ETV Bharat / state

ਨਗਰ ਨਿਗਮ ਚੋਣਾਂ 'ਚ ਵੋਟਰ ਸੂਚੀ ਨੂੰ ਲੈ ਕੇ ਖੜੇ ਹੋ ਰਹੇ ਵਿਵਾਦ, ਪਹਿਲਾਂ ਭਾਜਪਾ ਤਾਂ ਹੁਣ AAP ਨੇ ਵੀ ਚੁੱਕੇ ਸਵਾਲ, ਕਿਹਾ.... - LUDHIANA MC ELECTIONS RESULTS

ਨਗਰ ਨਿਗਮ ਲੁਧਿਆਣਾ ਦੇ ਚੋਣ ਨਤੀਜਿਆਂ ਨੂੰ ਲੈਕੇ ਸਿਆਸੀ ਪਾਰਟੀਆਂ ਹੁਣ ਪ੍ਰਸ਼ਾਸਨ 'ਤੇ ਠੀਕਰਾ ਭੰਨ ਰਹੀਆਂ ਹਨ। ਪੜ੍ਹੋ ਖ਼ਬਰ...

ਨਗਰ ਨਿਗਮ ਚੋਣਾਂ 'ਚ ਵੋਟਰ ਸੂਚੀ ਨੂੰ ਲੈ ਕੇ ਖੜੇ ਹੋ ਰਹੇ ਵਿਵਾਦ
ਨਗਰ ਨਿਗਮ ਚੋਣਾਂ 'ਚ ਵੋਟਰ ਸੂਚੀ ਨੂੰ ਲੈ ਕੇ ਖੜੇ ਹੋ ਰਹੇ ਵਿਵਾਦ (Etv Bharat ਲੁਧਿਆਣਾ ਪੱਤਰਕਾਰ)
author img

By ETV Bharat Punjabi Team

Published : Dec 28, 2024, 8:42 PM IST

ਲੁਧਿਆਣਾ: ਨਗਰ ਨਿਗਮ ਲੁਧਿਆਣਾ ਚੋਣਾਂ ਦੇ ਵਿੱਚ ਇਸ ਵਾਰ 46.95 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ ਜੋ ਕਿ 2018 ਦੀਆਂ ਨਗਰ ਨਿਗਮ ਚੋਣਾਂ ਤੋਂ 12 ਫੀਸਦੀ ਘੱਟ ਹੈ। ਜਦਕਿ ਸਾਲ 2018 ਦੀ ਨਗਰ ਨਿਗਮ ਚੋਣਾਂ ਦੇ ਵਿੱਚ 59.08 ਫੀਸਦ ਵੋਟ ਹੋਈ ਸੀ। ਇਸ ਵਾਰ ਘੱਟ ਵੋਟ ਫੀਸਦ ਰਹਿਣ ਦਾ ਸਭ ਤੋਂ ਵੱਡਾ ਕਾਰਨ ਸਿਆਸੀ ਆਗੂ ਵੋਟਰ ਲਿਸਟਾਂ ਦੇ ਵਿੱਚ ਗੜਬੜੀ ਹੋਣ ਨੂੰ ਦੱਸ ਰਹੇ ਹਨ।

ਨਗਰ ਨਿਗਮ ਚੋਣਾਂ 'ਚ ਵੋਟਰ ਸੂਚੀ ਨੂੰ ਲੈ ਕੇ ਖੜੇ ਹੋ ਰਹੇ ਵਿਵਾਦ (Etv Bharat ਲੁਧਿਆਣਾ ਪੱਤਰਕਾਰ)

ਸਿਆਸੀ ਲੀਡਰਾਂ ਨੇ ਚੁੱਕੇ ਪ੍ਰਸ਼ਾਸਨ 'ਤੇ ਸਵਾਲ

ਪਹਿਲਾਂ ਭਾਜਪਾ ਵੱਲੋਂ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਸਵਾਲ ਖੜੇ ਕਰ ਦਿੱਤੇ ਗਏ ਨੇ ਕਿ ਵੋਟਰ ਸੂਚੀਆਂ ਵਿੱਚ ਗੜਬੜੀਆਂ ਹੋਣ ਕਰਕੇ ਲੋਕਾਂ ਨੂੰ ਵੋਟਾਂ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ। ਜਿਸ ਕਰਕੇ ਨਤੀਜੇ ਸਿਆਸੀ ਪਾਰਟੀਆਂ ਦੇ ਅੰਦਾਜ਼ਿਆਂ ਦੇ ਮੁਤਾਬਿਕ ਨਹੀਂ ਆਏ ਹਨ। ਲੁਧਿਆਣਾ ਦੇ ਵਿੱਚ ਵੀ ਹਾਲੇ ਤੱਕ ਆਮ ਆਦਮੀ ਪਾਰਟੀ 41 ਕੌਂਸਲਰ ਬਣਾਉਣ ਦੇ ਬਾਵਜੂਦ ਮੇਅਰ ਬਣਾਉਣ ਦਾ ਦਾਅਵਾ ਨਹੀਂ ਕਰ ਪਾ ਰਹੀ ਹੈ। ਹਾਲਾਂਕਿ ਇੱਕ ਅਕਾਲੀ ਦਲ ਦਾ ਅਤੇ ਇੱਕ ਕਾਂਗਰਸ ਦਾ ਕੌਂਸਲਰ ਵੀ ਆਮ ਆਦਮੀ ਪਾਰਟੀ ਨੇ ਬੀਤੇ ਦਿਨੀ ਸ਼ਾਮਿਲ ਕਰਵਾਇਆ ਸੀ, ਜੋ ਕਿ ਕੁਝ ਘੰਟਿਆਂ 'ਚ ਹੀ ਘਰ ਵਾਪਸੀ ਕਰ ਚੁੱਕੇ ਹਨ।

