ਹੈਦਰਾਬਾਦ ਡੈਸਕ: ਕੰਡਕਟਰਾਂ ਅਤੇ ਡਰਾਈਵਰਾਂ ਲਈ ਸਮੇਂ-ਸਮੇਂ 'ਤੇ ਰੂਲ ਬਦਲੇ ਜਾਂਦੇ ਹਨ। ਹੁਣ ਪੀਆਰਟੀਸੀ ਵੱਲੋਂ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੇ ਮੁਤਾਬਿਕ ਹੁਣ ਪੀਆਰਟੀਸੀ ਦੇ ਕੰਡਕਟਰ ਡਰਾਈਵਰ ਨਾਲ ਅੱਗੇ ਦੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿੱਛੇ ਤਾਕੀ ਕੋਲ ਸੀਟ ‘ਤੇ ਬੈਠਣਾ ਹੋਵੇਗਾ।
ਕਿਉਂ ਜਾਰੀ ਕੀਤੇ ਨਵੇਂ ਹੁਕਮ
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ ਕਿ ਪੀਆਰਟੀਸੀ ਦੇ ਕੰਡਕਟਰ ਬੱਸਾਂ ਵਿਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਕੀਤੀ ਗਈ ਸੀਟ ‘ਤੇ ਨਹੀਂ ਬੈਠਦੇ। ਇਸ ਦੀ ਬਜਾਏ ਕੰਡਕਟਰ ਬੱਸ ਦੀ ਇਕ ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ ‘ਤੇ ਬੈਠ ਜਾਂਦੇ ਹਨ। ਇਸ ਕਰਕੇ ਕੰਡਕਟਰਾਂ ਵੱਲੋਂ ਸਵਾਰੀਆਂ ਦੇ ਬੱਸਾਂ ਵਿੱਚ ਉਤਰਨ ਜਾਂ ਚੜ੍ਹਣ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਹੈ। ਇਸ ਕਰਕੇ ਹਾਦਸਾ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਹੁਕਮ ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਇਸ ਸਬੰਧੀ ਮੁੱਖ ਦਫ਼ਤਰ ਵਲੋਂ ਪਹਿਲਾਂ ਵੀ ਹੁਕਮਾਂ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਕੰਡਕਟਰਾਂ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ ‘ਤੇ ਬੈਠਾ ਪਾਇਆ ਜਾਂਦਾ ਹੈ ਤਾਂ ਉਸ ਕੰਡਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਹੋਵੇਗਾ ਕਿ ਇਸ ਨਵੇਂ ਹੁਕਮ 'ਤੇ ਕੰਡਕਟਰਾਂ ਅਤੇ ਡਰਾਈਵਰਾਂ ਦਾ ਕੀ ਕਹਿਣਾ ਹੋਵੇਗਾ।