ਚੰਡੀਗੜ੍ਹ: ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 14 ਜਨਵਰੀ ਨੂੰ ਪੰਜਾਬ ਦੀ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣਗੇ। ਇਹ ਐਲਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ "ਮਾਘੀ ਦੇ ਮੇਲੇ" ਦੌਰਾਨ ਕੀਤਾ ਜਾਵੇਗਾ।
ਪੰਥ ਬਚਾਓ, ਪੰਜਾਬ ਬਚਾਓ ਰੈਲੀ
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮੌਕੇ 'ਤੇ 'ਪੰਥ ਬਚਾਓ, ਪੰਜਾਬ ਬਚਾਓ' ਰੈਲੀ ਕੀਤੀ ਜਾਵੇਗੀ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਰੈਲੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਉਨ੍ਹਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ। ਸਿੱਖ ਧਰਮ ਨਾਲ ਸਬੰਧਤ ਮੁੱਦਿਆਂ ਕਾਰਨ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਇਸ ਕਦਮ ਨੇ ਖੇਤਰੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੀ ਪਾਰਟੀ ਦੇ ਮੁੱਦੇ ਸੂਬੇ ਵਿੱਚ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਅਤੇ ਪੰਜਾਬ ਦੀਆਂ ਸਥਾਨਕ ਸਮੱਸਿਆਵਾਂ ਜਿਵੇਂ ਕਿ ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਵਾਤਾਵਰਨ ਦੀ ਸੁਰੱਖਿਆ 'ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਉਹ ਨਸ਼ੇ ਦੇ ਖਿਲਾਫ ਵੀ ਆਵਾਜ਼ ਉਠਾਉਣਗੇ।
ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਦਾ ਬਿਆਨ
ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ 5 ਜਾਂ 11 ਮੈਂਬਰੀ ਕਮੇਟੀ ਦਾ ਗਠਨ ਕਰਾਂਗੇ। ਫਿਰ ਉਸ ਤੋਂ ਬਾਅਦ ਇਹ ਕਮੇਟੀ ਆਪਣੇ ਨਾਲ ਪੂਰੇ ਸੂਬੇ ਵਿੱਚ ਲੋਕਾਂ ਨੂੰ ਜੋੜੇਗੀ ਤੇ ਫਿਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਗੂ ਬਣਾਏ ਜਾਣਗੇ। ਇਸੇ ਤਰ੍ਹਾਂ ਪੂਰੀ ਤਿਆਰੀ ਕਰਕੇ ਫਿਰ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਐਸਜੀਪੀਸੀ ਚੋਣਾਂ ਵਿੱਚ ਵੀ ਹਿੱਸਾ ਲਵਾਂਗੇ। ਜੋ ਬਾਕੀ ਪਾਰਟੀ ਕਰ ਕੇ ਨਹੀਂ ਦਿਖਾ ਸਕੀਆ ਅਸੀਂ ਉਹ ਕੰਮ ਕਰਾਂਗਾ, ਜਿਵੇਂ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਸਾਡੀ ਜਥੇਬੰਦੀ ਕਰੇਗੀ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ ਅੰਮ੍ਰਿਤਪਾਲ ਸਿੰਘ
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਜਿਸ 'ਚ ਉਨ੍ਹਾਂ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੇ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਹੁਣ ਉਨ੍ਹਾਂ ਨੇ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਜੋ ਪੰਜਾਬ ਦੀ ਸਿਆਸਤ 'ਚ ਨਵਾਂ ਮੋੜ ਲੈਕੇ ਆ ਸਕਦੀ ਹੈ।
ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅੰਮ੍ਰਿਤਪਾਲ ਸਿੰਘ
ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ 9 ਹੋਰਾਂ ਦੀ ਹਿਰਾਸਤ ਜੂਨ 2024 ਵਿੱਚ ਇੱਕ ਸਾਲ ਲਈ ਵਧਾ ਦਿੱਤੀ ਗਈ ਸੀ। ਇਹ ਸਾਰੇ ਪਿਛਲੇ ਸਾਲ 2023 ਮਾਰਚ ਤੋਂ ਜੇਲ੍ਹ ਵਿੱਚ ਬੰਦ ਹਨ। 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਦੀ ਹਿਰਾਸਤ 24 ਜੁਲਾਈ 2024 ਨੂੰ ਖ਼ਤਮ ਹੋਣੀ ਸੀ, ਜਦੋਂ ਕਿ ਛੇ ਹੋਰ ਸਾਥੀਆਂ ਦੀ ਹਿਰਾਸਤ 18 ਜੂਨ 2024 ਨੂੰ ਖ਼ਤਮ ਹੋਣੀ ਸੀ।