ਲੁਧਿਆਣਾ : ਦੱਖਣੀ ਅਫਰੀਕਾ ਦੇ ਵਿੱਚ ਹਾਲੀ ਦੇ ਅੰਦਰ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਪੰਜਾਬ ਦੀ ਧੀ ਚੰਨਦੀਪ ਕੌਰ ਕਰਾਟੇ ਦੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਆਈ ਹੈ। ਪੰਜਾਬ ਪਹੁੰਚਣ 'ਤੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਉਸ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਉਸ ਦੇ ਕੋਚ ਨੇ ਦੱਸਿਆ ਕਿ ਉਹ ਪੰਜਾਬ ਦੇ ਅੰਦਰ ਕਰਾਟੇ ਦੀ ਇਕਲੌਤੀ ਖਿਡਾਰਨ ਬਣੀ ਹੈ, ਜਿਸ ਨੇ ਕਰਾਟਿਆਂ ਦੇ ਅੰਦਰ ਚਾਂਦੀ ਦਾ ਤਗਮਾ ਜਿੱਤਿਆ ਹੈ। ਖੇਡ ਦੌਰਾਨ ਚੰਨਦੀਪ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਦਾ ਕਰਾਟੇ ਦੀ ਪ੍ਰੈਕਟਿਸ ਕਰਨ ਦਾ ਕੋਈ ਵੀ ਟਾਈਮ ਲਿਮਿੰਟ ਨਹੀਂ ਹੈ। ਉਹ ਸਵੇਰ ਸ਼ਾਮ ਪੂਰਾ ਦਿਨ ਕਰਾਟਿਆਂ ਦੀ ਪ੍ਰੈਕਟਿਸ ਕਰਦੀ ਹੈ।
ਕੌਮੀ ਖੇਡਾਂ ਦੇ ਵਿੱਚ ਵੀ ਲਿਆ ਚੁੱਕੀ ਹੈ ਮੈਡਲ
ਕਰਾਟੇ ਦੀ ਖਿਡਾਰਨ ਚੰਨਦੀਪ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ ਉਸ ਨੂੰ ਉਮੀਦ ਵੀ ਨਹੀਂ ਸੀ ਕਿ ਉਹ ਇੰਨੇ ਵੱਡੇ ਖੇਡਾਂ ਦੇ ਪਲੈਟਫਾਰਮ 'ਤੇ ਮੈਡਲ ਲੈ ਕੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਉਸ ਦੇ ਕੋਚ ਦੀ ਬਦੌਲਤ ਉਸ ਦੇ ਮਾਤਾ ਪਿਤਾ ਦੀ ਬਦੌਲਤ ਹੀ ਹੋਇਆ ਹੈ। ਚੰਨਦੀਪ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ। ਹੁਣ ਉਹ ਅੱਗੇ ਪ੍ਰੈਕਟਿਸ ਕਰ ਰਹੀ ਹੈ ਤਾਂ ਕਿ ਆਉਣ ਵਾਲੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਹੋਰ ਬਿਹਤਰ ਕਰ ਸਕੇ। ਚੰਨਦੀਪ ਨੇ ਦੱਸਿਆ ਕਿ ਉਹ ਪਿਛਲੇ ਪੰਜ ਤੋਂ ਛੇ ਸਾਲ ਤੋਂ ਕਰਾਟੇ ਖੇਡ ਰਹੀ ਹੈ। ਇਸ ਤੋਂ ਪਹਿਲਾਂ ਉਹ ਕੌਮੀ ਖੇਡਾਂ ਦੇ ਵਿੱਚ ਵੀ ਮੈਡਲ ਲਿਆ ਚੁੱਕੀ ਹੈ।
ਮਾਤਾ ਪਿਤਾ ਨੂੰ ਆਪਣੀ ਧੀ ਦੀ ਕਾਮਯਾਬੀ 'ਤੇ ਹੈ ਮਾਣ
ਦੂਜੇ ਪਾਸੇ ਉਸ ਦੇ ਮਾਤਾ ਪਿਤਾ ਵੀ ਆਪਣੀ ਬੇਟੀ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਨੇ ਉਸ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਦੇ ਵਿੱਚ ਕੁਆਲੀਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਉਨ੍ਹਾਂ ਦੇ ਕੋਚਾਂ ਦੀ ਸਖਤ ਮਿਹਨਤ ਅਤੇ ਬੇਟੀ ਦੀ ਪ੍ਰੈਕਟਿਸ ਅਤੇ ਲਗਨ ਦੇ ਕਰਕੇ ਹੀ ਅੱਜ ਉਹ ਮੈਡਲ ਲਿਆਉਣ ਦੇ ਵਿੱਚ ਕਾਮਯਾਬ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਧੀ 'ਤੇ ਉਨ੍ਹਾਂ ਨੂੰ ਮਾਣ ਹੈ।