ਲੁਧਿਆਣਾ: ਲੋਕ ਸਭਾ ਚੋਣਾਂ ਦਾ ਭਾਵੇਂ ਰਸਮੀ ਤੌਰ 'ਤੇ ਫਿਲਹਾਲ ਐਲਾਨ ਨਹੀਂ ਹੋਇਆ ਹੈ। ਹਾਲਾਂਕਿ, ਮਾਰਚ 2024 ਦੇ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਦੀਆਂ ਗੱਲਾਂ ਚੱਲ ਰਹੀਆਂ ਹਨ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਕੜਾਕੇ ਦੀ ਠੰਡ ਦੇ ਬਾਵਜੂਦ ਸਿਆਸਤ ਨੇ ਗਰਮੀ ਵਧਾਈ ਹੋਈ ਹੈ। ਇੱਕ ਤੋਂ ਬਾਅਦ ਇੱਕ ਵੱਡੇ ਲੀਡਰਾਂ ਦੇ ਬਿਆਨਾਂ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਨਿਤ ਦਿਨ ਬਦਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ 13 ਬਨਾਮ ਜ਼ੀਰੋ ਦੇ ਬਿਆਨ ਤੋਂ ਬਾਅਦ, ਹਾਲਾਂਕਿ ਆਮ ਆਦਮੀ ਪਾਰਟੀ ਦਾ ਸਪਸ਼ਟੀਕਰਨ ਵੀ ਸਾਹਮਣੇ ਆ ਚੁੱਕਾ ਹੈ। ਪਰ, ਇਸ ਦੇ ਬਾਵਜੂਦ ਪੰਜਾਬ ਵਿੱਚ ਇੰਡੀਆ ਗਠਜੋੜ ਕਾਮਯਾਬ ਹੁੰਦਾ ਨਹੀਂ ਵਿਖਾਈ ਦੇ ਰਿਹਾ।
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਸ ਸਮਝੌਤੇ ਦਾ ਪਹਿਲਾਂ ਤੋਂ ਕਈ ਵਿਰੋਧ ਕਰ ਰਹੀ ਸੀ, ਪਰ ਹੁਣ ਸੀਐਮ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਹਾਈਕਮਾਨ ਤੱਕ ਆਪਣੀ ਗੱਲ ਉੱਤੇ ਮੋਹਰ ਲਗਵਾਉਣ ਦਾ ਮੁੜ ਤੋਂ ਮੌਕਾ ਮਿਲ ਚੁੱਕਾ ਹੈ। ਇੱਕ ਪਾਸੇ, ਜਿੱਥੇ ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੁਦ ਨੂੰ 92 ਸੀਟਾਂ ਮਿਲਣ ਕਰਕੇ ਅਤੇ ਜਲੰਧਰ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਦੀ ਪੰਜਾਬ ਵਿੱਚ ਲੋੜ ਨਾ ਹੋਣ ਦੀ ਗੱਲ ਕਹਿ ਰਹੀ ਹੈ। ਉੱਥੇ ਹੀ, ਕਾਂਗਰਸ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਿੱਤੀਆਂ ਹੋਈਆਂ ਗਰੰਟੀਆਂ ਪੂਰੀਆਂ ਨਾ ਕਰਨ ਉੱਤੇ ਪੰਜਾਬ ਦੇ ਲੋਕਾਂ ਅੰਦਰ ਕਾਂਗਰਸ ਪ੍ਰਤੀ ਰੋਸ ਹੋਣ ਦੀ ਗੱਲ ਕਹਿ ਕੇ ਖੁਦ ਨੂੰ ਪੰਜਾਬ ਵਿੱਚ ਮਜਬੂਤ ਹੋਣ ਦੀ ਦੁਹਾਈ ਦੇ ਰਹੇ ਹਨ।
13 ਬਨਾਮ 0 ਦਾ ਬਿਆਨ: ਪੰਜਾਬ ਭਵਨ ਵਿੱਚ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸਬੰਧਿਤ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਕੋਲ ਵੱਡੀ ਗਿਣਤੀ ਵਿੱਚ 13 ਸੀਟਾਂ ਉੱਤੇ ਸੰਭਾਵਿਤ ਤੋਂ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ ਅਸੀਂ 