ਬਰਨਾਲਾ: ਬੀਤੇ ਦਿਨ ਕਥਿਤ ਤੌਰ 'ਤੇ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਉਪਰੋਕਤ ਮਾਮਲੇ ਨੂੰ ਸ਼ੱਕੀ ਕਰਾਰ ਦਿੰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਐਮ.ਪੀ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕਾਲਾ ਨੂੰ ਫੇਕ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਪਹਿਲਾ ਫੜ੍ਹ ਲਿਆ ਗਿਆ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕਾਲਾ ਧਨੌਲਾ ਨੂੰ ਘੇਰਾ ਪਾਇਆ ਗਿਆ ਤਾਂ ਉਸਨੇ ਦੋਵੇਂ ਹੱਥ ਉੱਪਰ ਕਰਕੇ ਆਤਮ ਸਮਰਪਣ ਕਰ ਦਿੱਤਾ ਸੀ, ਪਰ ਪੁਲਿਸ ਨੇ ਫਿਰ ਵੀ ਕਾਇਰਤਾ ਦਿਖਾਉਂਦੇ ਹੋਏ ਉਸ ਉੱਪਰ ਗੋਲੀ ਚਲਾ ਦਿੱਤੀ।
ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਰੱਖਦਾ ਸੀ ਸੋਚ: ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸਾਂਸਦ ਮਾਨ ਨੇ ਕਿਹਾ ਕਿ ਗੁਰਮੀਤ ਸਿੰਘ ਕਾਲਾ ਮਾਨ ਨਾਲ ਪਿਛਲੇ ਦਿਨੀਂ ਉਸ ਵੱਲੋਂ ਰੱਖੇ ਖੂਨਦਾਨ ਕੈਂਪ ਮੌਕੇ ਮੁਲਾਕਾਤ ਹੋਈ ਸੀ। ਉਹ ਨਸ਼ਾ ਵਿਰੋਧੀ ਸੋਚ ਦਾ ਮਾਲਕ ਸੀ ਅਤੇ ਪਰਮਿੰਦਰ ਸਿੰਘ ਝੋਟੇ ਵਾਂਗ ਪਿੰਡ-ਪਿੰਡ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਸੋਚ ਰੱਖਦਾ ਸੀ। ਮਾਨ ਨੇ ਕਿਹਾ ਕਿ ਜਦੋਂ ਪਰਮਿੰਦਰ ਸਿੰਘ ਝੋਟੇ ਨੇ ਨਸ਼ਿਆਂ ਵਿਰੁੱਧ ਆਵਾਜ਼ ਉਠਾਈ ਸੀ ਤਾਂ ਪੁਲਿਸ ਨੇ ਉਸ ਨੂੰ ਵੀ ਫੜ੍ਹ ਕੇ ਅੰਦਰ ਦੇ ਦਿੱਤਾ ਸੀ। ਇਸ ਲਈ ਸਮਝ ਤੋਂ ਬਾਹਰ ਹੈ ਕਿ ਸਰਕਾਰ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਂ ਨਸ਼ਿਆਂ ਨੂੰ ਵਧਾਉਣਾ ਚਾਹੁੰਦੀ ਹੈ।
ਪੁਲਿਸ ਪਹਿਲਾਂ ਵੀ ਕਰ ਚੁੱਕੀ ਝੂਠੇ ਮੁਕਾਬਲੇ: ਇਸ ਦੇ ਨਾਲ ਹੀ ਸਾਂਸਦ ਮਾਨ ਨੇ ਕਿਹਾ ਕਿ ਝੂਠੇ ਐਨਕਾਊਂਟਰਾਂ ਵਿੱਚ ਨੌਜਵਾਨਾਂ ਨੂੰ ਮਾਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਜੰਡਿਆਲਾ, ਤਰਤਾਰਨ ਤੇ ਫਿਰੋਜਪੁਰ ਦੇ ਤਲਵੰਡੀ ਖੇਤਰ ਵਿੱਚ ਇਸੇ ਤਰ੍ਹਾਂ ਝੂਠੇ ਐਨਕਾਊਂਟਰ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ 'ਤੇ ਤੁਰ ਪਈ ਹੈ। ਸੂਬੇ ਅਤੇ ਦੇਸ਼ ਵਿਚਲੇ ਡਰ ਅਤੇ ਸਹਿਮ ਦੇ ਮਾਹੌਲ ਕਰਕੇ ਸਾਡੇ ਸਿੱਖਾਂ ਦੇ ਬੱਚੇ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਕਾਰਨ ਜਿਆਦਾਤਰ ਬੱਚੇ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਡੀ ਸਿੱਖਾਂ ਦੀ ਸੁਰੱਖਿਆ ਹੁਣ ਖਤਰੇ ਵਿੱਚ ਹੈ ਅਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਪਰ ਮੈਨੂੰ ਡਰ ਨਹੀਂ ਲੱਗਦਾ, ਕਿਉਂਕਿ ਜੇ ਮੈਨੂੰ ਮਾਰ ਦਿੱਤਾ ਤਾਂ ਖਾਲਿਸਤਾਨ ਦੀ ਮੰਜਿਲ ਨੇੜੇ ਆ ਜਾਵੇਗੀ।
ਪਰਿਵਾਰ ਨੂੰ ਮਿਲਣਾ ਚਾਹੀਦਾ ਇਨਸਾਫ਼: ਸਾਸ਼ਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਕਦੇ ਜ਼ੁਲਮਾਂ ਨੂੰ ਭੁੱਲਦੀ ਨਹੀਂ। ਜੇ ਸਰਕਾਰਾਂ ਆਪਣੀਆਂ ਸਿੱਖ ਕੌਮ ਵਿਰੋਧੀ ਹਰਕਤਾਂ ਤੋਂ ਬਾਜ ਨਾ ਆਈਆਂ ਤਾਂ ਇਸਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣ, ਕਿਉਂਕਿ ਸਿੱਖ ਕੌਮ ਜ਼ਬਰ ਜੁਲਮ ਦਾ ਜਵਾਬ ਜ਼ਰੂਰ ਦਿੰਦੀ ਹੈ। ਮਾਨ ਨੇ ਪਰਿਵਾਰ ਵੱਲੋਂ ਗੁਰਮੀਤ ਸਿੰਘ ਕਾਲਾ ਦੇ ਦੁਬਾਰਾ ਪੋਸਟ ਮਾਰਟਮ ਦੀ ਕੀਤੀ ਜਾ ਰਹੀ ਮੰਗ ਨੂੰ ਵੀ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਸਰਕਾਰ ਨੂੰ ਨਿਰਪੱਖ ਜਾਂਚ ਕਰਵਾ ਕੇ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦੀ ਹੈ।
- ਕਿਸਾਨ ਅੰਦੋਲਨ ਦਾ 9ਵਾਂ ਦਿਨ: ਆਰ-ਪਾਰ ਦੀ ਲੜਾਈ ਲਈ ਤਿਆਰ ਕਿਸਾਨ, ਅੱਜ ਦਿੱਲੀ ਵੱਲ ਕਰਨਗੇ ਕੂਚ, ਪੁਲਿਸ ਦੀ ਵੀ ਪੂਰੀ ਤਿਆਰੀ
- ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ DGP ਨੇ ਪੰਜਾਬ ਦੇ DGP ਨੂੰ ਲਿਖੀ ਚਿੱਠੀ, ਆਖੀਆਂ ਇਹ ਗੱਲਾਂ
- ਬੁੱਧਵਾਰ ਨੂੰ ਦਿੱਲੀ ਕੂਚ ਕਰਨ ਲਈ ਕਿਸਾਨਾਂ ਦੀ ਜ਼ੋਰਦਾਰ ਤਿਆਰੀ, JCB, ਹਾਈਡ੍ਰੌਲਿਕ ਕਰੇਨ ਲੈਕੇ ਪਹੁੰਚੇ, ਖੇਤੀਬਾੜੀ ਮੰਤਰੀ ਨੇ ਕੀਤੀ ਸ਼ਾਂਤੀ ਦੀ ਅਪੀਲ