ਤਰਨ ਤਾਰਨ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਜਹਾਜ਼ ਸ਼ਨੀਵਾਰ ਰਾਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 67 ਲੋਕ ਪੰਜਾਬ ਦੇ ਹਨ। ਡਿਪੋਰਟ ਕੀਤੇ ਗਏ ਪੰਜਾਬੀਆਂ ਵਿੱਚ ਤਰਨ ਤਾਰਨ ਦੇ ਕਸਬਾ ਪੱਟੀ ਦਾ ਨਿਵਾਸੀ ਜਸਪਾਲ ਸਿੰਘ ਵੀ ਸ਼ਾਮਿਲ ਹੈ ਜੋ ਦੇਰ ਰਾਤ ਆਪਣੇ ਘਰ ਪਹੁੰਚਿਆ।
‘ਜਹਾਜ਼ ਵਿੱਚ ਸਨ 120 ਭਾਰਤੀ’
ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਜਸਪਾਲ ਸਿੰਘ ਨੇ ਦੱਸਿਆ ਕਿ ਜਹਾਜ਼ ਵਿੱਚ ਅਸੀਂ 120 ਭਾਰਤੀ ਸੀ ਨਾ ਕਿ 167 ਸੀ। ਸਾਨੂੰ 120 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਜਸਪਾਲ ਨੇ ਕਿਹਾ ਕਿ ਬਹੁਤ ਸਾਡੇ ਅਜਿਹੇ ਭਾਰਤੀ ਵੀ ਹਨ, ਜਿਨ੍ਹਾਂ ਦਾ ਕੇਸ ਲੱਗ ਗਿਆ ਸੀ, ਪਰ ਉਨ੍ਹਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਮੈਂ 18 ਮਹੀਨੇ ਪਹਿਲਾਂ ਘਰੋਂ ਅਮਰੀਕਾ ਜਾਣ ਲਈ ਨਿਕਲਿਆ ਸੀ। ਮੈਨੂੰ ਰਸਤੇ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਮੈਂ ਏਜੰਟ ਨੂੰ 44 ਲੱਖ ਰੁਪਏ ਦਿੱਤੇ ਸਨ। ਮੇਰਾ ਰਸਤੇ ਵਿੱਚ 5 ਤੋਂ 6 ਲੱਖ ਰੁਪਏ ਦਾ ਖਰਚਾ ਵੀ ਹੋ ਗਿਆ ਹੈ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਣ। - ਜਸਪਾਲ ਸਿੰਘ, ਡਿਪੋਰਟ ਹੋਇਆ ਨੌਜਵਾਨ
‘ਜਹਾਜ਼ ਦੇ ਲੈਂਡ ਕਰਨ ਤੋਂ ਪਹਿਲਾਂ ਖੋਲ੍ਹੀਆਂ ਬੇੜੀਆਂ’
ਜਸਪਾਲ ਸਿੰਘ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਨੂੰ ਛੱਡ ਬਾਕੀ ਸਾਰੇ ਮਰਦਾਂ ਨੂੰ ਬੇੜੀਆਂ ਵਿੱਚ ਜਕੜਿਆ ਹੋਇਆ ਸੀ ਅਤੇ ਜਹਾਜ਼ ਦੇ ਲੈਂਡ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਬੇੜੀਆਂ ਨੂੰ ਖੋਲ੍ਹਿਆ ਗਿਆ ਤਾਂ ਜੋ ਭਾਰਤ ਦੀ ਸਰਕਾਰ ਨੰ ਇਹ ਦਿਖਾਇਆ ਜਾ ਸਕੇ ਕਿ ਬੇੜੀਆਂ ਵਿੱਚ ਨਹੀਂ ਜਕੜਿਆ ਗਿਆ ਸੀ। ਮੈਂ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਹੀ ਸਾਨੂੰ ਕੋਈ ਨਾ ਕੋਈ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੀਏ।
ਪੀੜਤ ਪਰਿਵਾਰ ਨੇ ਸਰਕਾਰ ਕੋਲੋ ਮੰਗੀ ਮਦਦ
