ਅੰਮ੍ਰਿਤਸਰ/ਤਰਨਤਾਰਨ/ਕਪੂਰਥਲਾ/ਹੁਸ਼ਿਆਰਪੁਰ/ਮੋਗਾ/ਬਰਨਾਲਾ/ਰੂਪਨਗਰ: ਸੰਯੁਕਤ ਕਿਸਾਨ ਮੋਰਚਾ (SKM) ਅਤੇ ਰਾਸ਼ਟਰੀ ਟਰੇਡ ਯੂਨੀਅਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਤੀਜੇ ਦੌਰ ਦੀ ਗੱਲਬਾਤ ਦੀ ਅਸਫਲਤਾ ਤੋਂ ਬਾਅਦ ਯੂਨਾਈਟਿਡ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ-ਹਰਿਆਣਾ ਸਰਹੱਦ 'ਤੇ ਬੈਠਣ ਦਾ ਫੈਸਲਾ ਕੀਤਾ ਹੈ। ਬੰਦ ਦੇ ਸੱਦੇ ਦੇ ਨਾਲ ਹੀ ਲੋਕਾਂ ਨੂੰ ਬੇਲੋੜੇ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ ਗਈ ਹੈ।
ਦੂਜੇ ਪਾਸੇ, ਅੰਮ੍ਰਿਤਸਰ ਵਿੱਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨਾਲ ਵੀ ਪੁਲਿਸ ਨੇ ਹੱਥੋਪਾਈ ਕੀਤੀ। ਜਗਰਾਉਂ ਵਿੱਚ ਮਹਿਲਾ ਕਿਸਾਨਾਂ ਨੇ ਰੋਸ ਮਾਰਚ ਕੱਢਿਆ। ਜਲੰਧਰ 'ਚ ਵੀ ਲੋਕਾਂ ਨੇ ਖੁਦ ਬਾਜ਼ਾਰ ਬੰਦ ਰੱਖੇ। ਲੁਧਿਆਣਾ ਵਿੱਚ 10 ਥਾਵਾਂ ’ਤੇ ਧਰਨੇ ਦਿੱਤੇ ਗਏ ਅਤੇ ਜੀ.ਟੀ.ਰੋਡ ਬੰਦ ਕਰ ਦਿੱਤਾ ਗਿਆ। ਕੋਹਾੜ ਚੌਕ ਵਿਖੇ ਲੱਗੇ ਜਾਮ ਤੋਂ ਬਾਅਦ ਲੁਧਿਆਣਾ-ਚੰਡੀਗੜ੍ਹ ਰੋਡ ਵੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਇਹ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤਾ ਸੀ।
ਅੰਮ੍ਰਿਤਸਰ ਵਿੱਚ ਬੰਦ ਦਾ ਅਸਰ: ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਲਈ ਵੱਖ ਵੱਖ ਬਾਡਰਾਂ 'ਤੇ ਕਿਸਾਨੀ ਘੋਲ ਲੜ ਰਹੇ ਕਿਸਾਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰਦਿਆਂ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਦੇਸ਼ ਭਰ ਵਿੱਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ। ਇਸ ਦੇ ਚੱਲਦਿਆਂ ਦਰਿਆ ਬਿਆਸ ਨੇੜੇ ਸਥਿਤ ਵੱਡੇ ਇੰਟਰਨੈਸ਼ਨਲ ਸਟੋਰ ਮੈਕਡੋਨਲਡ, ਡੋਮੀਨੋਜ਼, 24 / 7 ਰਿਫਰੈਸ਼ਮੈਂਟ ਸਟੋਰ, ਵੇਰਕਾ ਸਣੇ ਕਈ ਵੱਡੇ ਅਦਾਰਿਆਂ ਵੱਲੋਂ ਅੱਜ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਆਪਣੇ ਸਟੋਰਾਂ ਨੂੰ ਬੰਦ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਿੱਥੇ ਅਕਸਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਹਨ। ਪਰ, ਅੱਜ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਇੱਕਾ ਦੁੱਕਾ ਵਾਹਨ ਹੀ ਇਥੋਂ ਗੁਜ਼ਰਦੇ ਹੋਏ ਦਿਖਾਈ ਦਿੱਤੇ। ਮਾਝੇ ਦੇ ਸ਼ੁਰੂਆਤੀ ਕਸਬਾ ਬਿਆਸ, ਬਾਬਾ ਬਕਾਲਾ, ਰਈਆ, ਮਹਿਤਾ, ਖਲਚੀਆਂ, ਟਾਂਗਰਾ, ਸਠਿਆਲਾ ਬੁਤਾਲਾ ਸਮੇਤ ਨਜ਼ਦੀਕੀ ਪਿੰਡਾਂ ਦੇ ਵਿੱਚ ਵੀ ਬੰਦ ਨੂੰ ਰਲਵਾਂ ਮਿਲਵਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ।
ਇਸ ਦੌਰਾਨ ਦੁਕਾਨਦਾਰ ਸੰਦੀਪ ਕੁਮਾਰ, ਗਗਨ ਮਦਾਨ ਆਦੇ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਕਿਸਾਨਾਂ ਦੇ ਬੰਦ ਦੀ ਕਾਲ ਦਾ ਸਮਰਥਨ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਇੱਕ ਨਾਗਰਿਕ ਦਾ ਹੱਕ ਹੈ, ਪਰ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਨਿੰਦਨ ਯੋਗ ਹੈ।
ਤਰਨਤਾਰਨ ਤੋਂ ਤਸਵੀਰਾਂ: ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਮੁੱਖ ਮਾਰਗ ਨੂੰ ਬੰਦ ਕਰਕੇ ਚੱਕਾ ਜਾਮ ਕੀਤਾ ਗਿਆ। ਭਾਰਤ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਰਨਤਾਰਨ ਦੇ ਖਾਲੜਾ ਵਿਖੇ ਬਜ਼ਾਰ ਬੰਦ ਕਰਵਾਇਆ ਗਿਆ। ਇਸ ਤੋਂ ਇਲਾਵਾ ਸਿੱਧਵਾਂ ਵਲੋਂ ਆਪਣੀ ਯੂਨੀਅਨ ਦੀ ਤਰਫੋਂ 13 ਫਰਵਰੀ ਨੂੰ ਸ਼ੰਭੂ ਬਾਰਡਰ ਕੰਢੇ ਆਪਣੀਆਂ ਮੰਗਾਂ ਮੰਨਵਾਉਣ ਲਈ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ ਕਿਸਾਨ ਮਜ਼ਦੂਰ ਜਥੇਬੰਦੀਆਂ ਉਪਰ ਸੁਟੇ ਗਏ ਅੱਥਰੂ ਗੈਸ ਦੇ ਗੋਲੇ ਅਤੇ ਕੀਤੀ ਗਈ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸਨ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਤਹਿਤ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹੁਸ਼ਿਆਰਪੁਰ ਵਿੱਚ ਵੀ ਹਾਈਵੇ ਜਾਮ: ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਜਾਮ ਕਰਕੇ ਕਿਸਾਨ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਦੋਂ ਕਿਸਾਨ ਆਗੂਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਮੰਗਾਂ ਮੰਨੀਆਂ ਗਈਆਂ ਸੀ, ਉਨ੍ਹਾਂ ਉੱਤੇ ਵੀ ਕੋਈ ਗੌਰ ਨਹੀਂ ਕੀਤਾ ਜਾ ਰਿਹਾ। ਉਪਰੋਂ ਕਿਸਾਨਾਂ ਉੱਤੇ ਬਾਰਡਰਾਂ ਉੱਤੇ ਤਸ਼ਦਦ ਢਾਹੀ ਗਈ ਹੈ, ਜੋ ਕਿ ਸਰਾਸਰ ਗ਼ਲਤ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਅਸਰ ਗੜ੍ਹਸ਼ੰਕਰ ਵਿੱਖੇ ਵੀ ਪੂਰੀ ਤਰ੍ਹਾਂ ਨਾਲ ਨਜ਼ਰ ਆਇਆ। ਸ਼ਹਿਰ ਗੜ੍ਹਸ਼ੰਕਰ ਵਿੱਖੇ ਵੀ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਆਵਾਜਾਈ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ।
ਕਪੂਰਥਲਾ ਵਿੱਚ ਬੰਦ ਦਾ ਅਸਰ: ਕਿਸਾਨੀ ਦੇ ਮੁੱਦੇ 'ਤੇ ਭਾਰਤ ਬੰਦ ਦੇ ਸੱਦੇ ਉੱਤੇ ਕਪੂਰਥਲਾ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਬੱਸ ਅੱਡੇ ਖਾਲੀ ਦਿਖੇ। ਬਾਜ਼ਾਰ ਵੀ ਬੰਦ ਰਹੇ। ਇਸ ਬੰਦ ਕਾਰਨ ਜਿੱਥੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਦਿੱਕਤ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਲੋਕ ਅਤੇ ਯੂਨੀਅਨਾਂ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆਏ। ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਪੀਆਰਟੀਸੀ ਯੂਨੀਅਨ ਵੀ ਹੜਤਾਲ 'ਚ ਸ਼ਾਮਲ ਹੋਏ।
ਮੋਗਾ ਵਿੱਚ ਰੋਸ ਪ੍ਰਦਰਸ਼ਨ: ਪੰਜਾਬ ਬੰਦ ਦਾ ਅਸਰ ਮੋਗਾ ਵਿਖੇ ਵੀ ਦੇਖਣ ਨੂੰ ਮਿਲਿਆ। ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਮੋਗਾ ਵਿਚ ਪੂਰਨ ਸਮਰਥਨ ਮਿਲਿਆ। ਮੋਗਾ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਤੇ ਸੜਕੀ ਆਵਾਜਾਈ ਵੀ ਬੰਦ ਹੀ ਨਜ਼ਰ ਆਏ। ਛੋਟੇ ਦੁਕਾਨਦਾਰ ਵੀ ਬੰਦ ਦਾ ਸਮਰਥਨ ਕਰਦੇ ਨਜ਼ਰ ਆਏ।
ਰੂਪਨਗਰ ਵਿੱਚ ਬੰਦ ਦਾ ਅਸਰ ਘੱਟ: ਰੋਪੜ ਵਿੱਚ ਬੰਦ ਦਾ ਅਸਰ ਖਾਸ ਤੌਰ 'ਤੇ ਬਾਜ਼ਾਰਾਂ ਵਿੱਚ ਕੋਈ ਬਹੁਤਾ ਨਹੀਂ ਦਿਖਿਆ। ਦੁਕਾਨਾਂ ਆਮ ਦਿਨਾਂ ਦੀ ਤਰ੍ਹਾਂ ਖੁੱਲੀਆਂ ਰਹੀਆਂ ਅਤੇ ਅਤੇ ਰੋਜ਼ਮਰਾ ਦੀ ਤਰ੍ਹਾਂ ਬਾਜ਼ਾਰ ਚਾਲੂ ਰਿਹਾ ਹੈ। ਕੁੱਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ, ਤਾਂ ਰੋਪੜ ਵਿੱਚ ਚਾਰ ਜਗ੍ਹਾ ਉੱਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਵੱਲੋਂ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਅਨੰਦਪੁਰ ਸਾਹਿਬ ਸ੍ਰੀ ਚਮਕੌਰ ਸਾਹਿਬ ਮੋਰਿੰਡਾ ਅਤੇ ਮੁੱਖ ਧਰਨਾ ਰੋਪੜ ਬਾਈਪਾਸ ਨਜ਼ਦੀਕ ਪੁਲਿਸ ਲਾਈਨ ਦੇ ਮੁਕੰਮਲ ਤੌਰ 'ਤੇ ਸੜਕ ਹੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ, ਪਰ ਜੇਕਰ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇਸ ਬੰਦ ਦਾ ਅਸਰ ਨਹੀਂ ਦਿਖਾਈ ਦਿੱਤਾ।
