ਲੁਧਿਆਣਾ: ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਤਹਿਤ ਬੀਤੇ ਦਿਨ ਤੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ 14 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ 10 ਤਰੀਕ ਨੂੰ ਵੀ ਨਾਮਜ਼ਦਗੀਆਂ ਉਮੀਦਵਾਰ ਭਰ ਸਕਦੇ ਹਨ, ਜਦਕਿ 11 ਤੇ 12 ਨੂੰ ਛੁੱਟੀ ਰਹੇਗੀ। ਇਸ ਨੂੰ ਲੈ ਕੇ ਲੁਧਿਆਣਾ ਦੀ ਮੁੱਖ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀ ਹਦਾਇਤ: ਉਹਨਾਂ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਪੰਜ ਤੋਂ ਵੱਧ ਉਮੀਦਵਾਰ ਨੂੰ ਮਿਲਾ ਕੇ ਕੋਈ ਵੀ ਦਫਤਰ ਦੇ ਅੰਦਰ ਦਾਖਿਲ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ 100 ਮੀਟਰ ਦੇ ਦਾਇਰੇ ਤੱਕ ਸਿਰਫ ਤਿੰਨ ਗੱਡੀਆਂ ਦੇ ਆਉਣ ਦੀ ਹੀ ਇਜਾਜ਼ਤ ਹੈ, 100 ਮੀਟਰ ਤੋਂ ਅੰਦਰ ਕੋਈ ਗੱਡੀ ਨਹੀਂ ਆਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੋਣਾਂ ਨੂੰ ਸੁਖਾਲੇ ਢੰਗ ਦੇ ਨਾਲ ਨੇਪਰੇ ਚੜਾਉਣ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੀ ਉਹਨਾਂ ਨੇ ਵਚਨਬੱਧਤਾ ਦੁਹਰਾਈ ਹੈ। ਹਰ ਬੂਥ 'ਤੇ ਬਜ਼ੁਰਗਾਂ ਅਤੇ ਅੰਗਹੀਣਾਂ ਦੇ ਲਈ ਲੈ ਕੇ ਆਉਣ ਅਤੇ ਛੱਡ ਕੇ ਆਉਣ ਦੀ ਸੁਵਿਧਾ ਤੇ ਨਿੰਬੂ ਪਾਣੀ ਦੀ ਸੁਵਿਧਾ ਵੀ ਰਹੇਗੀ।
ਸੁਰੱਖਿਆ ਨੂੰ ਲੈਕੇ ਕੀਤੇ ਪੁਖਤਾ ਪ੍ਰਬੰਧ: ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਵਿਸ਼ੇਸ਼ ਤੌਰ 'ਤੇ ਦੋ ਆਈਆਰਐਸ ਅਫਸਰਾਂ ਦੀ ਡਿਊਟੀ ਵੀ ਲਗਾਈ ਗਈ ਹੈ। ਸੁਰੱਖਿਆ ਦੇ ਤੌਰ 'ਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ 70 ਟੁਕੜੀਆਂ ਦੀ ਮੰਗ ਕੀਤੀ ਗਈ ਸੀ, ਤਿੰਨ ਟੁਕੜੀਆਂ ਉਹਨਾਂ ਕਿਹਾ ਕਿ ਸਾਡੇ ਕੋਲ ਪਹੁੰਚ ਚੁੱਕੀਆਂ ਹਨ। ਇਸ ਤੋਂ ਪਹਿਲਾਂ ਵੀ ਅਸੀਂ ਨਾਕੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਤੱਕ ਚਾਰ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਿਨਾਂ ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਸੀ। ਉਹਨਾਂ ਕਿਹਾ ਕਿ ਅਸੀਂ ਮੋਨੀਟਰਿੰਗ ਕਰ ਰਹੇ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੋਣ ਜਾਬਤੇ ਦੀ ਜਾਂ ਫਿਰ ਕਿਸੇ ਵੀ ਚੋਣ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੇ ਇਲਾਕੇ ਖਰਚੇ ਦੇ ਤੌਰ 'ਤੇ ਸੈਂਸਟਿਵ ਬਣਾਏ ਗਏ ਹਨ, ਉਹਨਾਂ ਉੱਤੇ ਅਸੀਂ ਵਿਸ਼ੇਸ਼ ਤੌਰ 'ਤੇ ਨਜ਼ਰ ਰੱਖਾਂਗੇ।
ਉਮੀਦਵਾਰ ਦੇ ਸਿਰ ਪਵੇਗਾ ਪ੍ਰਚਾਰ ਦਾ ਖਰਚ: ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ ਇਕ ਕਰੋੜ ਰੁਪਏ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਖਰਚੇ ਦੇ ਵਿੱਚ ਜੋੜਿਆ ਜਾ ਚੁੱਕਾ ਹੈ, ਕਿਉਂਕਿ ਨਾਮਜ਼ਦਗੀ ਭਰਨ ਤੋਂ ਪਹਿਲਾਂ ਖਰਚਾ ਰਾਜਨੀਤਿਕ ਪਾਰਟੀ ਦੇ ਸਿਰ 'ਤੇ ਹੁੰਦਾ ਹੈ, ਜਦੋਂ ਕਿ ਨਾਮਜ਼ਦਗੀ ਤੋਂ ਬਾਅਦ ਇਹ ਖਰਚਾ ਉਮੀਦਵਾਰ ਦੇ ਸਿਰ 'ਤੇ ਪੈਂਦਾ ਹੈ। ਇਸ ਤੋਂ ਬਾਅਦ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੋਣ ਪ੍ਰਚਾਰ ਰੈਲੀ ਜਾਂ ਫਿਰ ਰੋਡ ਸ਼ੋਅ ਹੋਵੇਗਾ, ਉਸ ਦਾ ਖਰਚਾ ਉਮੀਦਵਾਰ ਦੇ ਖਰਚੇ ਦੇ ਵਿੱਚ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਖਾਸ ਤੌਰ 'ਤੇ ਸਾਰੇ ਉਮੀਦਵਾਰਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਬ ਆਦਿ ਦੀ ਵੰਡ ਦੇ ਨਾਲ ਵੋਟਰਾਂ ਨੂੰ ਲੁਭਾਇਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਤਿੰਨ ਸੰਵੇਦਨਸ਼ੀਲ ਵਿਧਾਨ ਸਭਾ ਹਲਕੇ, ਜਿੰਨਾਂ ਦੇ ਵਿੱਚ ਵਿਧਾਨ ਸਭਾ ਹਲਕਾ ਗਿੱਲ, ਆਤਮ ਨਗਰ ਸ਼ਾਮਿਲ ਹਨ।