ਅੰਮ੍ਰਿਤਸਰ: ਲੋਹੜੀ ਦੇ ਤਿਉਹਾਰ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਸ਼ਨ ਮਨਾਏ ਜਾਂਦੇ ਹਨ। ਲੋਹੜੀ ਅਤੇ ਮਾਘੀ ਦੇ ਦਿਹਾੜੇ ਉੱਤੇ ਲੋਕ ਪਤੰਗਬਾਜ਼ੀ ਕਰਦੇ ਵੀ ਦਿਖਾਈ ਦਿੰਦੇ ਹਨ ਅਤੇ ਇਸ ਦੇ ਨਾਲ ਹੀ ਲੋਕ ਆਪਣੇ ਮਨੋਰੰਜਨ ਲਈ ਡੀਜੀ ਵੀ ਲਗਾਉਂਦੇ ਹਨ, ਪਰ ਇਹ ਮਨੋਰੰਜਨ ਕਈ ਵਾਰ ਲੜਾਈ ਦਾ ਵੀ ਕਾਰਨ ਬਣ ਜਾਂਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਰਾਮ ਨਗਰ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਆਪਣੇ ਛੱਤ ਉੱਤੇ ਡੀਜੇ ਲਗਾ ਕੇ ਭੋਜਪੁਰੀ ਗਾਣੇ ਲਗਾ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਭੋਜਪੂਰੀ ਗਾਣੇ ਬਦਲਣ ਲਈ ਕਿਹਾ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੀ ਦਸਤਾਰ ਵੀ ਉਤਾਰੀ ਗਈ ਹੈ।
ਪੀੜਤ ਨੇ ਇਨਸਾਫ ਦੀ ਕੀਤੀ ਮੰਗ
ਪੀੜਤ ਵਿਅਕਤੀ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਮਾੜੀ ਸ਼ਬਦਾਵਲੀ ਵਾਲੇ ਭੋਜਪੁਰੀ ਗਾਣੇ ਲਗਾਏ ਜਾ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਗਾਣੇ ਬਦਲਣ ਲਈ ਕਿਹਾ ਗਿਆ ਤਾਂ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਨੇ ਮਾਮਲਾ ਕੀਤਾ ਦਰਜ
ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਜੀਠਾ ਰੋਡ ਬਾਈਪਾਸ ਉੱਤੇ ਰਾਮ ਨਗਰ ਕਲੋਨੀ ਇਲਾਕੇ ਦੇ ਵਿੱਚ ਗਾਣਿਆਂ ਨੂੰ ਲੈ ਕੇ ਝਗੜਾ ਹੋ ਗਿਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।