ਲੁਧਿਆਣਾ: ਸਿਮਰਜੀਤ ਬੈਂਸ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਰਾਹੁਲ ਗਾਂਧੀ ਦੇ ਨਾਲ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਦੀ ਮੁਲਾਕਾਤ ਹੋਈ ਹੈ। ਸਿਮਰਜੀਤ ਬੈਂਸ ਬੀਤੀਆਂ ਲੋਕ ਸਭਾ ਚੋਣਾਂ ਦੇ ਵਿੱਚ 3 ਲੱਖ 7 ਹਜ਼ਾਰ ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਰਹੇ ਸਨ, ਜਦਕਿ ਤੀਜੇ ਨੰਬਰ ਉੱਤੇ ਅਕਾਲੀਆਂ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਸਨ।
ਹਾਲਾਂਕਿ, ਸਾਲ 2022 ਦੀਆਂ ਚੋਣਾਂ ਵਿੱਚ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਦੋਵੇਂ ਹੀ ਆਪਣੀ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਗਏ ਸਨ। ਪਰ, ਲੋਕ ਸਭਾ ਚੋਣਾਂ ਵਿੱਚ ਸਿਮਰਜੀਤ ਬੈਂਸ ਦਾ ਚੰਗਾ ਦਬਦਬਾ ਹੈ ਅਤੇ ਉਨ੍ਹਾਂ ਦਾ ਵੋਟ ਬੈਂਕ ਵੀ ਵੱਡਾ ਹੈ। ਸਿਮਰਜੀਤ ਬੈਂਸ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿੱਖਿਆ ਹੈ ਕਿ ਜਦੋਂ ਪੰਜਾਬ ਵਿੱਚ ਦੋ ਵੱਡੀਆਂ ਸ਼ਕਤੀਆਂ ਇਕੱਠੀਆਂ ਹੋਣ ਉੱਤੇ ਉਨ੍ਹਾਂ ਦਾ ਧੰਨਵਾਦ ਹੈ।
ਕਾਂਗਰਸ ਵੱਲੋਂ 10 ਸਾਲ ਤੋਂ ਲਗਾਤਾਰ ਰਵਨੀਤ ਬਿੱਟੂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਨੇ ਅਤੇ 10 ਸਾਲ ਲਗਾਤਾਰ ਸਿਮਰਜੀਤ ਬੈਂਸ ਵੀ ਚੋਣ ਮੈਦਾਨ ਵਿੱਚ ਨਿਤਰਦੇ ਰਹੇ। ਪਰ, ਇਸ ਵਾਰ ਚੋਣ ਮੈਦਾਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹਨ ਅਤੇ ਸਿਮਰਜੀਤ ਬੈਂਸ ਦਾ ਵੋਟ ਬੈਂਕ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਦਾ ਹੈ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ।
ਵਿਰੋਧੀਆਂ ਦੇ ਨਿਸ਼ਾਨੇ 'ਤੇ ਬੈਂਸ: ਸਿਮਰਜੀਤ ਬੈਂਸ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਸਿਆਸੀ ਪ੍ਰਤਿਕ੍ਰਿਆਵਾਂ ਚੱਲ ਰਹੀਆਂ ਹਨ, ਜਿੱਥੇ ਰਵਨੀਤ ਬਿੱਟੂ ਨੇ ਉਨ੍ਹਾਂ ਨੂੰ ਮੌਕਾ ਪ੍ਰਸਤ ਦੀ ਰਾਜਨੀਤੀ ਕਰਨ ਵਾਲਾ ਦੱਸਿਆ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਬੈਂਸ ਭਰਾਵਾਂ ਦੀ ਸਿਆਸਤ ਗਲੀ ਮੁਹੱਲਿਆਂ ਤੱਕ ਹੀ ਸੀਮਿਤ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਉਨ੍ਹਾਂ ਲਈ ਬਹੁਤ ਦੂਰ ਹੈ। ਆਪ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਦਲ ਬਦਲੀਆਂ ਦਾ ਹੈ। ਪਹਿਲਾਂ ਅਕਾਲੀ ਦਲ ਵਿੱਚ ਸੀ, ਫਿਰ ਆਪ ਵਿੱਚ ਸੀ ਅਤੇ ਫਿਰ ਭਾਜਪਾ ਨੂੰ ਉਨ੍ਹਾਂ ਨੇ ਸਮਰਥਨ ਦਿੱਤਾ।
