ਲੁਧਿਆਣਾ: ਪੰਜਾਬ ਦੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਫ.ਆਈ.ਆਰ ਦਰਜ ਕੀਤੀ ਹੈ। ਦਰਅਸਲ ਪੁਲਿਸ ਨੇ ਐਨ.ਆਰ.ਆਈ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਗੁਰਪ੍ਰੀਤ ਕੌਰ ਅਤੇ ਉਸ ਦੇ ਸਾਥੀਆਂ ਸਮੇਤ 7 ਖਿਲਾਫ ਇਹ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਸੁਧਾਰ ਦੀ ਪੁਲਿਸ ਨੇ ਲੁਧਿਆਣਾ ਦੇ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਹੈ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਉਹਨਾਂ ਨੇ ਬਜ਼ੁਰਗ ਪ੍ਰਵਾਸੀ ਨਛੱਤਰ ਸਿੰਘ ਦੇ ਘਰ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਸਾਥੀਆਂ ਸਣੇ ਫਰਾਰ ਵਿਧਾਇਕ ਦੀ ਸਾਬਕਾ ਪਤਨੀ
ਇਸ ਸਬੰਧੀ ਮਿਲੀ ਜਿਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਾਬਕਾ ਪਤਨੀ ਗੁਰਪ੍ਰੀਤ ਕੌਰ ਗੁਰੀ ਸਮੇਤ 7 ਮੁਲਜ਼ਮ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ।
ਬਜ਼ੁਰਗ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਸੀ
ਜ਼ਿਕਰਯੋਗ ਹੈ ਕਿ ਬੀਤੀ 20 ਅਗਸਤ ਨੂੰ ਗੁਰਪ੍ਰੀਤ ਕੌਰ ਗੁਰੀ ਨੇ ਉਕਤ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਖ਼ਿਲਾਫ਼ ਸਰੀਰਕ ਛੇੜਛਾੜ ਦਾ ਕੇਸ ਵੀ ਦਰਜ ਕਰਵਾਇਆ ਸੀ। ਹਾਲਾਂਕਿ ਇਸ ਮਾਮਲੇ ਵਿੱਚ ਐਨਆਰਆਈ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ । ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਜਗਪਾਲ ਨੇ ਕੈਨੇਡਾ ਦੇ ਮਿਸੀਸਾਗਾ ਤੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਮੁਖੀ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਈਮੇਲ ਭੇਜ ਕੇ ਮਕਾਨ 'ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਸੀ ਪੂਰਾ ਮਾਮਲਾ
ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਵਿਧਾਇਕ ਪਠਾਣ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਨਾਲ ਪਰਿਵਾਰਕ ਸਬੰਧ ਹੋਣ ਕਾਰਨ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਨੇ ਸੁਧਾਰ ਦੇ ਘੁਮਾਣ ਚੌਕ ਸਥਿਤ ਕਰੋੜਾਂ ਰੁਪਏ ਦੇ ਮਕਾਨ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁਲਜ਼ਮਾਂ ਨੇ ਮਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਦੱਸ ਦੇਈਏ ਕਿ ਇਸ ਮਾਮਲੇ 'ਚ ਵਿਧਾਇਕ ਪਠਾਣ ਮਾਜਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਗੁਰਪ੍ਰੀਤ ਕੌਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।
ਐਨਆਰਆਈ ਦੀ ਕੋਠੀ 'ਤੇ ਕਬਜ਼ਾ ਕਰਨ 'ਚ ਪਹਿਲਾਂ ਵੀ ਫਸੀ ਆਪ ਵਿਧਾਇਕਾ
ਜ਼ਿਕਰਯੋਗ ਹੈ ਕਿ ਆਪ ਦੇ ਕਿਸੇ ਵਿਧਾਇਕ ਵੱਲੋਂ ਅਜਿਹਾ ਕਾਂਡ ਕਰਨ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ‘ਤੇ ਵੀ ਇੱਕ ਐਨਆਰਆਈ ਔਰਤ ਨੇ ਕੋਠੀ ‘ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਸਨ। ਜਿਸ ਤੋਂ ਬਾਅਦ ਪਾਰਟੀ ਵੱਲੋਂ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਵਿਧਾਇਕਾ ਕੋਲੋਂ ਕੋਠੀ ਖਾਲੀ ਕਰਵਾਈ ਗਈ।