ਇੱਥੇ ਟਰੇਡ ਯੂਨੀਅਨ ਆਗੂ ਪੰਜਾਬ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਵਪਾਰਿਕ ਪ੍ਰਤਿਨਿਧੀਆਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਬੰਦ ਦੀ ਕਾਲ ਦਿੱਤੀ ਗਈ ਸੀ, ਉਹ ਉੱਥੇ ਸਫਲ ਹੁੰਦੇ ਦਿਖਾਏ ਦਿੱਤੇ, ਪਰ ਤਸਵੀਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਜ਼ਮੀਨੀ ਪੱਧਰ ਉੱਤੇ ਕੁਝ ਹੋਰ ਹੀ ਦਰਸ਼ਾ ਰਹੀਆਂ ਹਨ।
ਬਰਨਾਲਾ ਵਿੱਚ ਬੰਦ ਦਾ ਕੀ ਅਸਰ: ਭਾਰਤ ਬੰਦ ਦਾ ਬਰਨਾਲਾ ਜ਼ਿਲ੍ਹੇ ਵਿੱਚ ਪੂਰਾ ਅਸਰ ਦੇਖਣ ਨੂੰ ਮਿਲਿਆ। ਇਸ ਬੰਦ ਦੇ ਸੱਦੇ ਨੂੰ ਸ਼ਹਿਰੀ ਕਾਰੋਬਾਰੀਆਂ ਵੱਲੋਂ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ। ਬਰਨਾਲਾ ਸ਼ਹਿਰ ਦਾ ਬੱਸ ਸਟੈਂਡ, ਸਬਜ਼ੀ ਮੰਡੀ, ਦਾਣਾ ਮੰਡੀ, ਆਈਲੈਟਸ ਮਾਰਕੀਟ, ਸਦਰ ਬਜ਼ਾਰ, ਫਰਵਾਹੀ ਬਜ਼ਾਰ, ਹੰਢਿਆਇਆ ਬਜ਼ਾਰ, ਕੱਚਾ ਕਾਲਜ ਰੋਡ ਮੁਕੰਮਲ ਬੰਦ ਰਹੇ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਨਹਿਰੂ ਚੌਂਕ ਵਿੱਚ ਭਾਰਤ ਬੰਦ ਸੱਦੇ ਨੂੰ ਸਫ਼ਲ ਬਨਾਉਣ ਲਈ ਪੂਰੀ ਸਰਗਰਮੀ ਨਾਲ ਜੁਟੇ।
ਉਥੇ ਨਾਲ ਹੀ ਕਿਸਾਨ ਜੱਥੇਬੰਦੀਆਂ ਵਲੋਂ ਅਲੱਗ ਅਲੱਗ ਸਟੇਟ ਅਤੇ ਨੈਸ਼ਨਲ ਹਾਈਵੇ ਉਪਰ ਧਰਨੇ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਜਦਕਿ ਸ਼ਹਿਰ ਵਿੱਚ ਮੁੱਖ ਧਰਨਾ ਰੇਲਵੇ ਸਟੇਸ਼ਨ ਨੇੜੇ ਲੱਗ ਰਿਹਾ ਹੈ ਅਤੇ ਇਥੇ ਕਿਸਾਨ, ਵਪਾਰ, ਮੁਲਜ਼ਮ ਤੇ ਹੋਰ ਜੱਥੇਬੰਦੀਆਂ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰਦੀਆਂ ਦਿਖਾਈ ਦਿੱਤੀਆਂ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਨੇ ਕਿਹਾ ਕਿ ਭਾਰਤ ਬੰਦ ਦੇ ਤਹਿਤ ਪੂਰੇ ਵਪਾਰ ਮੰਡਲ ਵਲੋਂ ਸਾਥ ਦਿੱਤਾ ਗਿਆ ਹੈ। ਬਰਨਾਲਾ ਦੇ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਾਰੀਆਂ ਜੱਥੇਬੰਦੀਆਂ ਕਿਸਾਨਾਂ ਦੇ ਨਾਲ ਹਨ।