ਉੱਥੇ ਹੀ, ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋ ਨੇ ਕਿਹਾ ਹੈ ਕਿ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਮਰਜੀਤ ਬੈਂਸ, ਰਵਨੀਤ ਬਿੱਟੂ ਦੇ ਨਾਲ ਖੜੇ ਹੋ ਕੇ ਉਨ੍ਹਾਂ ਨੂੰ ਜਿਤਾਉਂਦੇ ਸੀ। ਉਹ ਪਹਿਲਾਂ ਵੀ ਕਾਂਗਰਸ ਦੇ ਹੀ ਸਮਰਥਨ ਵਿੱਚ ਸੀ, ਜਦਕਿ ਗੱਲ ਉਹ ਪੰਜਾਬ ਦੇ ਪਾਣੀਆਂ ਦੀ ਅਤੇ ਪੰਜਾਬ ਦੇ ਹੱਕਾਂ ਦੀ ਕਰਦੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਰਵਨੀਤ ਬਿੱਟੂ ਨੂੰ ਜਿਤਵਾਉਣ ਲਈ ਹੀ ਸਿਮਰਜੀਤ ਬੈਂਸ ਚੋਣ ਮੈਦਾਨ ਵਿੱਚ ਉਤਰਦੇ ਸੀ ਤੇ ਹੁਣ ਰਾਜਾ ਵੜਿੰਗ ਨੂੰ ਸਮਰਥਨ ਦੇਣ ਲਈ ਉਹ ਸ਼ਰੇਆਮ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਾਮਿਲ ਹੋਣ ਦੇ ਨਾਲ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ।
ਕਾਂਗਰਸ ਨੇ ਕੀਤਾ ਸਵਾਗਤ: ਦੂਜੇ ਪਾਸੇ ਕਾਂਗਰਸ ਨੇ ਸਿਮਰਜੀਤ ਬੈਂਸ ਦਾ ਸਵਾਗਤ ਕੀਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਜੋ ਕੋਈ ਵੀ ਸ਼ਾਮਿਲ ਹੋਣਾ ਚਾਹੁੰਦਾ ਹੈ, ਉਹ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਦੂਜਾ ਉਨ੍ਹਾਂ ਕਿਹਾ ਕਿ ਗੱਲ ਜੇਕਰ ਬਲਾਤਕਾਰ ਮਾਮਲੇ ਦੀ ਕੀਤੀ ਜਾਵੇ, ਤਾਂ ਫਿਲਹਾਲ ਕੋਰਟ ਵਿੱਚ ਮਾਮਲਾ ਵਿਚਾਰ ਅਧੀਨ ਹੈ। ਅਸੀਂ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਹਿ ਸਕਦੇ ਅਤੇ ਨਾ ਹੀ ਕਹਿਣਾ ਚਾਹੀਦਾ ਹੈ।
ਦੂਜੇ ਪਾਸੇ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਕਿਹਾ ਹੈ ਕਿ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਦਾ ਲੁਧਿਆਣਾ ਵਿੱਚ ਚੰਗਾ ਹੋਲਡ ਹੈ। ਸਿਰਫ ਲੁਧਿਆਣਾ ਹੀ ਨਹੀਂ ਲੁਧਿਆਣੇ ਤੋਂ ਬਾਹਰ ਵੀ ਪੰਜਾਬ ਦੇ ਅੰਦਰ ਉਨ੍ਹਾਂ ਦਾ ਕੈਡਰ ਹੈ। ਇਸ ਕਰਕੇ ਕਾਂਗਰਸ ਨੂੰ ਜ਼ਰੂਰ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਦੇ ਲੋਕ ਜਿੱਥੇ ਜਿੱਥੇ ਹੋਣਗੇ ਉਹ ਕਾਂਗਰਸ ਨੂੰ ਸਪੋਰਟ ਕਰਨਗੇ ਅਤੇ ਕਾਂਗਰਸ ਦੇ ਹੱਕ ਦੇ ਵਿੱਚ ਹੀ ਆਉਣ ਵਾਲੇ ਦਿਨਾਂ ਦੇ ਅੰਦਰ ਨਤੀਜੇ ਆਉਣਗੇ।
ਸਿਆਸੀ ਪਿਛੋਕੜ: ਸਿਮਰਜੀਤ ਬੈਂਸ ਦੇ ਜੇਕਰ ਸਿਆਸੀ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਸਾਲ 2014 ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਸਿਮਰਜੀਤ ਬੈਂਸ ਨੇ 2 ਲੱਖ, 10 ਹਜ਼ਾਰ ਦੇ ਕਰੀਬ ਵੋਟਾਂ ਹਾਸਿਲ ਕੀਤੀਆਂ ਸਨ। ਸਾਲ 2012 ਵਿੱਚ ਪਹਿਲੀ ਵਾਰ ਉਹ ਵਿਧਾਇਕ ਚੁਣੇ ਗਏ। ਆਤਮ ਨਗਰ ਹਲਕੇ ਤੋਂ ਸਿਮਰਜੀਤ ਬੈਂਸ ਜਿੱਤੇ ਅਤੇ ਉਸ ਤੋਂ ਬਾਅਦ 2017 ਦੇ ਵਿੱਚ ਮੁੜ ਤੋਂ ਸਿਮਰਜੀਤ ਬੈਂਸ ਨੇ ਜਿੱਤ ਹਾਸਿਲ ਕੀਤੀ। ਉੱਥੇ ਹੀ ਬਲਵਿੰਦਰ ਬੈਂਸ ਨੇ ਵੀ 2017 ਦੇ ਵਿੱਚ ਜਿੱਤ ਹਾਸਿਲ ਕੀਤੀ ਅਤੇ ਉਹ ਵੀ ਐਮਐਲਏ ਬਣੇ। ਬਲਵਿੰਦਰ ਬੈਂਸ ਐਸਜੀਪੀਸੀ ਦੇ ਮੈਂਬਰ ਵੀ ਰਹੇ ਹਨ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਵੇਂ ਬੈਂਸ ਭਰਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਪੱਲਾ ਫੜਨ ਤੋਂ ਬਾਅਦ ਦੋਵੇਂ ਬੈਂਸ ਭਰਾਵਾਂ ਦਾ ਕਿਸ ਨੂੰ ਫਾਇਦਾ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।