ਬਠਿੰਡਾ: ਲੋਹੜੀ ਦਾ ਤਿਉਹਾਰ ਜਿੱਥੇ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਅੱਜ ਬਠਿੰਡਾ ਦੇ ਮਿੰਨੀ ਸੈਕਟਰੀਏਟ ਬਾਹਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਖੇਤੀ ਵਾਲੇ ਡਰਾਫਟ ਦੀਆਂ ਕਾਪੀਆਂ ਸਾੜੀਆਂ ਗਈਆਂ।
ਲੁਕਵੇਂ ਢੰਗ ਨਾਲ ਤਿੰਨੇ ਖੇਤੀਬਾੜੀ ਬਿੱਲ ਲਾਗੂ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼
ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਤਿੰਨ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਾਉਣ ਲਈ ਕਿਸਾਨ ਅੰਦੋਲਨ ਹੋਇਆ ਅਤੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਬਿੱਲ ਵਾਪਸ ਲਏ ਗਏ, ਹੁਣ ਲੁਕਵੇਂ ਢੰਗ ਨਾਲ ਇਹ ਤਿੰਨੋਂ ਖੇਤੀਬਾੜੀ ਬਿੱਲ ਸੂਬਾ ਸਰਕਾਰਾਂ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
'ਸਰਕਾਰੀ ਦੀਆਂ ਨੀਤੀਆਂ ਨੂੰ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਹੋਣ ਦੇਵਾਂਗੇ'
ਕਿਸਾਨਾਂ ਦਾ ਕਹਿਣਾ ਹੈ ਕਿ ਕਾਲੇ ਕਾਨੂੰਨਾਂ ਦਾ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ ਗਿਆ ਹੈ ਪਰ ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਨੂੰ ਕਿਸੇ ਵੀ ਹਲਾਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸਾਨ ਮਾਰੂ ਇਸ ਖਰੜੇ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਲੁਕਵੇਂ ਢੰਗ ਨਾਲ ਤਿੰਨ ਖੇਤੀਬਾੜੀ ਬਿੱਲਾਂ ਨੂੰ ਲਾਗੂ ਕਰਨ ਲਈ ਬਜਿੱਦ ਹੈ ਅਤੇ ਇਸ ਸਾਜ਼ਿਸ਼ ਵਿੱਚ ਉਸ ਵੱਲੋਂ ਹੁਣ ਸੂਬਾ ਸਰਕਾਰਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।
ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀਬਾੜੀ ਖਰੜਾ ਲਾਗੂ ਕਰਨ ਦਾ ਅਧਿਕਾਰ ਸਿਰਫ ਸੂਬਾ ਸਰਕਾਰ ਕੋਲ ਹੈ ਪਰ ਲਾਗੂ ਕੇਂਦਰ ਸਰਕਾਰ ਕਰਵਾਉਣ ਲੱਗੀ ਪਈ ਹੈ। ਜਿਸ ਤੋਂ ਸਾਫ ਜਾਹਿਰ ਹੈ ਕਿ ਕੇਂਦਰ ਹਰ ਹਾਲਤ ਵਿੱਚ ਤਿੰਨ ਖੇਤੀਬਾੜੀ ਬਿੱਲ ਦੁਬਾਰਾ ਲਾਗੂ ਕਰਨਾ ਚਾਹੁੰਦੀ ਹੈ ਪਰ ਕਿਸਾਨਾਂ ਵੱਲੋਂ ਇਹ ਬਿੱਲ ਕਿਸੇ ਵੀ ਹਾਲਾਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ, ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਕੇ ਇਹ ਖਰੜੇ ਵਾਪਸ ਕਰਵਾਏ ਜਾਣਗੇ। ਇਸ ਮੌਕੇ ਕਿਸਾਨਾਂ ਵੱਲੋਂ ਬਠਿੰਡਾ ਦੇ ਮਿਨੀ ਸੈਕਟਰੀਏਟ ਦੇ ਬਾਹਰ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਖਰੜੇ ਦੀਆਂ ਕਾਪੀਆਂ ਨੂੰ ਅੱਗ ਲਗਾਈ ਗਈ।