ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਸ਼ਨੀਵਾਰ ਸਵੇਰੇ ਘਰ ਅੰਦਰ ਦਾਖ਼ਲ ਕੇ ਦੋ ਨੌਜਵਾਨਾਂ ਨੇ ਅਮਰੀਕਾ ਦੇ ਪੀ. ਆਰ. ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ। ਦੋ ਗੋਲੀਆਂ ਲੱਗਣ ਕਾਰਨ ਐੱਨ. ਆਰ. ਆਈ. ਨੌਜਵਾਨ ਸੁਖਚੈਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ: ਐਨ. ਆਰ. ਆਈ. ਸੁਖਚੈਨ ਸਿੰਘ ਦੀ ਪਤਨੀ ਨੇ ਕਿਹਾ ਸੀ ਕਿ ਹਮਲਾਵਰ ਕਤਲ ਕਰਨ ਦੇ ਇਰਾਦੇ ਨਾਲ ਹੀ ਆਏ ਸਨ। ਹਮਲਾਵਰ ਪਹਿਲਾਂ ਘਰ ਅੰਦਰ ਦਾਖ਼ਲ ਹੋਏ ਅਤੇ ਕਿਹਾ ਫੋਨ ਰੱਖ ਦਿਓ ਅਤੇ ਕਮਰੇ ਵਿਚ ਆ ਜਾਓ, ਜਦੋਂ ਉਹ ਕਮਰੇ ਵਿਚ ਨਹੀਂ ਗਏ ਤਾਂ ਉਨ੍ਹਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਖਚੈਨ ਜਿੰਮ ਚੱਲੇ ਸਨ ਅਤੇ ਗੱਡੀ ਦੀ ਚਾਬੀ ਵੀ ਉਨ੍ਹਾਂ ਕੋਲ ਸੀ, ਜੇ ਉਨ੍ਹਾਂ ਨੇ ਗੱਡੀ ਲੈ ਕੇ ਜਾਣੀ ਹੁੰਦੀ ਤਾਂ ਉਹ ਘਰ ਦੇ ਅੰਦਰ ਹੀ ਨਾ ਆਉਂਦੇ। ਪਤਨੀ ਨੇ ਕਿਹਾ ਕਿ ਇੱਕ ਗੋਲੀ ਗੱਲ੍ਹ ਅਤੇ ਇਕ ਹੱਥ 'ਤੇ ਲੱਗੀ ਹੈ। ਹਮਲਾਵਰ ਸੁਖਚੈਨ ਦੇ ਸਿਰ ਵਿਚ ਗੋਲੀਆਂ ਮਾਰਨਾ ਚਾਹੁੰਦੇ ਸਨ ਪਰ ਪਿਸਤੌਲ ਦੇ ਫਸਣ ਕਾਰਣ ਉਹ ਗੋਲੀਆਂ ਨਹੀਂ ਚਲਾ ਸਕੇ। ਇਸ ਦੌਰਾਨ ਉਹ ਪਤੀ ਨੂੰ ਖਿੱਚ ਕੇ ਕਮਰੇ ਵਿੱਚ ਲੈ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ।
ਸੁਖਚੈਨ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ : ਐੱਨ. ਆਰ. ਆਈ. ਸੁਖਚੈਨ ਸਿੰਘ ਦੇ ਇਕ ਹੋਰ ਨੇੜਲੇ ਰਿਸ਼ਤੇਦਾਰ ਨੇ ਕਿਹਾ ਕਿ ਸੁਖਚੈਨ ਸਿੰਘ ਦਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਹ ਹੁਣ ਪੰਜਾਬ ਵਿਚ ਹੀ ਕੋਈ ਕਾਰੋਬਾਰ ਸ਼ੁਰੂ ਕਰਨ ਦਾ ਸੋਚ ਰਿਹਾ ਸੀ ਪਰ ਅੱਜ ਜੋ ਪੰਜਾਬ ਦੇ ਹਾਲਾਤ ਹਨ, ਇਥੇ ਕੋਈ ਸੁਰੱਖਿਅਤ ਨਹੀਂ ਹੈ। ਨੌਜਵਾਨ ਨਸ਼ੇ ਨਾਲ ਮਰ ਰਹੇ ਹਨ, ਕਿਸੇ ਦਾ ਕਤਲ ਹੋ ਰਿਹਾ ਹੈ, ਇਸੇ ਲਈ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਰਹੇ ਹਨ। ਹਰ ਕੋਈ ਸੋਚਦਾ ਹੈ ਕਿ ਵਿਦੇਸ਼ ਵਿਚ ਪੈਸਾ ਕਮਾ ਕੇ ਮਗਰੋਂ ਪੰਜਾਬ ਆ ਕੇ ਕੋਈ ਕੰਮ ਸ਼ੁਰੂ ਕਰੇਗਾ ਪਰ ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਦੇ ਸੁਰੱਖਿਆ ਲਈ ਪੁਲਿਸ ਤਾਇਨਾਤ ਕੀਤੀ ਜਾਵੇ।
