ਲੁਧਿਆਣਾ: ਅੱਜ ਸੱਤਵੇਂ ਪੜਾਅ ਦੀ ਵੋਟਿੰਗ ਜਾਰੀ ਹੈ। ਜਿਸ ਦੇ ਚੱਲਦੇ ਲੀਡਰ ਤੇ ਵੋਟਰ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਇਸ ਦੇ ਚੱਲਦੇ ਸਿਆਸੀ ਦਿੱਗਜਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਰਹੀ ਹੈ। ਉਥੇ ਹੀ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਥੇ ਮਾਹੌਲ ਤੱਲਖੀ ਵਾਲਾ ਦੇਖਣ ਨੂੰ ਮਿਲਿਆ ਹੈ। ਜਿਥੇ ਕਾਂਗਰਸ ਅਤੇ 'ਆਪ' ਵਰਕਰਾਂ 'ਚ ਹੰਗਾਮਾ ਦੇਖਣ ਨੂੰ ਮਿਲਿਆ ਤਾਂ ਉਥੇ ਹੀ ਬੂਥ ਦੀ ਜਾਂਚ ਕਰਨ ਆਏ ਸਿਮਰਜੀਤ ਬੈਂਸ ਨੂੰ ਪੁਲਿਸ ਵਲੋਂ ਰੋਕ ਲਿਆ ਗਿਆ।
ਬੈਂਸ ਦੀ ਗੱਡੀ ਦੇ ਕਾਗਜ਼ ਚੈੱਕ: ਦੱਸ ਦਈਏ ਕਿ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਵਲੋਂ ਪੋਲਿੰਗ ਬੂਥਾਂ 'ਤੇ ਚੱਕਰ ਲਗਾਉਂਦੇ ਸਮੇਂ ਪੁਲਿਸ ਨੇ ਪਾਇਲਟ ਜਿਪਸੀ ਰੋਕ ਲਈ। ਜਿਸ ਤੋਂ ਬਾਅਦ ਉਸ ਗੱਡੀ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਲੱਗੇ ਹੋਣ ਦੇ ਚੱਲਦਿਆਂ ਪੁਲਿਸ ਨੇ ਇਸ ਗੱਡੀ ਨੂੰ ਰੋਕਿਆ ਅਤੇ ਇਸ ਗੱਡੀ ਦੇ ਕਾਗਜ਼ ਚੈੱਕ ਕਰਨ ਤੋਂ ਬਾਅਦ ਇਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ।
ਵੜਿੰਗ ਦੀ ਜਿੱਤ ਤੋਂ ਘਬਰਾਏ ਵਿਰੋਧੀ: ਉਧਰ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਦੀ ਚੜਤ ਨੂੰ ਦੇਖਦੇ ਹੋਏ ਸਰਕਾਰ ਬੁਖਲਾਹਟ ਦੇ ਵਿੱਚ ਹੈ। ਇਸੇ ਦੇ ਚੱਲਦਿਆਂ ਉਹਨਾਂ ਦੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਤੇ ਉਨ੍ਹਾਂ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ। ਬੈਂਸ ਦਾ ਕਹਿਣਾ ਕਿ ਸਰਕਾਰ ਸੱਤਾ ਦੇ ਨਸ਼ੇ 'ਚ ਸਿਰਫ਼ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਕਾਂਗਰਸ ਅਤੇ 'ਆਪ' ਵਰਕਰਾਂ 'ਚ ਹੰਗਾਮਾ: ਉਥੇ ਹੀ ਲੁਧਿਆਣਾ ਦੇ ਵਿੱਚ ਜਿੱਥੇ ਇੱਕ ਪਾਸੇ ਸਿਮਰਜੀਤ ਬੈਂਸ ਨੂੰ ਰੋਕ ਕੇ ਉਨ੍ਹਾਂ ਦੀ ਕਾਰ ਦੇ ਕਾਗਜ਼ ਚੈੱਕ ਕੀਤੇ ਗਏ ਅਤੇ ਸਿਮਰਜੀਤ ਬੈਂਸ ਨੇ ਇਸ ਨੂੰ ਪੁਲਿਸ ਦਾ ਧੱਕਾ ਦੱਸਿਆ ਤੇ ਮੌਜੂਦਾ ਸਰਕਾਰ 'ਤੇ ਸਵਾਲ ਖੜੇ ਕੀਤੇ ਤਾਂ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਈਸਾ ਨਗਰੀ ਨੇੜੇ ਪੋਲਿੰਗ ਬੂਥ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਬਹਿਸ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਰਕਰ ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਨਾਂ ਦੇ ਵਰਕਰ ਦੇ ਨਾਲ ਧੱਕਾ ਮੁੱਕੀ ਕਰਨ ਅਤੇ ਇਸ ਨੂੰ ਡਰਾਉਣ ਧਮਕਾਉਣ ਦੇ ਇਲਜ਼ਾਮ ਲਗਾ ਰਹੇ ਹਨ।
