ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਖ਼ਬਰ ਹੈ ਕਿ ਜੇਜੇਪੀ ਨਾਲ ਗਠਜੋੜ ਤੋੜਨ ਤੋਂ ਬਾਅਦ ਭਾਜਪਾ ਆਜ਼ਾਦ ਵਿਧਾਇਕਾਂ ਨਾਲ ਹਰਿਆਣਾ ਵਿੱਚ ਸਰਕਾਰ ਬਣਾ ਸਕਦੀ ਹੈ। ਹਰਿਆਣਾ ਭਾਜਪਾ ਦੇ ਵਿਧਾਇਕ ਰਾਜ ਭਵਨ ਪਹੁੰਚ ਸਕਦੇ ਹਨ। ਭਾਜਪਾ ਵਿਧਾਇਕਾਂ ਤੋਂ ਇਲਾਵਾ ਸਰਕਾਰ ਸਮਰਥਿਤ ਆਜ਼ਾਦ ਵਿਧਾਇਕ ਵੀ ਰਾਜ ਭਵਨ ਪਹੁੰਚਣਗੇ। ਹਰਿਆਣਾ ਰਾਜ ਭਵਨ ਦੇ ਅੰਦਰਲੇ ਕਾਨਫਰੰਸ ਰੂਮ ਵਿੱਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਗਠਜੋੜ ਤੋੜਨ ਵਾਲਿਆਂ ਉੱਤੇ ਤੰਜ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਰਾਜਪਾਲ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜੇਜੇਪੀ ਨਾਲ ਗਠਜੋੜ ਤੋੜਨ ਦੇ ਸਵਾਲ 'ਤੇ ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ 2019 'ਚ ਜਦੋਂ ਇਹ ਸਰਕਾਰ ਬਣੀ ਸੀ ਤਾਂ ਇਹ ਲੋਕ ਸੁਆਰਥ ਕਾਰਨ ਦੋਸਤ ਬਣ ਗਏ ਸਨ। ਹੁਣ ਗਠਜੋੜ ਨੂੰ ਵੱਖ ਕਰਨ ਲਈ ਇੱਕ ਹੋਰ ਸਮਝੌਤਾ ਹੋ ਗਿਆ ਹੈ।
ਸਮੂਹਿਕ ਅਸਤੀਫਾ: ਇਸ ਤੋਂ ਪਹਿਲਾਂ ਜੇਜੇਪੀ ਦੇ ਕੌਮੀ ਜਨਰਲ ਸਕੱਤਰ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੀਐਮ ਮਨੋਹਰ ਲਾਲ ਖੱਟਰ ਨੇ ਸੋਮਵਾਰ ਰਾਤ ਨੂੰ ਅਤੇ ਮੰਗਲਵਾਰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ। ਇਸ ਵਿੱਚ ਸਰਕਾਰ ਦਾ ਸਮਰਥਨ ਕਰਨ ਵਾਲੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਨੇ ਹਿੱਸਾ ਲਿਆ।ਭਾਜਪਾ ਦੇ ਹਮਲਾਵਰ ਰੁਖ ਨੂੰ ਦੇਖਦੇ ਹੋਏ ਦੁਸ਼ਯੰਤ ਚੌਟਾਲਾ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਸਥਿਤ ਰਾਜ ਭਵਨ ਪਹੁੰਚ ਕੇ ਕੈਬਨਿਟ ਦੇ ਨਾਲ ਸਮੂਹਿਕ ਅਸਤੀਫਾ ਦੇ ਦਿੱਤਾ। ਦੱਸ ਦਈਏ ਇਸ ਵਾਰ ਭਾਜਪਾ ਸਰਕਾਰ ਵਿੱਚ ਮੁੱਖ ਮੰਤਰੀ ਦੇ ਨਾਲ-ਨਾਲ ਦੋ ਡਿਪਟੀ ਸੀਐਮ ਬਣਾਉਣ ਦੀ ਚਰਚਾ ਹੈ। ਇਸ ਦੇ ਲਈ ਰਣਜੀਤ ਸਿੰਘ ਚੌਟਾਲਾ ਅਤੇ ਇੱਕ ਆਜ਼ਾਦ ਵਿਧਾਇਕ ਦੇ ਨਾਂ ਸਾਹਮਣੇ ਆਏ ਹਨ।