ਅੰਮ੍ਰਿਤਸਰ: ਨੈਸ਼ਨਲ ਗ੍ਰੀਨ ਟ੍ਰੀਬਿਊਨਲ ਵਲੋਂ ਅੰਮ੍ਰਿਤਸਰ ਦੀ ਬਹੁਚਰਚਿਤ ਕੈਮੀਕਲ ਫੈਕਟਰੀ ਉੱਤੇ ਐਕਸ਼ਨ ਲਿਆ ਗਿਆ ਹੈ। ਸ਼ਿਕਾਇਤ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਉਕਤ ਕੰਪਨੀ ਵੱਲੋਂ ਸੀਵਰੇਜ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਅਨਟਰੀਟਡ ਵੈਸਟ ਕੈਮੀਕਲ ਵਾਲਾ ਪਾਣੀ ਸੁੱਟੀਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਕੰਪਨੀ ਨੂੰ ਦੋ ਮਹੀਨੇ ਦੇ ਵਿੱਚ ਇੱਕ ਕਰੋੜ ਰੁਪਏ ਜੁਰਮਾਨਾ ਭਰਨ ਦੇ ਆਦੇਸ਼ ਜਾਰੀ ਕੀਤੇ ਹਨ।
ਕਈ ਵਾਰ ਪ੍ਰਦੂਸ਼ਣ ਕੰਟਰੋਲ ਨੂੰ ਮਿਲੀਆਂ ਸ਼ਿਕਾਇਤਾਂ: ਦੱਸ ਦਈਏ ਕਿ ਕੈਮੀਕਲ ਬਣਾਉਣ ਵਾਲੀ ਇਸ ਫੈਕਟਰੀ ਦੀਆਂ ਅਨੇਕਾਂ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਮਾਮਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਫੈਕਟਰੀ ਮਾਲਕ ਆਪਣੀ ਉੱਚੀ ਪਹੁੰਚ ਦੇ ਚਲਦੇ ਜੇਕਰ ਕਦੇ ਕੋਈ ਐਕਸ਼ਨ ਹੁੰਦਾ ਵੀ ਤਾਂ ਉਹ ਰਫਾ ਦਫਾ ਕਰ ਦਿੰਦੇ ਸਨ। ਪਰ ਇਸ ਮਾਮਲੇ ਦੇ ਵਿੱਚ ਜੂਨ ਮਹੀਨੇ ਵਿੱਚ ਪਬਲਿਕ ਐਕਸ਼ਨ ਕਮੇਟੀ ਵੱਲੋਂ ਸ਼ਿਕਾਇਤ ਦਿੱਤੀ ਗਈ। ਜਿਸ 'ਤੇ ਐਨਜੀਟੀ ਨੇ ਤੁਰੰਤ ਪ੍ਰਭਾਵ ਨਾਲ ਇਕ ਕਰੋੜ ਰੁਪਏ ਜੁਰਮਾਨਾ ਭਰਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਫੈਕਟਰੀ ਨੂੰ ਬੰਦ ਕਰਨ ਦੇ ਵੀ ਆਦੇਸ਼ : ਇਸ ਤੋਂ ਇਲਾਵਾ, ਹੁਕਮਾਂ ਵਿੱਚ ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਸਾਰੇ ਮਾਮਲੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਸੈਸਮੈਂਟ ਕਰੇਗੀ ਅਤੇ ਉਸ ਤੋਂ ਬਾਅਦ ਬਣਦਾ ਜੁਰਮਾਨਾ ਲਗਾਇਆ ਜਾਵੇਗਾ, ਜੋ ਕਿ ਤਿੰਨ ਮਹੀਨੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਰਿਪੋਰਟ ਦੇਣੀ ਪਵੇਗੀ। ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਬਣਾਉਣ ਵਾਲੀ ਇਸ ਫੈਕਟਰੀ ਨੂੰ ਬੰਦ ਕਰਨ ਦੇ ਵੀ ਆਦੇਸ਼ ਜਾਰੀ ਹੋਏ ਹਨ। ਐਨਜੀਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਵੀ ਉਦੇਸ਼ ਜਾਰੀ ਕੀਤੇ ਹਨ ਕਿ ਇਸ ਮਾਮਲੇ ਦੇ ਵਿੱਚ ਅਪਰਾਧਿਕ ਮਾਮਲਾ ਵੀ ਦਰਜ ਕਰਵਾਇਆ ਜਾਵੇ।