ਲੋਕ ਵੋਟਾਂ ਪਾਉਣ ਤੋਂ ਰਹੇ ਵਾਂਝੇ

ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦੇ ਡੇਢ ਲੱਖ ਦੇ ਕਰੀਬ ਵੋਟਰ ਵੋਟ ਪਾਉਣ 'ਚ ਨਾਕਾਮ ਰਹੇ, ਕਿਉਂਕਿ ਸਾਨੂੰ ਹੋਰ ਸੂਚੀਆਂ ਜਾਰੀ ਕੀਤੀਆਂ ਗਈਆਂ ਤੇ ਅੰਦਰ ਚੋਣ ਅਧਿਕਾਰੀਆਂ ਕੋਲ ਹੋਰ ਸਨ। ਆਮ ਆਦਮੀ ਪਾਰਟੀ ਵੱਲੋਂ ਆਪਣੇ ਕੌਂਸਲਰਾਂ ਨੂੰ ਵੱਖਰੀਆਂ ਦਿੱਤੀਆਂ ਗਈਆਂ ਅਤੇ ਜਿਹੜੀਆਂ ਪ੍ਰਸ਼ਾਸਨ ਨੇ ਸਾਨੂੰ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਉਹਨਾਂ ਦੇ ਵਿੱਚ ਵੱਡਾ ਫੇਰਬਦਲ ਹੋਣ ਕਰਕੇ ਲੋਕ ਵੋਟ ਪਾਉਣ ਤੋਂ ਵਾਂਝੇ ਰਹਿ ਗਏ। ਉਹਨਾਂ ਕਿਹਾ ਕਿ ਸਾਡੇ ਚਾਰ ਦੇ ਕਰੀਬ ਸਾਬਕਾ ਕੌਂਸਲਰ ਜਿਨਾਂ ਦੀ ਜਿੱਤ ਆਪਣੇ ਵਾਰਡਾਂ ਦੇ ਵਿੱਚੋਂ ਤੈਅ ਸੀ, ਉਹਨਾਂ ਦੀ ਆਪਣੇ ਵਾਰਡ ਦੇ ਵਿੱਚ ਵੋਟਾਂ ਹੀ ਨਹੀਂ ਸਨ। ਇਸ ਕਰਕੇ ਉਹ ਚੋਣਾਂ ਦੇ ਵਿੱਚ ਨਾਮਜ਼ਦਗੀ ਹੀ ਦਾਖਲ ਨਹੀਂ ਕਰ ਸਕੇ। ਜਿਸ ਕਰਕੇ ਉਹ ਚਾਰੇ ਕੌਂਸਲਰ ਚੋਣਾਂ 'ਚ ਹਿੱਸਾ ਨਹੀਂ ਲੈ ਸਕੇ, ਜਦਕਿ ਉਹਨਾਂ ਦੀ ਜਿੱਤ ਪੱਕੀ ਸੀ। ਉਹਨਾਂ ਕਿਹਾ ਜਾਣਬੁੱਝ ਕੇ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਹੀ ਨਹੀਂ ਕਈ ਹੋਰ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।

ਲੀਡਰਾਂ ਨੇ ਕੀਤੀ ਜਾਂਚ ਦੀ ਮੰਗ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੀ ਕਿਹਾ ਹੈ ਕਿ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅਫਸਰਾਂ ਦੀ ਲਾਪਰਵਾਹੀ ਦਾ ਨਤੀਜਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ 45 ਫੀਸਦੀ ਵੋਟਿੰਗ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਲੋਕ ਵੋਟਾਂ ਹੀ ਨਹੀਂ ਪਾ ਸਕੇ। ਉਹਨਾਂ ਕਿਹਾ ਕਿ ਕੋਈ ਵੋਟ ਬਠਿੰਡੇ ਦੀ ਸੀ ਤਾਂ ਕੋਈ ਫਰੀਦਕੋਟ ਦੀ ਸੀ, ਜਦਕਿ ਇੱਥੋਂ ਦੇ ਲੋਕ ਵੋਟਾਂ ਲੱਭਦੇ ਰਹੇ ਪਰ ਉਹਨਾਂ ਨੂੰ ਬੂਥ ਦੇ ਵਿੱਚ ਵੋਟਾਂ ਹੀ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਹਾਲਾਂਕਿ ਮੇਰੀ ਪਤਨੀ ਹਾਰ ਗਈ, ਇਸ ਗੱਲ ਕਰਕੇ ਉਹ ਇਹ ਨਹੀਂ ਕਹਿ ਰਹੇ। ਉਹਨਾਂ ਦੇ ਭਤੀਜੇ ਜਿੱਤੇ ਹਨ, ਉਹਨਾਂ ਦਾ ਭਰਾ ਜਿੱਤਿਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਅਫਸਰਾਂ ਦੀ ਜਿੰਮੇਵਾਰੀ ਇਸ ਸਬੰਧੀ ਤੈਅ ਹੋਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਕਿਤੇ ਨਾ ਕਿਤੇ ਜੋ ਹੇਠਲੇ ਪੱਧਰ ਦੇ ਅਫਸਰ ਹਨ, ਉਹਨਾਂ ਨੇ ਆਪਣਾ ਕੰਮ ਤਨਦੇਹੀ ਨਾਲ ਨਹੀਂ ਨਿਭਾਇਆ, ਜਿਸ ਕਰਕੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਨੇ ਕਿਹਾ ਕਿ ਜੇਕਰ ਵੋਟਰ ਸੂਚੀਆਂ ਸਹੀ ਹੁੰਦੀਆਂ ਤਾਂ ਸਾਡੇ 75 ਕੌਂਸਲਰ ਜਿੱਤਣੇ ਸਨ।

ਕਾਂਗਰਸ ਨੇ ਚੁੱਕੇ ਸਵਾਲ

ਇਸ ਸਬੰਧੀ ਜਦੋਂ ਅਸੀਂ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਵੀ ਇਸ ਗੱਲ ਨੂੰ ਮੰਨਿਆ ਕਿ ਵੋਟਰ ਸੂਚੀਆਂ ਦੇ ਵਿੱਚ ਵੱਡੀਆਂ ਗਲਤੀਆਂ ਪਾਈਆਂ ਗਈਆਂ। ਉਹਨਾਂ ਕਿਹਾ ਕਿ ਕਿਸੇ ਇੱਕ ਵਾਰਡ ਦੇ ਵਿੱਚ ਨਹੀਂ ਸਗੋਂ 10 ਤੋਂ 12 ਵਾਰਡਾਂ ਦੇ ਵਿੱਚ ਵੋਟਰ ਸੂਚੀਆਂ ਦੇ ਅੰਦਰ ਵੱਡੀ ਗੜਬੜੀਆਂ ਸਨ, ਜਿਸ ਕਰਕੇ ਕਈ ਲੋਕ ਵੋਟਾਂ ਪਾਉਣ ਤੋਂ ਵਾਂਝੇ ਰਹਿ ਗਏ। ਜਿਹੜੇ ਲੋਕ ਉਸ ਵਾਰਡ ਦੇ ਵਿੱਚ ਰਹਿੰਦੇ ਸਨ, ਉਹਨਾਂ ਦੀਆਂ ਵੋਟਾਂ ਉੱਥੋ ਗਾਇਬ ਸਨ। ਉਹਨਾਂ ਕਿਹਾ ਕਿ ਇਹ ਸਮੱਸਿਆਵਾਂ ਕਈ ਥਾਂ 'ਤੇ ਆਈਆਂ ਹਨ ਅਤੇ ਹੁਣ ਖੁਦ ਸਰਕਾਰ ਦੇ ਨੁਮਾਇੰਦੇ ਵੀ ਇਹ ਮੰਨ ਰਹੇ ਹਨ ਤਾਂ ਇਸ ਤੋਂ ਜ਼ਾਹਿਰ ਹੈ ਕਿ ਜੋ ਇਹਨਾਂ ਦੀ ਤਰਤੀਬ ਸੀ ਉਸ ਦਾ ਸ਼ਿਕਾਰ ਇਹ ਆਪ ਵੀ ਹੋਏ ਹਨ। ਉਹਨਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਡੀਸੀ ਨੂੰ ਇੱਕ ਕਮੇਟੀ ਬਿਠਾਉਣੀ ਚਾਹੀਦੀ ਹੈ, ਜੋ ਕਿ ਵੋਟਰ ਸੂਚੀਆਂ ਦੀ ਘੋਖ ਕਰੇ। ਹਾਲਾਂਕਿ ਇਸ ਸਬੰਧੀ ਲੁਧਿਆਣਾ ਪ੍ਰਸ਼ਾਸਨ ਨੇ ਮੀਡੀਆ ਦੇ ਵਿੱਚ ਕੋਈ ਸਪੱਸ਼ਟ ਬਿਆਨ ਦੇਣ ਤੋਂ ਫਿਲਹਾਲ ਇਨਕਾਰ ਕਰਦਿਆਂ ਜਾਂਚ ਦੀ ਗੱਲ ਜ਼ਰੂਰ ਕਹੀ ਹੈ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.