40 ਦੇ ਕਰੀਬ ਉਮੀਦਵਾਰ ਸ਼ਾਰਟ ਲਿਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਇੱਕ ਸੀਟ ਉੱਤੇ ਤਿੰਨ-ਤਿੰਨ, ਚਾਰ-ਚਾਰ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ 13 ਸੀਟਾਂ ਉੱਤੇ ਹੀ ਲੜਾਂਗੇ ਅਤੇ 13 ਬਨਾਮ ਜ਼ੀਰੋ ਕਰਾਂਗੇ। ਸੀਐਮ ਦਾ ਇਹ ਬਿਆਨ ਸਪਸ਼ਟ ਰੂਪ ਵਿੱਚ ਕਾਂਗਰਸ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਨਾ ਕਰਨ ਦਾ ਇਸ਼ਾਰਾ ਸੀ ਜਿਸ ਕਰ ਕੇ ਪੰਜਾਬ ਵਿੱਚ ਸਿਆਸੀ ਭੁਚਾਲ ਆ ਗਿਆ ਤੇ ਇੱਕ ਤੋਂ ਬਾਅਦ ਇੱਕ ਸਿਆਸੀ ਪ੍ਰਤਿਕਿਰਿਆ ਹੋਣੀ ਵੀ ਸ਼ੁਰੂ ਹੋ ਗਈ।
ਸਾਨੂੰ ਸਮਝੌਤੇ ਦੀ ਲੋੜ ਨਹੀਂ : ਕਾਂਗਰਸ ਨੇਤਾ ਰਵਨੀਤ ਬਿੱਟੂ ਨੇ, ਜਿੱਥੇ ਸੀਐਮ ਮਾਨ ਨੇ ਸਿੱਧੇ ਤੌਰ ਉੱਤੇ ਇਸ਼ਾਰਾ ਕੀਤਾ ਕਿ ਉਹ 13 ਦੀਆਂ, 13 ਲੋਕ ਸਭਾ ਸੀਟਾਂ ਉੱਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਰੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉੱਥੇ ਹੀ, ਦੂਜੇ ਪਾਸੇ ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਵੀ ਸੁਰ ਬਦਲਦੇ ਹੋਏ ਵਿਖਾਈ ਦਿੱਤੇ। ਰਵਨੀਤ ਬਿੱਟੂ ਜੋ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਖਿਲਾਫ ਕੁਝ ਬੋਲਣ ਨੂੰ ਤਿਆਰ ਨਹੀਂ ਸਨ, ਉਹ ਖੁੱਲ੍ਹ ਕੇ ਬੋਲਦੇ ਹੋਏ ਵਿਖਾਈ ਦਿੱਤੇ।
ਅਕਾਲੀ ਦਲ ਨੂੰ ਹੋਵੇਗਾ ਫਾਇਦਾ ? : ਇਸ ਵਿਚਕਾਰ ਦੋਵਾਂ ਪਾਰਟੀਆਂ ਦੀ ਆਪਸੀ ਖਿੱਚੋਤਾਣ ਦਾ ਫਾਇਦਾ ਅਕਾਲੀ ਦਲ ਨੂੰ ਮਿਲ ਸਕਦਾ ਹੈ ਜਾਂ ਨਹੀਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ। ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੂੰ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇਨ੍ਹਾਂ ਦੇ ਆਪਸ ਵਿੱਚ ਇੱਕਜੁੱਟ ਹੋਣ ਜਾਂ ਅਲੱਗ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਇੱਕ ਪਾਸੇ ਦਾਅਵੇ ਕਰ ਰਹੇ ਹਨ ਕਿ ਸਾਰੀਆਂ ਸੀਟਾਂ ਉੱਤੇ ਪਾਰਟੀ ਲੜੇਗੀ।
