ਚੰਡੀਗੜ੍ਹ: ਪੰਜਾਬ 'ਚ ਲੋਕ ਸਭਾ ਚੋਣਾਂ ਦੇ ਚੱਲਦੇ ਸਿਆਸੀ ਪਾਰਾ ਸਿਖਰਾਂ 'ਤੇ ਹੈ। ਇਸ ਦੌਰਾਨ ਜਿਥੇ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ ਤਾਂ ਉਥੇ ਹੀ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਅੱਜ ਲੁਧਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਨ੍ਹਾਂ ਦੇ ਆਗੂ ਵਿਪਨ ਸੂਦ ਕਾਕਾ ਪਾਰਟੀ ਛੱਡ ਕੇ ਭਾਜਪਾ ਦੇ ਬੇੜੇ 'ਚ ਸਵਾਰ ਹੋ ਗਏ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ ਗਿਆ।
- " class="align-text-top noRightClick twitterSection" data="">
ਅਕਾਲੀ ਦਲ ਨੇ ਪਹਿਲਾਂ ਐਲਾਨਿਆ ਸੀ ਉਮੀਦਵਾਰ: ਦੱਸ ਦਈਏ ਕਿ ਵਿਪਨ ਸੂਦ ਕਾਕਾ ਦੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਲੁਧਿਆਣਾ ਲੋਕ ਸਭਾ ਚੋਣ ਲੜਨ ਦੀਆਂ ਗੱਲਾਂ ਚੱਲ ਰਹੀਆਂ ਸਨ। ਇੱਥੋਂ ਤੱਕ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਵੀ ਕੀਤਾ ਸੀ ਪਰ ਆਖਿਰ ਮੌਕੇ 'ਤੇ ਆ ਕੇ ਵਿਪਨ ਸੂਦ ਕਾਕਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਵੇਲੇ ਲਗਾਤਾਰ ਇਹ ਗੱਲ ਚੱਲ ਰਹੀ ਸੀ ਕਿ ਵਿਪਨ ਸੂਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਟੁੱਟਣ ਕਰਕੇ ਚੋਣ ਲੜਨ 'ਚ ਰੁਚੀ ਨਹੀਂ ਵਿਖਾ ਰਹੇ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ ਸੀ।
ਜਾਖੜ ਦਾ ਸੁਖਬੀਰ ਬਾਦਲ 'ਤੇ ਨਿਸ਼ਾਨਾ: ਉਥੇ ਹੀ ਕਾਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਵਿਪਨ ਸੂਦ ਕਾਕਾ ਨੂੰ ਉਮੀਦਵਾਰ ਐਲਾਨਿਆ ਸੀ ਤੇ ਮੌਕੇ ਦੇ ਹਾਲਾਤ ਅਨੁਸਾਰ ਵਿਪਨ ਸੂਦ ਕਾਕਾ ਨੂੰ ਸੀਟ ਦੇਣ ਦੀ ਬਜਾਏ ਸੀਟ ਰਣਜੀਤ ਸਿੰਘ ਢਿੱਲੋਂ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਵਾਂਗ ਸ਼੍ਰੋਮਣੀ ਅਕਾਲੀ ਦਲ ਵੀ ਖਾਲੀ ਹੁੰਦਾ ਜਾ ਰਿਹਾ ਹੈ। ਸੀਨੀਅਰ ਆਗੂ ਸੁਖਬੀਰ ਬਾਦਲ ਤੋਂ ਕਿਨਾਰਾ ਕਰ ਰਹੇ ਹਨ। ਪੰਜਾਬ ਦੇ ਲੋਕ ਸਮਝ ਰਹੇ ਹਨ ਕਿ ਕਿਸੇ ਪਾਰਟੀ ਵਿਸ਼ੇਸ਼ ਲਈ ਭਾਜਪਾ ਹੀ ਹੱਲ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂ ਵਰਕਰਾਂ ਸਮੇਤ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਦੱਸ ਦਈਏ ਕਿ ਕਾਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੀਬ ਢਾਈ ਸਾਲ ਪਹਿਲਾਂ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਸੀ।
