ਬਰਨਾਲਾ: ਸ਼ਹਿਰ ਦੀ ਦਾਣਾ ਮੰਡੀ ਵਿੱਚ 26 ਮਈ ਭਾਵ ਅੱਜ ਲੋਕ ਸੰਗਰਾਮ ਰੈਲੀ ਕੀਤੀ ਜਾ ਰਹੀ ਹੈ। ਜੱਥੇਬੰਦੀਆਂ ਇਸ ਰੈਲੀ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਸ਼ਾਮ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਰੈਲੀ ਵਿੱਚ ਬੀਕੇਯੂ ਉਗਰਾਹਾਂ ਸਮੇਤ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਹੋਰ ਦਰਜ਼ਨ ਭਰ ਜੱਥੇਬੰਦੀਆਂ ਭਾਗ ਲੈ ਰਹੀਆਂ ਹਨ। ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ ਵੱਡੇ ਆਗੂ ਰੈਲੀ ਨੂੰ ਸਬੋਧਨ ਕਰਨਗੇ।
ਸਿਆਸੀ ਲੋਕਾਂ ਬਾਰੇ ਜਾਗਰੂਕ: ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬਲੌਰ ਸਿੰਘ ਛੰਨਾ ਅਤੇ ਰੂਪ ਸਿੰਘ ਛੰਨਾ ਨੇ ਕਿਹਾ ਕਿ 26 ਮਈ ਨੂੰ ਲੋਕ ਸੰਗਰਾਮ ਰੈਲੀ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਣ ਜਾ ਰਹੀ ਹੈ। ਜਿਸ ਵਿੱਚ ਪੰਜਾਬ ਭਰ ਤੋਂ ਕਿਸਾਨ ਮਜ਼ਦੂਰ, ਔਰਤਾਂ, ਮੁਲਾਜ਼ਮ ਅਤੇ ਨੌਜਵਾਨ ਇਸ ਰੈਲੀ ਵਿੱਚ ਪੁੱਜਣਗੇ। ਜਿਸਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆ ਹਨ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਇੱਕ ਪਾਸੇ ਵੋਟਾਂ ਦਾ ਜ਼ੋਰ ਚੱਲਿਆ ਹੋਇਆ ਹੈ। ਸਾਰੀਆਂ ਹੀ ਸਿਆਸੀ ਧਿਰਾਂ ਲੋਕ ਵਿਰੋਧੀ ਹਨ। ਇੱਕ ਪਾਸੇ ਲੁੱਟਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਲੁੱਟੇ ਜਾਣ ਵਾਲੇ ਲੋਕ ਹਨ। ਸਾਡੀਆਂ ਜੱਥੇਬੰਦੀਆਂ ਦੇ ਬੁਲਾਰੇ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ ਆਗੂ ਇਸ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਇਹਨਾਂ ਸਿਆਸੀ ਲੋਕਾਂ ਬਾਰੇ ਜਾਗਰੂਕ ਕਰਨਗੇ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀਆਂ ਸਮੱਸਿਆਵਾਂ ਸਮੇਤ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇਗੀ। ਜਿਸ ਕਰਕੇ ਸਮੂਹ ਪੰਜਾਬ ਦੇ ਲੋਕਾਂ ਨੁੰ ਇਸ ਰੈਲੀ ਵਿੱਚ ਪੁੱਜਣ ਲਈ ਅਪੀਲ ਕਰ ਰਹੇ ਹਨ।
ਵੋਟਾਂ ਹਾਕਮ ਜਮਾਤਾਂ ਦਾ ਖਤਰਨਾਕ ਹਥਿਆਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਇਸ ਰੈਲੀ 'ਚ ਵੱਡੀ ਗਿਣਤੀ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨ, ਖੇਤ ਮਜ਼ਦੂਰ, ਸਨਅਤੀ ਤੇ ਬਿਜਲੀ ਕਾਮੇ, ਠੇਕਾ ਮੁਲਾਜ਼ਮ, ਅਧਿਆਪਕ ਅਤੇ ਵਿਦਿਆਰਥੀਆਂ ਸਮੇਤ ਵੱਖ ਵੱਖ ਤਬਕਿਆਂ ਦੇ ਲੋਕ ਪਹੁੰਚਣਗੇ। ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਇਹ ਵੋਟਾਂ ਲੋਕਾਂ ਨੂੰ ਪਾੜਣ -ਵੰਡਣ ਅਤੇ ਉਹਨਾਂ ਦੇ ਅਸਲ ਮੁੱਦਿਆਂ ਨੂੰ ਰੋਲਣ ਲਈ ਹਾਕਮ ਜਮਾਤਾਂ ਦਾ ਖਤਰਨਾਕ ਹਥਿਆਰ ਹੈ। ਉਹਨਾਂ ਕਿਹਾ ਕਿ ਪੌਣੀ ਸਦੀ ਤੋਂ ਲੋਕ ਵੋਟਾਂ ਪਾ ਕੇ ਸਰਕਾਰਾਂ ਬਦਲਦੇ ਆ ਰਹੇ ਹਨ, ਪਰ ਖੇਤ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਈ ਦੀ ਹਾਲਤ ਨਹੀਂ ਬਦਲੀ ਕਿਉਂਕਿ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਕਰਜ਼ੇ ਤੇ ਖ਼ੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਦੀ ਜੜ੍ਹ ਬਣਦੀਆਂ ਜਗੀਰਦਾਰਾਂ , ਸੂਦਖੋਰਾਂ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨਿੱਜੀਕਰਨ-ਵਪਾਰੀਕਰਨ ਵਾਲੀਆਂ ਨੀਤੀਆਂ ਉੱਤੇ ਭਾਜਪਾ , ਕਾਂਗਰਸ, ਆਪ ਤੇ ਅਕਾਲੀ ਦਲ ਸਮੇਤ ਸਾਰੀਆਂ ਹੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਇੱਕਮੱਤ ਹਨ।
ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ: ਉਹਨਾਂ ਆਖਿਆ ਕਿ ਇੱਥੇ ਜਮਹੂਰੀਅਤ ਦੀ ਨਾਂਅ ਦੀ ਕੋਈ ਚੀਜ਼ ਨਹੀਂ, ਬਲਕਿ ਜਮਹੂਰੀਅਤ ਦੇ ਪਰਦੇ ਓਹਲੇ ਤਾਨਾਸ਼ਾਹੀ ਸ਼ਾਸਨ ਹੈ। ਉਹਨਾਂ ਆਖਿਆ ਕਿ ਇੱਥੇ ਲੋਕਾਂ ਦੀ ਸੁਣਵਾਈ ਤਾਂ ਜਥੇਬੰਦ ਤਾਕਤ ਤੇ ਸੰਘਰਸ਼ਾਂ ਦੇ ਜ਼ਰੀਏ ਹੀ ਹੁੰਦੀ ਹੈ। ਉਹਨਾਂ ਸਮੂਹ ਲੋਕਾਂ ਨੂੰ ਸੱਦਾ ਕਿ ਲੋਕ ਵਿਰੋਧੀ ਸਿਆਸੀ ਪਾਰਟੀਆਂ ਦੇ ਮੁਕਾਬਲੇ ਤੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਲੋਕ ਸੰਗਰਾਮ ਰੈਲੀ ਚ ਪਰਿਵਾਰਾਂ ਸਮੇਤ ਪੁੱਜਣ।