ਲੁਧਿਆਣਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਚੱਲ ਰਹੇ ਦੋ ਦਿਨਾਂ ਕਿਸਾਨ ਮੇਲੇ ਦੇ ਵਿੱਚ ਪੀਏਯੂ ਐਨਐਸਐਸ ਦੇ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ। ਬੱਚਿਆਂ ਨੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਵੱਖ-ਵੱਖ ਸਲੋਗਨਾਂ ਰਾਹੀ ਵਿਦਿਆਰਥੀਆਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਵੋਟ ਵੱਧ ਤੋਂ ਵੱਧ ਪਾਉਣ ਸਬੰਧੀ ਜਾਗਰੂਕ ਕੀਤਾ ਤੇ ਕਿਹਾ ਕਿ ਲੋਕਤੰਤਰ ਦੇ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਬੇਹਦ ਜ਼ਰੂਰੀ ਹੈ।
ਵੋਟ ਪਾਉਣ ਲਈ ਕੀਤਾ ਜਾ ਰਿਹਾ ਜਾਗਰੂਕ: ਇਹਨਾਂ ਵਿਦਿਆਰਥੀਆਂ ਦੇ ਵਿੱਚ ਜ਼ਿਆਦਾਤਰ ਅਜਿਹੇ ਵੋਟਰ ਸਨ, ਜਿਨਾਂ ਨੇ ਪਹਿਲੀ ਵਾਰ ਵੋਟ ਪਾਉਣੀ ਸੀ। ਇਸ ਦੌਰਾਨ ਐਨਐਸਐਸ ਦੇ ਪ੍ਰੋਗਰਾਮ ਕੋਡੀਨੇਟਰ ਡਾਕਟਰ ਹਰਮੀਤ ਸਿੰਘ ਨੇ ਕਿਹਾ ਕਿ ਲਗਭਗ 541 ਦੇ ਕਰੀਬ ਵਿਦਿਆਰਥੀ ਹਨ ਜੋ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਦੋ ਦਿਨ ਲਈ ਇਹ ਲੋਕਾਂ ਨੂੰ ਜਾਗਰੂਕ ਕਰਨਗੇ। ਉਹਨਾਂ ਨੇ ਕਿਹਾ ਕਿ ਹੱਥਾਂ ਦੇ ਵਿੱਚ ਬੈਨਰ ਫੜ ਕੇ ਜਾਂਦੇ ਵਿਦਿਆਰਥੀਆਂ ਨੂੰ ਲੋਕ ਜ਼ਰੂਰ ਵੇਖਦੇ ਹਨ ਅਤੇ ਵੋਟਾਂ ਪਾਉਣ ਸੰਬੰਧੀ ਵੱਧ ਤੋਂ ਵੱਧ ਪ੍ਰਫੁਲਿਤ ਹੁੰਦੇ ਹਨ। ਉਥੇ ਹੀ ਵਿਦਿਆਰਥੀਆਂ ਨੇ ਵੀ ਕਿਹਾ ਕਿ ਵੋਟ ਪਾਉਣੀ ਸਾਡਾ ਜਮਹੂਰੀ ਹੱਕ ਹੈ ਅਤੇ ਇਸ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਵੀ ਕਰ ਰਹੇ ਪ੍ਰੇਰਿਤ: ਜਿਸ ਦੌਰਾਨ ਡਾਕਟਰ ਹਰਮੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਕਿਸਾਨ ਮੇਲੇ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ, ਜਿਸ ਵਿੱਚ 541 ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ ਹਨ ਅਤੇ ਇਹਨਾਂ ਸਾਰੇ ਹੀ ਵਿਦਿਆਰਥੀਆਂ ਵਲੋਂ ਹੱਥਾਂ ਚ ਵੱਖ-ਵੱਖ ਬੈਨਰ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਨੌਜਵਾਨ ਜੋ ਘੱਟ ਵੋਟਾਂ ਵਿੱਚ ਸ਼ਾਮਿਲ ਹੁੰਦੇ ਹਨ, ਉਹਨਾਂ ਨੂੰ ਵਿਸ਼ੇਸ਼ ਰੂਪ ਵਿੱਚ ਨੌਜਵਾਨਾਂ ਵੱਲੋਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਵੋਟਾਂ ਪਾਉਣੀਆਂ ਜ਼ਰੂਰੀ ਹੈ। ਉਹਨਾਂ ਕਿਹਾ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਓ ਪਰ ਵੋਟ ਜਰੂਰ ਪਾਓ ਕਿਉਂਕਿ ਇੱਕ ਇੱਕ ਵੋਟ ਵੀ ਮਾਇਨੇ ਰੱਖਦੀ ਹੈ। ਖਾਸ ਕਰਕੇ ਨੌਜਵਾਨਾਂ ਨੂੰ ਆਪਣੀ ਸਰਕਾਰ ਚੁਣਨ ਦਾ ਪੂਰਾ ਅਧਿਕਾਰ ਹੈ, ਜਿਸ ਕਰਕੇ ਉਹਨਾਂ ਨੂੰ ਵੀ ਵੋਟਾਂ 'ਚ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਵਧਾਉਣੀ ਚਾਹੀਦੀ ਹੈ।