ਮਾਨਸਾ: ਪੰਜਾਬ ਤੋਂ ਨੌਜਵਾਨ ਅਕਸਰ ਆਪਣੇ ਚੰਗੇ ਭਵਿੱਖ ਤੇ ਸੁਫਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਨੂੰ ਜਾਂਦੇ ਹਨ ਪਰ ਉਥੇ ਕਈ ਵਾਰ ਉਨ੍ਹਾਂ ਨਾਲ ਕੋਈ ਅਣਹੋਣੀ ਵਾਪਰ ਜਾਂਦੀ ਹੈ, ਜਿਸ ਕਾਰਨ ਉਹ ਕਈ ਵਾਰ ਦੁਨੀਆ ਤੋਂ ਵੀ ਰੁਕਸਤ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ, ਜਿਥੇ ਗਰੀਬ ਕਿਸਾਨ ਦੇ ਕੈਨੇਡਾ ਰਹਿੰਦੇ ਪੁੱਤ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪੰਜਾਬੀ ਦੀ ਕੈਨੇਡਾ 'ਚ ਹੋਈ ਮੌਤ
ਕਾਬਿਲੇਗੌਰ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਦੇ ਗਰੀਬ ਕਿਸਾਨ ਵੱਲੋਂ ਦੋ ਸਾਲ ਪਹਿਲਾਂ ਡੇਢ ਏਕੜ ਜਮੀਨ ਵੇਚ ਕੇ ਆਪਣੇ ਪੁੱਤਰ ਜਸਕਰਨ ਸਿੰਘ (22) ਨੂੰ ਵਿਦੇਸ਼ ਭੇਜਿਆ ਸੀ, ਜਿਸ ਦੀ ਸ਼ੱਕੀ ਹਾਲਾਤਾਂ ਵਿੱਚ ਕੈਨੇਡਾ ਵਿਖੇ ਮੌਤ ਹੋਣ ਦੀ ਮਾਪਿਆਂ ਨੂੰ ਬੁਰੀ ਖਬਰ ਮਿਲੀ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ।
![ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ 'ਚ ਮੌਤ](https://etvbharatimages.akamaized.net/etvbharat/prod-images/22-11-2024/pb-mns-21-11-24-death-canada-7206463-kuldip-dhaliwal_21112024160430_2111f_1732185270_787.jpg)
ਜਮੀਨ ਵੇਚ ਕੇ ਭੇਜਿਆ ਸੀ ਕੈਨੇਡਾ
ਇਸ ਸਬੰਧੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਗਰੀਬ ਕਿਸਾਨ ਬਲਕਾਰ ਸਿੰਘ ਵੱਲੋਂ ਰੁਜ਼ਗਾਰ ਦੇ ਲਈ ਆਪਣੀ ਡੇਢ ਏਕੜ ਜਮੀਨ ਵੇਚ ਕੇ ਦੋ ਸਾਲ ਪਹਿਲਾਂ ਪੁੱਤਰ ਜਸਕਰਨ ਸਿੰਘ ਨੂੰ ਕੈਨੇਡਾ ਭੇਜਿਆ ਗਿਆ ਸੀ। ਮਾਪਿਆਂ ਦੇ ਚਾਅ ਸਨ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੇ ਵਿੱਚੋਂ ਪੜ੍ਹਾਈ ਦੇ ਨਾਲ-ਨਾਲ ਰੁਜ਼ਗਾਰ ਵੀ ਹਾਸਲ ਕਰ ਲਵੇਗਾ ਤੇ ਆਪਣੇ ਮਾਪਿਆਂ ਦੀ ਜਮੀਨ ਵੀ ਛੁਡਵਾ ਲਵੇਗਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੋਇਆ।
ਪਰਿਵਾਰ ਵਲੋਂ ਸਰਕਾਰਾਂ ਨੂੰ ਮਦਦ ਦੀ ਅਪੀਲ
ਜਿਸ ਦੇ ਚੱਲਦਿਆਂ ਮਾਪਿਆਂ ਨੂੰ ਬੀਤੇ ਕੱਲ ਕੈਨੇਡਾ ਤੋਂ ਬੁਰੀ ਖਬਰ ਆਈ ਕਿ ਉਹਨਾਂ ਦੇ ਪੁੱਤਰ ਜਸਕਰਨ ਸਿੰਘ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਮਾਪਿਆਂ ਵੱਲੋਂ ਆਪਣੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਅਤੇ ਲਾਸ਼ ਨੂੰ ਪੰਜਾਬ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਪਰਿਵਾਰ ਦਾ ਕਹਿਣਾ ਕਿ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ, ਇਸ ਲਈ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ 'ਚ ਸਰਕਾਰ ਮਦਦ ਕਰੇ।