ਸ੍ਰੀ ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਵਲੋਂ ਹੋਮ ਅਰੈਸਟ ਕੀਤਾ ਗਿਆ ਹੈ।ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਕਿਲਾ ਹਰਨਾਮ ਸਿੰਘ ਨਗਰ ਵਿਖੇ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਤਾਇਨਾਤ ਨਜ਼ਰ ਆ ਰਹੀ ਹੈ।
ਘਰ 'ਚ ਨਜ਼ਰਬੰਦ ਸਾਂਸਦ ਸਿਮਰਨਜੀਤ ਮਾਨ: ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਹੀ ਨਜ਼ਰ ਬੰਦ ਕੀਤਾ ਗਿਆ ਹੈ ਜੋ ਕਿ ਉਹਨਾਂ ਦੇ ਅਧਿਕਾਰਾਂ ਦਾ ਘਾਣ ਹੈ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਦਿੱਲੀ ਦੇ ਵਿੱਚ ਹੋ ਰਹੇ ਸੈਸ਼ਨ ਵਿੱਚ ਹਿੱਸਾ ਲੈਣਾ ਸੀ ਪਰ ਉਹ ਨਹੀਂ ਜਾ ਸਕੇ। ਜਿਸ ਦੀ ਰਿਪੋਰਟ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਭੇਜੀ ਗਈ ਹੈ।
ਭਾਨਾ ਸਿੱਧੂ ਦੇ ਹੱਕ 'ਚ ਕਰਨਾ ਸੀ ਪ੍ਰਦਰਸ਼ਨ: ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਅਤੇ ਜੋ ਪਾਰਟੀ ਦੇ ਹੋਰ ਆਗੂ ਹਨ, ਉਹਨਾਂ ਦੀ ਗ੍ਰਿਫਤਾਰੀਆਂ ਕਰਨਾ ਆਜ਼ਾਦੀ ਦੇ ਹੱਕ ਖੋਣਾ ਹੈ ਜੋ ਕਿ ਬਹੁਤ ਗਲਤ ਹੈ। ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦਾ ਹੈ, ਉਸ 'ਤੇ ਨਾਜਾਇਜ਼ ਪਰਚੇ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਭਾਨਾ ਸਿੱਧੂ ਵੱਲੋਂ ਵੀ ਪੰਜਾਬ ਸਰਕਾਰ ਦੀਆਂ ਪੋਲਾਂ ਖੋਲ੍ਹੀਆਂ ਗਈਆਂ ਸਨ। ਜਿਸ 'ਤੇ ਲਗਾਤਾਰ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾਂ ਦੀ ਰਿਹਾਈ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਅੱਜ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ, ਜੋ ਕਿ ਸਰਕਾਰ ਦਾ ਸਰਾਸਰ ਧੱਕਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਰਣਨੀਤੀ ਤਿਆਰ ਕਰਨਗੇ।