ਲੁਧਿਆਣਾ: ਜ਼ਿਲ੍ਹੇ ਦੇ ਫੁੱਲਾਂਵਾਲ ਵਿੱਚ ਰਹਿਣ ਵਾਲਾ ਪਰਿਵਾਰ ਇਨਸਾਫ ਦੇ ਲਈ ਦਰ-ਦਰ ਦੀਆਂ ਠੋਕਰਾ ਖਾ ਰਿਹਾ ਹੈ। ਦਰਅਸਲ 13 ਸਾਲ ਦੀ ਛੋਟੀ ਬੱਚੀ ਜਿਸ ਦੀ ਉਮਰ ਫਿਲਹਾਲ ਪੜ੍ਹਨ ਦੀ ਹੈ ਉਸ ਦੇ ਪਿਤਾ ਨੇ ਕਿਸੇ ਹੋਰ ਮਹਿਲਾ ਦੇ ਨਾਲ ਮਿਲ ਕੇ ਬੱਚੀ ਦਾ ਮੰਗਣਾ ਕਰ ਦਿੱਤਾ ਹੈ। ਜਦੋਂ ਕਿ ਕਾਨੂੰਨ ਮੁਤਾਬਕ ਨਾਬਾਲਿਗ ਬੱਚੀ ਦਾ ਵਿਆਹ ਕਰਨਾ ਜੁਰਮ ਹੈ। ਇਸ ਨੂੰ ਲੈ ਕੇ ਪੀੜਤ ਪਰਿਵਾਰ ਕਮਿਸ਼ਨਰ ਦਫਤਰ ਇਨਸਾਫ਼ ਦੀ ਮੰਗ ਕਰਨ ਲਈ ਪਹੁੰਚਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਲੇਮ ਟਾਬਰੀ ਥਾਣੇ ਵਿੱਚ ਜਿੱਥੇ ਲੜਕੀ ਦਾ ਮੰਗਣਾ ਕੀਤਾ ਗਿਆ ਹੈ ਉੱਥੇ ਸ਼ਿਕਾਇਤ ਮਾਰਕ ਕਰ ਦਿੱਤੀ ਗਈ ਹੈ।
ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ
ਇਸ ਸਬੰਧੀ ਲੜਕੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਲੰਧਰ ਦੇ ਵਿੱਚ ਕਿਸੇ ਹੋਰ ਮਹਿਲਾ ਦੇ ਨਾਲ ਰਹਿ ਰਹੇ ਹਨ, ਕੁਝ ਸਮਾਂ ਪਹਿਲਾਂ ਉਹ ਸਾਨੂੰ ਛੱਡਕੇ ਘਰੋਂ ਚਲੇ ਗਏ ਸਨ ਅਤੇ ਉਹ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਗਏ ਹਨ। ਜਿਨ੍ਹਾਂ ਨੇ ਮੇਰੀ ਮਾਂ ਨੂੰ ਤਲਾਕ ਵੀ ਨਹੀਂ ਦਿੱਤਾ ਸੀ। ਅਜਿਹਾ ਕਰਨ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਸਾਡੇ ਕੋਲ ਆਏ ਨੇ ਮੇਰੀ ਭੈਣ ਨੂੰ ਆਪਣੇ ਨਾਲ ਲੈ ਗਏ। ਉਸ ਸਮੇਂ ਅਸੀਂ ਲਿਖਤੀ ਰੂਪ ਵਿੱਚ ਉਹਨਾਂ ਨੂੰ ਲਿਆ ਸੀ, ਜਿਸ ਵਿੱਚ ਉਹਨਾਂ ਨੇ ਲਿਖਵਾਇਆ ਸੀ ਕਿ ਉਹ ਆਪਣੇ ਧੀ ਨੂੰ ਪੜਾਉਣਗੇ ਅਤੇ ਉਸ ਦੀ ਦੇਖਰੇਖ ਵੀ ਕਰਨਗੇ। ਪਰ ਹੁਣ ਪੈਸੇ ਦੇ ਲਾਲਚ ਕਾਰਨ ਉਹਨਾਂ ਨੇ ਮੇਰੀ ਭੈਣ ਨੂੰ ਵੇਚ ਦਿੱਤਾ ਹੈ ਤੇ ਉਸ ਦਾ ਧੱਕੇ ਨਾਲ ਰਿਸ਼ਤਾ ਕੀਤਾ ਹੈ। ਪੀੜਤ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।
ਪੁਲਿਸ ਨੇ ਮਾਮਲਾ ਕੀਤਾ ਦਰਜ
ਇਸ ਨੂੰ ਲੈ ਕੇ ਏਐੱਸਆਈ ਥਾਣਾ ਸਦਰ ਨੇ ਕਿਹਾ ਹੈ ਕਿ ਸਾਡੇ ਕੋਲ ਪੁਲਿਸ ਕਮਿਸ਼ਨਰ ਵੱਲੋਂ ਇਸ ਸਬੰਧੀ ਇਨਕੁਆਇਰੀ ਆਈ ਸੀ। ਉਹਨਾਂ ਕਿਹਾ ਕਿ ਸੰਬੰਧਿਤ ਥਾਣੇ ਦੇ ਵਿੱਚ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਛੋਟੀ ਬੱਚੀ ਹੈ ਉਸ ਦੇ ਰਿਸ਼ਤੇ ਦੀ ਗੱਲ ਸਾਹਮਣੇ ਆਈ ਹੈ। ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਸੰਬੰਧਿਤ ਥਾਣੇ ਵੱਲੋਂ ਕੀਤੀ ਜਾਵੇਗੀ।