ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਛੋਟੇ ਜਿਹੇ ਕਿਸਾਨ ਦਾ ਪੁੱਤ ਭਾਰਤੀ ਏਅਰ ਫੋਰਸ ਦੇ ਵਿੱਚ ਫ਼ਲਾਇੰਗ ਅਫ਼ਸਰ ਬਣ ਕੇ ਅੱਜ ਪਿੰਡ ਪਰਤ ਹੈ, ਜਿਸ ਦਾ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਫ਼ਲਾਇੰਗ ਅਫ਼ਸਰ ਬਣੇ ਮਹਿਕਦੀਪ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਸਵਾਗਤ ਦਾ ਧੰਨਵਾਦ ਕੀਤਾ।
ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਦੇ ਨਾਲ ਕੀਤਾ ਸਵਾਗਤ
ਭਾਰਤੀ ਏਅਰ ਫੋਰਸ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਛੋਟੇ ਜਿਹੇ ਕਿਸਾਨ ਕੁਲਬੀਰ ਸਿੰਘ ਦਾ ਪੁੱਤਰ ਭਾਰਤੀ ਏਅਰ ਫੋਰਸ ਦੇ ਵਿੱਚ ਫ਼ਲਾਇੰਗ ਅਫ਼ਸਰ ਬਣ ਗਿਆ ਹੈ। ਅਫਸਰ ਬਣਨ ਤੋਂ ਬਾਅਦ ਮਹਿਕਦੀਪ ਸਿੰਘ ਅੱਜ ਆਪਣੇ ਪਿੰਡ ਨੰਗਲ ਕਲਾਂ ਵਿਖੇ ਪਰਤਾਇਆ ਹੈ। ਜਿਸ ਦਾ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਮਹਿਕਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਬਹੁਤ ਹੀ ਖੁਸ਼ੀ ਹੈ ਕਿ ਉਹ ਭਾਰਤੀ ਏਅਰ ਫੋਰਸ ਦੇ ਵਿੱਚ ਫ਼ਲਾਇੰਗ ਅਫ਼ਸਰ ਬਣਿਆ ਹੈ।
ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਵੇਗਾ ਮਹਿਕਦੀਪ ਸਿੰਘ
ਮਹਿਕਦੀਪ ਸਿੰਘ ਦੱਸਿਆ ਕਿ ਉਸ ਨੂੰ ਇਥੋਂ ਤੱਕ ਪਹੁੰਚਣ ਦੇ ਲਈ ਬਹੁਤ ਹੀ ਸਖ਼ਤ ਮਿਹਨਤ ਕਰਨੀ ਪਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸਨੇ ਬਾਰਵੀਂ ਤੱਕ ਦੀ ਪੜ੍ਹਾਈ ਅਕਾਲ ਅਕੈਡਮੀ ਤੋਂ ਕੀਤੀ ਹੈ ਅਤੇ ਐਨਡੀਏ ਦੀ ਪੜ੍ਹਾਈ ਫ਼ਤਿਹਗੜ੍ਹ ਸਾਹਿਬ ਦੇ ਕਾਲਜ ਤੋਂ ਕੀਤੀ ਹੈ। ਮਹਿਕਦੀਪ ਸਿੰਘ ਨੇ ਦੱਸਿਆ ਕਿ ਫ਼ਲਾਇੰਗ ਅਫ਼ਸਰ ਬਣਨ ਦੇ ਲਈ ਉਸਨੇ ਕਦੇ ਸੋਚਿਆ ਨਹੀਂ ਸੀ ਪਰ ਕਿਸਮਤ ਉਨ੍ਹਾਂ ਨੂੰ ਅਜਿਹੇ ਸਥਾਨ 'ਤੇ ਲੈ ਗਈ ਹੈ। ਜਿਸ ਦੇ ਲਈ ਅੱਜ ਉਹ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਵੇਗਾ ਅਤੇ ਦੇਸ਼ ਦੀ ਸੇਵਾ ਦੇ ਵਿੱਚ ਅਹਿਮ ਯੋਗਦਾਨ ਪਾਵੇਗਾ।
ਫਲਾਇੰਗ ਅਫਸਰ ਬਣ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ
ਮਹਿਕਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਉਹ ਦੋ ਨੌਜਵਾਨ ਨੇ ਜੋ ਏਅਰ ਫੋਰਸ ਦੇ ਵਿੱਚ ਫ਼ਲਾਇੰਗ ਅਫ਼ਸਰ ਬਣੇ ਹਨ। ਇੱਕ ਮੋਹਾਲੀ ਅਤੇ ਦੂਸਰਾ ਮਾਨਸਾ ਜ਼ਿਲ੍ਹਾ ਤੋਂ ਮਹਿਕਦੀਪ ਸਿੰਘ ਖੁਦ ਹੈ। ਉਨ੍ਹਾਂ ਨੇ ਹੋਰ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਖ਼ਤ ਮਿਹਨਤ ਕਰਦੇ ਰਹੋ ਅਤੇ ਕਿਸਮਤ ਜਰੂਰ ਸਾਥ ਦੇਵੇਗੀ। ਇਸ ਦੌਰਾਨ ਮਹਿਕਦੀਪ ਸਿੰਘ ਦੇ ਪਿਤਾ ਕੁਲਬੀਰ ਸਿੰਘ ਵੱਲੋਂ ਵੀ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਪਿਆਰ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਅਤੇ ਸਾਬਕਾ ਸੈਨਿਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਨੇ ਵੀ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਮਹਿਕਦੀਪ ਸਿੰਘ ਮਾਨਸਾ ਜ਼ਿਲ੍ਹੇ ਦਾ ਪਹਿਲਾ ਫ਼ਲਾਇੰਗ ਅਫ਼ਸਰ ਹੈ। ਜਿਸ ਨੇ ਭਾਰਤੀ ਫੌਜ ਦੇ ਵਿੱਚ ਫ਼ਲਾਇੰਗ ਅਫ਼ਸਰ ਬਣ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।