ਜਸਪਾਲ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ 44 ਲੱਖ ਲਗਾ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੇ ਹਲਾਤ ਸਹੀ ਹੋ ਸਕਣ। ਪਰ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਅਸੀਂ ਕਰਜ਼ੇ ਹੇਠ ਆ ਚੁੱਕੇ ਹਾਂ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਡਿਪੋਰਟ ਕੀਤੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ।
ਪੰਜਾਬ ਦੇ 67 ਲੋਕ ਸ਼ਾਮਿਲ
ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਸਭ ਤੋਂ ਵੱਧ 67 ਲੋਕ ਪੰਜਾਬ ਦੇ ਹਨ।, ਜਦੋਂ ਕਿ 33 ਲੋਕ ਹਰਿਆਣਾ ਦੇ ਹਨ। ਇਨ੍ਹਾਂ ਤੋਂ ਇਲਾਵਾ 8 ਗੁਜਰਾਤ, 3 ਉੱਤਰ ਪ੍ਰਦੇਸ਼, ਗੋਆ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇਕ-ਇਕ ਵਿਅਕਤੀ ਹੈ। ਅਮਰੀਕੀ ਜਹਾਜ਼ 'ਚ ਭਾਰਤੀਆਂ ਦੇ ਨਾਲ-ਨਾਲ ਅਮਰੀਕੀ ਸਰਕਾਰ ਦੇ ਕੁਝ ਅਧਿਕਾਰੀ, ਚਾਲਕ ਦਲ ਦੇ ਮੈਂਬਰ ਅਤੇ ਅਮਰੀਕੀ ਫੌਜ ਦੇ ਕਰਮਚਾਰੀ ਵੀ ਸਨ। ਅਮਰੀਕਾ ਤੋਂ ਪਰਤਣ ਤੋਂ ਬਾਅਦ ਦੂਜੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਭੇਜਿਆ ਗਿਆ ਹੈ।
157 ਭਾਰਤੀਆਂ ਨੂੰ ਲੈ ਕੇ ਅੱਜ ਇਕ ਹੋਰ ਜਹਾਜ਼ ਪਹੁੰਚੇਗਾ
ਅਮਰੀਕਾ ਤੋਂ 157 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇਕ ਹੋਰ ਜਹਾਜ਼ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇਗਾ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਐਤਵਾਰ ਨੂੰ ਆਉਣ ਵਾਲਾ ਜਹਾਜ਼ ਕਿਸ ਸਮੇਂ ਲੈਂਡ ਕਰੇਗਾ।
- ਜ਼ਮੀਨਾਂ ਵੇਚ ਅਤੇ ਲੱਖਾਂ ਰੁਪਏ ਲਗਾ ਕੇ ਪੁੱਤਾਂ ਨੂੰ ਭੇਜਿਆ ਸੀ ਅਮਰੀਕਾ, ਹੁਣ ਦੋਵੇਂ ਪੁੱਤ ਹੋਏ ਡਿਪੋਰਟ, ਮਾਵਾਂ ਦਾ ਰੋ-ਰੋ ਬੁਰਾ ਹਾਲ
- 119 ਡਿਪੋਰਟ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਿਆ ਅੰਮ੍ਰਿਤਸਰ, ਪੰਜਾਬ ਦੇ 67 ਲੋਕ ਸ਼ਾਮਲ
- ਪਿੰਡ ਭੁੱਲਰ ਦੇ ਗੁਰਜਿੰਦਰ ਸਿੰਘ ਨੂੰ ਵੀ ਅਮਰੀਕਾ ਨੇ ਕੀਤਾ ਡਿਪੋਰਟ, ਪੀੜਤ ਪਰਿਵਾਰ ਪਹੁੰਚਿਆ ਅੰਮ੍ਰਿਤਸਰ ਏਅਰਪੋਰਟ, ਕਿਹਾ - 55 ਲੱਖ ਹੋਏ ਮਿੱਟੀ