ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਹੋਈ। ਮਾਨਯੋਗ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਪੇਸ਼ੀ 19 ਅਪ੍ਰੈਲ 2024 ਨੂੰ ਨਿਸ਼ਚਿਤ ਕੀਤੀ ਹੈ ਅਤੇ ਨਾਲ ਹੀ ਜੱਗੂ ਭਗਵਾਨਪੁਰੀਆ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਲਗਾਈ ਅਰਜੀ 'ਤੇ ਵੀ ਸੁਣਵਾਈ ਹੋਵੇਗੀ।
ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਏ ਮੁਲਜ਼ਮ: ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ 27 ਵਿਅਕਤੀਆਂ ਵਿੱਚੋਂ 25 ਦੀ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਹੋਈ ਹੈ। ਜਦੋਂ ਕਿ ਸਚਿਨ ਵਿਭਾਨੀ ਅਤੇ ਦੀਪਕ ਮੁੰਡੀ ਦੀ ਅਜੇ ਤੱਕ ਪੇਸ਼ੀ ਨਹੀਂ ਹੋਈ। ਉਹਨਾਂ ਦੱਸਿਆ ਕਿ ਕਤਲ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਲਾਰੈਂਸ ਬਿਸ਼ਨੋਈ, ਚਰਨਜੀਤ ਉਰਫ ਚੇਤਨ ਅਤੇ ਜਗਤਾਰ ਸਿੰਘ ਮੂਸਾ ਦੀ ਅਰਜੀ ਦਾ ਅਸੀਂ ਪਹਿਲਾਂ ਹੀ ਮਾਨਯੋਗ ਅਦਾਲਤ ਦੇ ਵਿੱਚ ਰਿਪਲਾਈ ਦੇ ਚੁੱਕੇ ਹਾਂ।
ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲਾ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੱਗੂ ਭਗਵਾਨਪੁਰੀਆ ਵੱਲੋਂ ਕੇਸ ਤੋਂ ਡਿਸਚਾਰਜ ਕਰਨ ਦੀ ਲਗਾਈ ਐਪਲੀਕੇਸ਼ਨ ਦਾ ਵੀ ਮਾਨਯੋਗ ਅਦਾਲਤ ਦੇ ਵਿੱਚ ਰਿਪਲਾਈ ਫਾਈਲ ਕਰ ਦਿੱਤਾ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 19 ਅਪ੍ਰੈਲ 2024 ਨੂੰ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਮਾਨਸਾ ਪੁਲਿਸ ਤੋਂ ਮੰਗੀ ਗਈ ਸਟੇਟਸ ਰਿਪੋਰਟ 'ਤੇ ਮਾਨਯੋਗ ਅਦਾਲਤ ਨੇ ਅਜੇ ਤੱਕ ਆਪਣਾ ਪ੍ਰਤੀਕਰਮ ਨਹੀਂ ਦਿੱਤਾ। ਉਹਨਾਂ ਨੇ ਦੱਸਿਆ ਕਿ ਹੁਣ 19 ਅਪ੍ਰੈਲ ਨੂੰ ਮਾਨਯੋਗ ਅਦਾਲਤ ਵੱਲੋਂ ਸਾਰੇ ਦੋਸ਼ੀਆਂ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਜੱਗੂ ਭਗਵਾਨਪੁਰੀਆ ਦੀ ਡਿਸਚਾਰਜ ਫਾਈਲ 'ਤੇ ਵੀ ਮਾਨਯੋਗ ਅਦਾਲਤ ਵੱਲੋਂ ਸੁਣਵਾਈ ਕੀਤੀ ਜਾਵੇਗੀ।