ਬਠਿੰਡਾ: ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਉੱਤੇ ਮਾਰੇ ਗਏ ਨੌਜਵਾਨ ਦੇ ਮਾਮਲੇ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਨੌਰੀ ਬਾਰਡਰ ਉੱਤੇ ਜੋ ਬੁੱਧਵਾਰ ਨੂੰ ਹੋਇਆ ਹੈ, ਉਹ ਨਿੰਦਣਯੋਗ ਹੈ। ਲੋਕਤੰਤਰ ਵਿੱਚ ਪ੍ਰਸ਼ਾਸਨ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਜਿਸ ਤਰ੍ਹਾਂ ਦਾ ਸਖ਼ਤ ਰਵਈਆ ਪ੍ਰਸ਼ਾਸਨ ਨੇ ਤਿਆਰ ਕੀਤਾ ਹੈ।
ਕਿਸਾਨ ਇਸ ਸਮੇਂ ਸਖ਼ਤੇ ਵਿੱਚ: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ। ਮੀਟਿੰਗਾਂ ਦਾ ਸਿਲਸਿਲਾ ਬੰਦ ਨਹੀਂ ਕਰਨਾ ਚਾਹੀਦਾ। ਕਿਸਾਨਾਂ ਦੀਆਂ ਵਾਜਬ ਮੰਗਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਵੇਲ੍ਹੇ ਪੰਜਾਬ ਹੀ ਨਹੀਂ, ਪੂਰੀ ਦੁਨੀਆਂ ਦਾ ਕਿਸਾਨ ਸਖ਼ਤੇ ਵਿੱਚ ਹੈ, ਕਿਉਂਕਿ ਖੇਤੀ ਦੁਨੀਆ ਵਿੱਚ ਹੀ ਲਾਹੇਬੰਦ ਦਾ ਨਹੀਂ ਰਹਿ ਗਈ ਤੇ ਕਿਸਾਨਾਂ ਕੋਲ ਖੇਤੀ ਤੋਂ ਬਗੈਰ ਹੋਰ ਕੋਈ ਬਦਲ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਰਕਾਰਾਂ ਨੂੰ ਸਮਝਣੀ ਚਾਹੀਦੀ ਹੈ। ਨੌਜਵਾਨ ਦੀ ਮੌਤ ਉੱਤੇ ਵੀ ਜਥੇਦਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਹਰਸਿਮਰਤ ਬਾਦਲ ਨੇ ਕਿਹਾ- ਨੌਜਵਾਨ ਦੀ ਮੌਤ ਲਈ ਮਾਨ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਖਨੌਰੀ ਸਰਹੱਦ ਉੱਤੇ ਬਠਿੰਡਾ ਦੇ 21 ਸਾਲ ਦੇ ਨੌਜਵਾਨ ਸ਼ੁੱਭਕਰਨ ਸਿੰਘ ਦੀ ਮੌਤ ਉੱਤੇ ਦੁੱਖ ਪ੍ਰਗਟਾਵਾ ਕੀਤਾ। ਨਾਲ ਹੀ, ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ ਅਤੇ ਸੀਐਮ ਮਾਨ ਨੂੰ ਇਸ ਲਈ ਜਿੰਮੇਵਾਰ ਦੱਸਿਆ।
ਬਰਬਰਤਾ! ਹਰਿਆਣਾ ਦੀ ਸਰਹੱਦ 'ਤੇ ਖਨੌਰੀ ਵਿਖੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਨੌਜਵਾਨ ਸ਼ੁਭਕਰਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੈਂ ਇਸ ਅੱਤਿਆਚਾਰ ਦੀ ਨਿੰਦਾ ਕਰਦੀ ਹਾਂ ਅਤੇ ਸੀ.ਐਮ. ਭਗਵੰਤ ਮਾਨ ਹੀ ਪੰਜਾਬ ਦੇ ਇਲਾਕੇ ਵਿੱਚ ਨੌਜਵਾਨਾਂ ਨੂੰ ਠੰਡੇ ਬਸਤੇ ਵਿੱਚ ਕਤਲ ਕਰਨ ਲਈ ਜ਼ਿੰਮੇਵਾਰ ਹੈ। ਹਰਿਆਣਾ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰੋ। ਭਗਵੰਤ ਮਾਨ ਨੇ ਵੀ ਪੰਜਾਬ ਨੂੰ ਗ੍ਰਹਿ ਮੰਤਰੀ ਵਜੋਂ ਆਪਣੀ ਹੈਸੀਅਤ ਵਿਚ ਅਸਫਲ ਕਰ ਦਿੱਤਾ ਹੈ ਅਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। - ਹਰਸਿਮਰਤ ਕੌਰ ਬਾਦਲ, ਐਮਪੀ, ਅਕਾਲੀ ਦਲ
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਧਰਨੇ ਦੇ 9ਵੇਂ ਦਿਨ ਪੰਜਾਬ-ਹਰਿਆਣਾ ਦੀ ਸਰਹੱਦ ਖਨੌਰੀ ਵਿਖੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੁਭਕਰਨ ਸਿੰਘ ਵਜੋਂ ਹੋਈ ਹੈ। 21 ਸਾਲਾ ਸ਼ੁੱਭਕਰਨ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਉਸ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਵਰਗਾ ਨਿਸ਼ਾਨ ਪਾਇਆ ਗਿਆ। ਨੌਜਵਾਨ 2 ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਮਾਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਉੱਤੇ 18 ਲੱਖ ਦਾ ਕਰਜ਼ਾ ਸੀ।