ਹੀ ਅਸੀਂ ਕਾਮਨਾ ਕਰਦੇ ਹਾਂ ਕਿ ਛੋਟਾ ਵੀਰ ਵੀ ਸਿੱਧੂ ਮੂਸੇਵਾਲਾ ਵਾਂਗ ਦੁਨੀਆਂ ਉੱਤੇ ਨਾਮ ਰੌਸ਼ਨ ਕਰੇ।
ਜ਼ਿਕਰਯੋਗ ਹੈ ਕਿ ਸਾਲ 2022 'ਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਜਿਹੇ 'ਚ ਉਸ ਦੇ ਮਾਤਾ-ਪਿਤਾ ਨੇ ਪਰਿਵਾਰ ਦੇ ਵਾਰਸ ਦੀ ਖ਼ਾਤਰ ਆਈਵੀਐੱਫ ਤਕਨੀਕ ਰਾਹੀਂ ਗਰਭ ਧਾਰਨ ਕਰਨ ਦਾ ਫ਼ੈਸਲਾ ਕੀਤਾ ਸੀ। ਜਿਵੇਂ ਹੀ ਸਿੱਧੂ ਦੇ ਭਰਾ ਦੇ ਜਨਮ ਦੀ ਖਬਰ ਸਾਹਮਣੇ ਆਈ ਤਾਂ ਮੂਸੇਵਾਲਾ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ।