ਅੰਮ੍ਰਿਤਸਰ: ਥਾਣਾ ਬੀ ਡਵੀਜ਼ਨ ਅਧੀਨ ਆਉਦੇ ਇਲਾਕਾ ਸੁਲਤਾਨਵਿੰਡ ਗੇਟ ਰੋਡ ਦਾ ਹੈ, ਜਿੱਥੇ ਅੱਜ ਦੋ ਧਿਰਾਂ ਵਿਚਾਲੇ ਹੋ ਰਹੇ ਝਗੜੇ ਦੌਰਾਨ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕੁਝ ਦਿਨ ਪਹਿਲੇ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਵਿੱਚ ਕਾਫੀ ਬਹਿਸ ਹੋਈ ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਦੇਰ ਰਾਤ ਇਨ੍ਹਾਂ ਨੌਜਵਾਨਾਂ ਵੱਲੋਂ ਦੂਜੀ ਧਿਰ ਦੇ ਇੱਕ ਨੌਜਵਾਨ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਚੱਲਦੇ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ।
ਮਾਮੂਲੀ ਗੱਲ ਪਿੱਛੇ ਖੂਨੀ ਝੜਪ: ਸੂਚਨਾ ਮਿਲਣ ਉੱਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੀ। ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਬੀ ਡਿਵੀਜ਼ਨ ਦੇ ਅਧੀਨ ਸੁਲਤਾਨਵਿੰਡ ਗੇਟ ਵਿਖੇ ਦੇਹਰਾਤ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀ ਚਲਾ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਮਨਜੀਤ ਸਿੰਘ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਉਸ ਦੀ ਪਿੱਠ ਵਿੱਚ ਗੋਲੀ ਵੱਜੀ ਸੀ।
ਮੁੰਡੇ ਛੱਤ ਉੱਤੇ ਪਤੰਗ ਉਡਾ ਰਹੇ ਸੀ। ਇੱਕ-ਦੂਜੇ ਦੀ ਪਤੰਗ ਕੱਟਣ ਉੱਤੇ ਬਹਿਸਬਾਜ਼ੀ ਹੋਈ। ਮੈਨੂੰ ਨਹੀਂ ਪਤਾ, ਕਦੋਂ ਗੁੱਡੀਆਂ ਪਿੱਛੇ ਇੰਨੀ ਲੜਾਈ ਵਧੀ ਕਿ ਮੇਰੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਮੇਰਾ ਪੁੱਤ ਦੁਨੀਆਂ ਉੱਤੇ ਨਹੀਂ ਰਿਹਾ, ਦੱਸੋ ਮੈਂ ਕੀ ਕਰਾਂ। - ਮ੍ਰਿਤਕ ਨੌਜਵਾਨ ਦੀ ਮਾਂ
ਮਾਮਲੇ ਦੀ ਜਾਂਚ ਜਾਰੀ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉੱਥੇ ਹੀ, ਮ੍ਰਿਤਕ ਹਰਮਨਜੀਤ ਸਿੰਘ ਦੀ ਮਾਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਸੀ। ਸਿਰਫ ਪਿਛਲੇ ਦਿਨੀ ਪਤੰਗਬਾਜ਼ੀ ਨੂੰ ਲੈ ਕੇ ਨਾਲ ਦੀ ਗਲੀ ਦੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ ਸੀ ਜਿਸ ਦੇ ਚੱਲਦੇ, ਐਤਵਾਰ ਨੂੰ ਉਨ੍ਹਾਂ ਵੱਲੋਂ ਦੇਰ ਰਾਤ ਉਨ੍ਹਾਂ ਦੇ ਮੁੰਡੇ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੇ ਚੱਲਦੇ ਉਸ ਦੀ ਮੌਤ ਹੋ ਗਈ। ਉੱਥੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।