ਰਵਨੀਤ ਬਿੱਟੂ ਦੀ ਕਰਨਗੇ ਹਮਾਇਤ: ਕਾਬਿਲੇਗੌਰ ਹੈ ਕਿ ਗੱਲਬਾਤ ਕਰਦਿਆਂ ਵਿਪਨ ਸੂਦ ਕਾਕਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਖੁਦ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਚੋਣ ਨਹੀਂ ਲੜ ਸਕਦੇ। ਪਰ ਹੁਣ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਕਾਕਾ ਚੋਣ ਲੜਨ ਦੇ ਇੱਛੁਕ ਸਨ ਪਰ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਗਈ। ਇਸ ਕਾਰਨ ਉਹ ਹੁਣ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਹਮਾਇਤ ਕਰਨਗੇ।
ਕੁਝ ਮਹੀਨੇ ਪਹਿਲਾਂ ਘਰ 'ਚ ਇਨਕਮ ਟੈਕਸ ਦੀ ਹੋ ਚੁੱਕੀ ਰੇਡ: ਦੱਸ ਦਈਏ ਕਿ ਕਰੀਬ 7 ਮਹੀਨੇ ਪਹਿਲਾਂ ਵਿਪਨ ਸੂਦ ਕਾਕਾ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਸੀ। ਇਨਕਮ ਟੈਕਸ ਨੇ ਕੁਝ ਹੋਟਲ ਡੀਲ ਦੇ ਮਾਮਲੇ 'ਚ ਵਿਪਨ ਸੂਦ ਕਾਕਾ ਦੇ ਘਰ ਛਾਪਾ ਮਾਰਿਆ ਸੀ। ਟੀਮ ਨੇ ਉਨ੍ਹਾਂ ਦੇ ਕਈ ਟਿਕਾਣਿਆਂ ਤੋਂ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਵਸਤੂਆਂ ਜ਼ਬਤ ਕੀਤੀਆਂ ਸਨ। ਕਾਕਾ ਸੂਦ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਸਬੰਧੀ ਕਾਕਾ ਸੂਦ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਬੰਦ ਮਿਲਿਆ।
ਭਾਜਪਾ ਛੱਡ ਲੋਕ ਇਨਸਾਫ਼ ਪਾਰਟੀ 'ਚ ਹੋਏ ਸੀ ਸ਼ਾਮਲ: ਵਿਪਨ ਸੂਦ ਕਾਕਾ ਪਹਿਲਾਂ ਭਾਜਪਾ ਵਿੱਚ ਸਨ। 2016 ਵਿੱਚ ਉਹ ਭਾਜਪਾ ਛੱਡ ਕੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਕੇਂਦਰੀ ਤੋਂ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਸੀ। ਇਸ ਚੋਣ ਵਿੱਚ ਉਹ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ ਤੋਂ ਹਾਰ ਗਏ ਸਨ। ਕਾਕਾ ਨੂੰ 2017 ਵਿੱਚ ਕਰੀਬ 25 ਹਜ਼ਾਰ ਵੋਟਾਂ ਮਿਲੀਆਂ ਸਨ। ਇਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸੀ।
- ਤਲਵੰਡੀ ਸਾਬੋ ਦੇ ਲੇਲੇਆਣਾ ਰੋਡ 'ਤੇ 35 ਏਕੜ ਕਣਕ ਦੀ ਨਾੜ ਨੂੰ ਲੱਗੀ ਅੱਗ
- ਮੋਗਾ ਪਹੁੰਚੇ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ- ਕੈਂਡੀਡੇਟ ਤਾਂ ਹੋਰ ਵੀ ਬਹੁਤ ਨੇ ਪਰ ਲੋਕ ਮੇਰੇ ਹੀ ਮਗਰ ਪਏ ਹੋਏ ਨੇ, ਮੈਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ
- ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