ਮਰੀਜ਼ ਹਜੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ: ਡਾਕਟਰ ਦੇ ਮੁਤਾਬਿਕ ਇੱਕ ਉਸਦੇ ਮੂੰਹ ਤੇ ਅਤੇ ਇੱਕ ਹੱਥ ਦੇ ਵਿੱਚ ਗੋਲੀ ਲੱਗਣ ਦੇ ਨਾਲ ਕਾਫੀ ਖੂਨ ਵਗ ਚੁੱਕਾ ਸੀ ਅਤੇ ਉਸ ਤੋਂ ਬਾਅਦ ਅਸੀਂ ਉਸਦੀ ਜਾਨ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਮੈਡੀਕਲ ਹਥ ਕੰਢੇ ਅਪਣਾਏ ਹਨ ਉਹਨਾਂ ਨੇ ਕਿਹਾ ਕਿ ਜੋ ਜੋ ਉਸ ਵੇਲੇ ਸਾਨੂੰ ਜਰੂਰਤ ਹੋਈ ਅਸੀਂ ਉਸ ਚੀਜ਼ ਨੂੰ ਆਪਣੇ ਡਾਕਟਰੀ ਲਿਹਾਜ ਦੇ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪਹਿਲਾਂ ਉਸ ਮਰੀਜ਼ ਨੂੰ ਆਕਸੀਜਨ ਮਿਲ ਸਕੇ ਇਸ ਲਈ ਉਨ੍ਹਾਂ ਵੱਲੋਂ ਆਪਣੀ ਫਰਵੀਜ਼ਨ ਤਿਆਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸਨੂੰ ਵੈਟੀਲੇਟਰ ਉੱਤੇ ਪਾਇਆ ਗਿਆ। ਹੁਣ ਵੇਖਣਾ ਹੋਵੇਗਾ ਕਿ ਜ਼ਿੰਦਗੀ ਅਤੇ ਮੌਤ ਦੇ ਵਿੱਚ ਖੇਲ ਰਹੇ ਇਸ ਐਨਆਰਆਈ ਨੂੰ ਡਾਕਟਰ ਬਚਾ ਸਕਦੇ ਹਨ ਜਾਂ ਨਹੀਂ ਪਰ ਡਾਕਟਰ ਤਾਂ ਕਹਿਣਾ ਹੈ ਕਿ ਉਹ ਮਰੀਜ਼ ਹਜੇ ਜ਼ਿੰਦਗੀ ਅਤੇ ਮੌਤ ਦੀ ਜੰਗ ਵਿੱਚ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ।
ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ: ਉੱਥੇ ਹੀ ਹੁਣ ਇਸ ਮਾਮਲੇ ਵਿਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਫਿਲਹਾਲ ਅਜੇ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦਾ ਪਹਿਲਾ ਫਰਜ਼: ਧਾਲੀਵਾਲ ਨੇ ਕਿਹਾ ਕਿ ਜੋ ਵੀ ਸੂਬੇ ’ਚ ਕਾਨੂੰਨ ਭੰਗ ਕਰੇਗਾ, ਉਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਖ਼ਤੀ ਨਾਲ ਨਿਪਟੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਜਿਹੜੇ ਵੀ ਸਾਡੇ ਐਨਆਰਆਈ (NRI) ਭਰਾ ਬੈਠੇ ਹਨ, ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦਾ ਪਹਿਲਾ ਫਰਜ਼ ਹੈ।
ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ : ਉਨ੍ਹਾਂ ਕਿਹਾ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਪਰਿਵਾਰ ਦਾ ਨਿੱਜੀ ਮਸਲਾ ਤਾਂ ਨਹੀਂ, ਜੇਕਰ ਹੋਰ ਵੀ ਕੋਈ ਵਿਵਾਦ ਹੈ। ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਐਨਆਰਆਈ (NRI) ਭਰਾਵਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਆਪਣਾ ਕਰੱਤਵ ਪੂਰੀ ਤਰਾਂ ਨਿਭਾਏਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਲਈ ਪਾਬੰਦ ਹੈ।