ਮਾਨਸਾ: ਬੀਤੇ ਦਿਨੀਂ ਮਾਨਸਾ ਇੱਕ ਸਮਾਗਮ 'ਚ ਸ਼ਾਮਿਲ ਹੋਣ ਪਹੁੰਚੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵਿਖੇ ਅੰਦੋਲਨ ਦੇ ਲਈ ਜਾ ਰਹੇ ਨੇ, ਪਰ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਜਗ੍ਹਾ ਜਗ੍ਹਾ 'ਤੇ ਬੈਰੀਕੇਡ ਲਗਾ ਕੇ ਆਪਣੀ ਮਨਸ਼ਾ ਜ਼ਾਹਿਰ ਕਰ ਦਿੱਤੀ ਹੈ ਕਿ ਕੇਂਦਰ ਕਿਸਾਨਾਂ ਨਾਲ ਗੱਲ ਬਾਤ ਨੂੰ ਮਹਿਜ਼ ਇਕ ਸਮਾਂ ਲਗਾਉਣਾ ਸਾਬਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵਿਰੁੱਧ ਕੇਂਦਰ ਦੀਆਂ ਸੀਆਰਪੀਐਫ ਬੀਐਸਐਫ ਅਤੇ ਹੋਰ ਫੋਰਸਾਂ ਨੂੰ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇੰਨੇ ਬੈਰੀਕੇਡ ਤਾਂ ਪਾਕਿਸਤਾਨ ਦੇ ਬਾਰਡਰ 'ਤੇ ਨਹੀਂ ਲਗਾਏ ਗਏ ਜਿੰਨੇ ਕਿਸਾਨਾਂ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਲਗਾ ਦਿੱਤੇ ਹਨ।
ਕੇਂਦਰ ਸਰਕਾਰ ਦਾ ਕਿਸਾਨਾਂ ਨਾਲ ਵਿਤਕਰਾ : ਉਹਨਾਂ ਕਿਹਾ ਕਿ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਕਿਉਂਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ ਅਤੇ ਵੱਖ-ਵੱਖ ਸੂਬਿਆਂ ਦੇ ਵਿੱਚ ਅਨਾਜ ਭੇਜਦਾ ਹੈ ਪੰਜਾਬ ਦੇ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਦੇ ਨੇ ਪਰ ਪੰਜਾਬ ਜਦੋਂ ਆਪਣੇ ਹੱਕ ਮੰਗਣ ਦੇ ਲਈ ਜਾਂਦਾ ਹੈ ਤਾਂ ਕੇਂਦਰ ਸਰਕਾਰ ਉਹਨਾਂ ਦੇ ਨਾਲ ਅਜਿਹਾ ਵਰਤਾਓ ਕਰਦੀ ਹੈ। ਉਹਨਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਕਿਸਾਨਾਂ ਨੂੰ ਰੋਕਣ ਦੇ ਲਈ ਇਜਰਾਇਲ ਤੇ ਬਗਦਾਦ ਵਰਗੇ ਹਾਲਾਤ ਬਣਾ ਰਹੀ ਹੈ। ਜਿਸ ਤਰ੍ਹਾਂ ਕੋਈ ਵੱਡੀ ਜੰਗ ਲੱਗੀ ਹੋਈ ਹੋਵੇ ਉਹਨਾਂ ਕਿਹਾ ਕਿ 2020 ਦੇ ਵਿੱਚ ਮੋਦੀ ਨੇ ਸੰਸਦ ਦੇ ਵਿੱਚ ਕਿਹਾ ਸੀ ਕਿ ਖੇਤੀ ਕਾਨੂੰਨ ਬਣਾਉਣ ਦੇ ਸਮੇਂ ਉਹਨਾਂ ਤੋਂ ਗਲਤੀ ਹੋਈ ਹੈ ਅਤੇ ਅਗਲੀ ਵਾਰ ਅਜਿਹੀ ਗਲਤੀ ਨਹੀਂ ਹੋਵੇਗੀ।
ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੇ ਹਨ: ਬਿੱਟੂ ਨੇ ਕਿਹਾ ਕਿ ਹਾਲ ਹੀ 'ਚ 2024 ਦੇ ਸੈਸ਼ਨ ਦੌਰਾਨ ਵੀ ਕਿਸਾਨਾਂ ਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ ਗਈ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਕੇਂਦਰ ਕੋਲ ਸਭ ਹੁੰਦੇ ਸੁਣਦੇ ਵੀ ਉਹ ਕਿਸਾਨਾਂ ਨਾਲ ਵਿਤਕਰਾ ਕਰ ਰਹੇ ਹਨ। ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਵਾਰ ਕਿਸਾਨ ਦੂਹਰੀ ਸ਼ਕਤੀ ਨਾਲ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਉਹ ਆਪਣੇ ਪਰਿਵਾਰਾਂ ਦੇ ਸਮੇਤ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਕਿਸਾਨੀ ਦਾ ਝੰਡਾ ਚੁੱਕ ਕੇਂਦਰ ਸਰਕਾਰ ਦੀ ਖਿਲਾਫ ਅੰਦੋਲਨ ਕਰਨਗੇ।
ਆਪ ਸਰਕਾਰ ਨੂੰ ਵੀ ਸੁਣਾਈਆਂ ਖਰੀਆਂ : ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਤੇ ਵਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ ਜਾਂ ਭਗਵੰਤ ਮਾਨ, ਕਿਉਂਕਿ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਉਦਘਾਟਨ ਜਾਂ ਫਿਰ ਨੀਂਹ ਪੱਥਰ ਰੱਖਣਾ ਹੋਵੇ ਤਾਂ ਵੀ ਕੇਜਰੀਵਾਲ ਹੀ ਪੰਜਾਬ ਦੇ ਵਿੱਚ ਦਖਲ ਦਿੰਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਭਗਵੰਤ ਮਾਨ ਬਹੁਤ ਕਹਿੰਦਾ ਸੀ ਕਿ ਕਾਂਗਰਸ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ। ਪੰਜਾਬ ਕਾਂਗਰਸ ਦਿੱਲੀ ਵਾਲਿਆਂ ਦੇ ਹੱਥਾਂ ਦੀ ਕਠਪੁਤਲੀ ਹੈ।ਤਾਂ ਹੁਣ ਫਿਰ ਆਪਣੀ ਪਾਰਟੀ ਵਿੱਚ ਕੀ ਚੱਲ ਰਿਹਾ ਹੈ ਇਹ ਵੀ ਇੱਕ ਵਾਰ ਵਿਚਾਰ ਕਰ ਲਓ। ਕੇਜਰੀਵਾਲ ਤੋਂ ਬਿਨਾਂ ਪੰਜਾਬ ਸਰਕਾਰ ਵੀ ਨਹੀਂ ਚੱਲ ਰਹੀ। ਇੱਕ ਅਤੇ ਦਾ ਥੈਲਾ ਤੱਕ ਵੰਡਣ ਲਈ ਖੁਦ ਕੇਜਰੀਵਾਲ ਪੰਜਾਬ ਪਹੁੰਚ ਜਾਂਦੇ ਹਨ।