ਲੁਧਿਆਣਾ: ਬੀਤੇ ਦਿਨੀਂ ਕਰਵਾਏ ਗਏ ਇੰਡੀਆ ਆਇਕੋਨਿਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀ ਭਾਗੀਆਂ ਦਾ ਅੱਜ ਵਿਸ਼ੇਸ਼ ਤੌਰ ਉੱਤੇ ਆਰ ਆਰ ਪ੍ਰੋਡਕਸ਼ਨ ਵੱਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਸਮਾਗਮ ਵਿੱਚ ਵੱਡੀ ਗਿਣਤੀ 'ਚ ਮਾਡਲਾਂ ਸ਼ਾਮਿਲ ਹੋਈਆਂ, ਜਿਨ੍ਹਾਂ ਨੇ ਆਈਕੋਨਿਕ ਇੰਡੀਆ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਪੋਜੀਸ਼ਨ ਹਾਸਿਲ ਕੀਤੀ, ਅੱਜ ਉਨ੍ਹਾਂ ਦਾ ਵਿਸ਼ੇਸ਼ ਤੌਰ ਉੱਤੇ ਮਿਸ ਇੰਡੀਆ ਰਹੀ ਰਿਸ਼ੀਤਾ ਰਾਣਾ ਵੱਲੋਂ ਸਨਮਾਨਿਤ ਕਰਕੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।
ਹਰ ਸਾਲ ਹੋਣਗੇ ਅਜਿਹੇ ਮੁਕਾਬਲੇ : ਇਸ ਦੌਰਾਨ ਸਕਸੈਸ ਪਾਰਟੀ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਹੁਣ ਆਈਕੋਨਿਕ ਇੰਡੀਆ ਸ਼ੋਅ ਦੇ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ, ਤਾਂ ਜੋ ਯੂਥ ਨੂੰ ਇੱਕ ਚੰਗਾ ਪਲੇਟਫਾਰਮ ਮਿਲ ਸਕੇ, ਜਿੱਥੇ ਉਹ ਆਪਣੇ ਆਪ ਨੂੰ ਸਾਬਿਤ ਕਰਕੇ ਪਾਲੀਵੁੱਡ ਅਤੇ ਬਾਲੀਵੁੱਡ ਜਾਣ ਦਾ ਰਾਹ ਪੱਧਰਾ ਕਰ ਸਕੇ। ਉਨ੍ਹਾਂ ਨੂੰ ਮੌਕਾ ਮਿਲ ਸਕੇ ਕਿ ਉਹ ਆਪਣੀ ਪ੍ਰਤਿਭਾ ਦੇ ਜੌਹਰ ਇੰਡਸਟਰੀ ਵਿੱਚ ਦਿਖਾ ਸਕਣ। ਇਸ ਦੇ ਨਾਲ ਹੀ, ਨਵੇਂ ਚਿਹਰੇ ਸਾਹਮਣੇ ਆਉਣਗੇ ਅਤੇ ਯੂਥ ਨੂੰ ਮੌਕੇ ਮਿਲ ਸਕਣਗੇ।
ਮਿਸ ਇੰਡਿਆ ਰਹਿ ਚੁੱਕੀ ਰਿਸ਼ੀਤਾ ਵਲੋਂ ਖਾਸ ਸ਼ਿਰਕਤ: ਇਸ ਦੌਰਾਨ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕਰਦੇ ਹੋਏ ਮਿਸ ਇੰਡੀਆ ਰਹਿ ਚੁੱਕੀ ਅਤੇ ਆਰ ਆਰ ਪ੍ਰੋਡਕਸ਼ਨ ਦੀ ਮੁਖੀ ਮਾਡਲ ਰਿਸ਼ੀਤਾ ਰਾਣਾ ਨੇ ਕਿਹਾ ਕਿ ਆਈਕੋਨਿਕ ਇੰਡੀਆ ਸ਼ੋਅ ਬਹੁਤ ਹੀ ਵਧੀਆ ਹੋ ਕੇ ਨਿਬੜਿਆ ਹੈ। ਵਿਸ਼ੇਸ਼ ਤੌਰ ਉੱਤੇ ਬਾਲੀਵੁੱਡ ਤੋਂ ਅਰਬਾਜ਼ ਖਾਨ ਅਤੇ ਅਮਿਸ਼ਾ ਪਟੇਲ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ, ਜਿਨ੍ਹਾਂ ਨੇ ਇਸ ਸ਼ੋਅ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਨਵੀਂ ਪ੍ਰਤਿਭਾ ਖਾਸ ਕਰਕੇ ਪੰਜਾਬ ਤੋਂ ਸਾਹਮਣੇ ਆਵੇਗੀ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਪਹਿਲਾਂ ਵੀ ਬਾਲੀਵੁੱਡ ਵਿੱਚ ਕਾਫੀ ਦਬਦਬਾ ਰਿਹਾ ਹੈ। ਸਾਡੇ ਕਈ ਪੰਜਾਬ ਦੇ ਚਿਹਰੇ ਬਾਲੀਵੁੱਡ ਵਿੱਚ ਧੂਮ ਮਚਾ ਰਹੇ ਹਨ ਤੇ ਨੌਜਵਾਨ ਪੀੜੀ ਨੂੰ ਅਕਸਰ ਹੀ ਇਹ ਰਹਿੰਦਾ ਹੈ ਕਿ ਉਹ ਕਿਸ ਤਰ੍ਹਾਂ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਤੱਕ ਦਾ ਰਾਹ ਤੈਅ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਲਈ, ਉਨ੍ਹਾਂ ਵੱਲੋਂ ਇਹ ਪਲੇਟਫਾਰਮ ਲਿਆਂਦਾ ਗਿਆ ਹੈ।
ਇਸ ਦੌਰਾਨ ਕ੍ਰਿਸਟਲ ਸਵਿੱਚ ਦੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ ਨੇ, ਇਨ੍ਹਾਂ ਯੂਥ ਕਲਾਕਾਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਆਰ ਆਰ ਪ੍ਰੋਡਕਸ਼ਨ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਯੂਥ ਅੱਗੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਥ ਦੇ ਨਾਲ-ਨਾਲ ਬੱਚਿਆਂ ਦੇ ਵੀ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ ਤਾਂ, ਜੋ ਛੋਟੇ ਬੱਚੇ ਹਨ, ਉਨ੍ਹਾਂ ਦੀ ਵੀ ਪ੍ਰਤਿਭਾ ਨਿਖਰ ਕੇ ਸਾਹਮਣੇ ਆ ਸਕੇ। ਉਹ ਆਪਣੇ ਟੈਲੈਂਟ ਨੂੰ ਦੁਨੀਆਂ ਅੱਗੇ ਲਿਆ ਸਕਣ ਅਤੇ ਉਸ ਟੈਲੈਂਟ ਦੇ ਮੱਦੇਨਜ਼ਰ, ਉਨ੍ਹਾਂ ਨੂੰ ਅੱਗੇ ਹੋਰ ਕੰਮ ਮਿਲ ਸਕੇ।
ਅਗਲੀ ਵਾਰ ਮੁਕਾਬਲੇ ਕਰਵਾਉਣ ਦੀ ਤਿਆਰੀ : ਇਸ ਮੌਕੇ ਆਈਕੋਨਿਕ ਇੰਡੀਆ ਸ਼ੋਅ ਵਿੱਚ ਸ਼ਾਮਿਲ ਹੋਈਆਂ ਪ੍ਰਤਿਭਾਗੀਆ ਵੱਲੋਂ ਪ੍ਰੋਡਕਸ਼ਨ ਹਾਊਸ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਗਿਆ ਅਤੇ ਖਾਸ ਕਰਕੇ ਰਿਸ਼ੀਤਾ ਰਾਣਾ, ਜਿਨ੍ਹਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਦਾ ਪ੍ਰਬੰਧ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸ਼ੋਅ ਦੀ ਕਾਮਯਾਬੀ ਲਈ ਹੀ ਅੱਜ ਇਹ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ ਹੈ ਤੇ ਅਗਲੇ ਸਾਲ ਕਿਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਣੇ ਹਨ, ਇਸ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ ਹੈ।