ਇੱਟ ਦਾ ਪੱਥਰ ਨਾਲ ਦੇਵਾਂਗੇ ਜਵਾਬ: ਇਸ ਨੂੰ ਲੈਕੇ ਰਾਜਾ ਵੜਿੰਗ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਗੁੰਡਾਗਰਦੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੋਲਿੰਗ ਏਜੰਟ ਦਾ ਕਾਰਡ ਖੋ ਲਿਆ ਤੇ ਉਸ ਨੂੰ ਧੱਕੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਇਸ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਆਪਣੀ ਮਰਿਯਾਦਾ 'ਚ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਹਾਂ।
ਵੜਿੰਗ ਦੀ AAP ਉਮੀਦਵਾਰ ਨਾਲ ਮੀਟਿੰਗ: ਉਥੇ ਹੀ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਬੂਥ ਵਰਕਰ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹੋਈ ਧੱਕਾ ਮੁੱਕੀ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਪਹੁੰਚੇ। ਜਿਥੇ ਉਨ੍ਹਾਂ ਵਲੋਂ ਬੰਦ ਕਮਰੇ ਦੇ ਵਿੱਚ ਮੁਲਾਕਾਤ ਕੀਤੀ ਗਈ ਤੇ ਇਸ ਮੌਕੇ ਮੀਡੀਆ ਨੂੰ ਦੂਰ ਰੱਖਿਆ ਗਿਆ। ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਹਰ ਉਮੀਦਵਾਰ ਨੂੰ ਉਹ ਅਪੀਲ ਕਰਦੇ ਹਨ ਕਿ ਸਾਰਿਆਂ ਨੂੰ ਸੁਖਾਵੇ ਮਾਹੌਲ ਬਣਾਉਣੇ ਚਾਹੀਦੇ ਹਨ ਤਾਂ ਜੋ ਛੇ ਵਜੇ ਤੋਂ ਬਾਅਦ ਜਦੋਂ ਵੋਟਿੰਗ ਖਤਮ ਹੋ ਜਾਣੀ ਤਾਂ ਸਾਰੇ ਇੱਕ ਦੂਜੇ ਨੂੰ ਪਿਆਰ ਭਰੀ ਨਜ਼ਰ ਨਾਲ ਦੇਖ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਗੱਲ ਕਰਨ ਦੇ ਯੋਗ ਵੀ ਨਾ ਰਹੀਏ।
- ਲੁਧਿਆਣਾ ਦੇ ਇਸ ਪਿੰਡ 'ਚ ਸਵੇਰ ਤੋਂ ਕਿਸੇ ਵੋਟਰ ਨੇ ਨਹੀਂ ਪਾਈ ਵੋਟ, ਪੋਲਿੰਗ ਸਟੇਸ਼ਨ ਖਾਲੀ - Boycott The Lok Sabha Election
- ਪਹਿਲੀ ਵਾਰ ਵੋਟ ਪਾਉਣ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ - youth voted for the first time
- ਬਸਪਾ ਉਮੀਦਵਾਰ ਦਾ ਬਿਆਨ, ਕਿਹਾ- ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ - Lok sabha election 2024