ਦੂਜੇ ਪਾਸੇ, ਉਨ੍ਹਾਂ ਦੇ ਹੀ ਕੌਮੀ ਬੁਲਾਰੇ ਸੰਦੀਪ ਪਾਠਕ ਨੇ ਮੁੱਖ ਮੰਤਰੀ ਪੰਜਾਬ ਦੇ ਬਿਆਨ ਤੋਂ ਬਾਅਦ ਸਫਾਈ ਦਿੰਦਿਆਂ ਸਾਫ ਕਹਿ ਦਿੱਤਾ ਹੈ ਕਿ ਇੰਡੀਆ ਸਮਝੌਤਾ ਕਾਂਗਰਸ ਦੇ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹਨ, ਇਹ ਇੱਕੋ ਹੀ ਰੂਪ ਹੈ। ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਬੀ ਟੀਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਆਪਸ ਵਿੱਚ ਚੰਗੀ ਦਾਲ ਗ਼ਲਦੀ ਹੈ। ਉਹਨਾਂ ਕਿਹਾ ਇਸੇ ਕਰਕੇ ਇਹ ਗਠਜੋੜ ਹੋਇਆ ਹੈ ਅਤੇ ਸਾਰਾ ਕੁਝ ਪਹਿਲਾ ਹੀ ਤੈਅ ਹੋ ਚੁੱਕਾ ਹੈ।
ਸਿੱਧੂ 'ਤੇ ਘਮਸਾਨ: ਉਧਰ, ਨਵਜੋਤ ਸਿੰਘ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ। ਨਵਜੋਤ ਸਿੰਘ ਸਿੱਧੂ ਇੱਕ ਪਾਸੇ ਜਿੱਥੇ ਖੁੱਲ ਕੇ ਪੰਜਾਬ ਵਿੱਚ ਰੈਲੀਆਂ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਭੰਡ ਵੀ ਰਹੇ ਹਨ। ਦੂਜੇ ਪਾਸੇ ਹੀ, ਇੰਡੀਆ ਗਠਜੋੜ ਦੀ ਮੁਖਾਲਫਤ ਵੀ ਕਰ ਰਹੇ ਹਨ। ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਨਵਜੋਤ ਸਿੰਘ ਸਿੱਧੂ ਨੂੰ ਕੋਈ ਇਨਸਾਨ ਸਮਝ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਲਗਾਤਾਰ ਆਪਣੀਆਂ ਰੈਲੀਆਂ ਵਿੱਚ ਪ੍ਰਚਾਰ ਕਰ ਰਹੇ ਹਨ, ਸਰਕਾਰ ਨੂੰ ਭੰਡ ਰਹੇ ਹਨ। ਦੂਜੇ ਪਾਸੇ, ਖੁਦ ਹੀ ਇੰਡੀਆ ਗਠਜੋੜ ਦੇ ਹੱਕ ਦੇ ਵਿੱਚ ਵੀ ਬੋਲ ਰਹੇ ਹਨ।
ਉਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਚੁੱਭ ਰਹੀਆਂ ਹਨ। ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਦੋਂ ਉਂਗਲੀ ਨੂੰ ਜ਼ਹਿਰ ਚੜ ਜਾਵੇ, ਤਾਂ ਉਸ ਨੂੰ ਕੱਟ ਦੇਣਾ ਹੀ ਚੰਗਾ ਹੁੰਦਾ ਹੈ। ਦੂਜੇ ਪਾਸੇ ਕਾਂਗਰਸ ਚੋਣ ਕਮੇਟੀ ਦਾ ਨਵਜੋਤ ਸਿੰਘ ਸਿੱਧੂ ਨੂੰ ਮੈਂਬਰ ਬਣਾਏ ਜਾਣ ਨੂੰ ਲੈ ਕੇ ਵੀ ਪੰਜਾਬ ਵਿੱਚ ਸਿਆਸਤ ਹੋਰ ਗਰਮਾ ਗਈ ਹੈ।
ਮਾਹਿਰਾਂ ਦੀ ਰਾਏ: ਜੇਕਰ ਸਿਆਸੀ ਮਾਹਿਰਾਂ ਦੀ ਗੱਲ ਮੰਨੀਏ, ਤਾਂ ਉਨ੍ਹਾਂ ਦੇ ਮੁਤਾਬਿਕ ਕਾਂਗਰਸ ਦੇ ਬਦਲ ਦੇ ਰੂਪ ਦੇ ਵਿੱਚ ਹੀ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਜਨਤਾ ਨੇ ਚੁਣਿਆ ਸੀ, ਪਰ ਉਹਨਾਂ ਤੋਂ ਵੀ ਸੂਬੇ ਦੇ ਲੋਕਾਂ ਦਾ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਟੁੱਟਣ ਦੇ ਨਾਲ ਨਾ, ਤਾਂ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਵੇਗਾ ਅਤੇ ਨਾ ਹੀ ਨੁਕਸਾਨ ਕਾਂਗਰਸ ਦਾ ਹੋਵੇਗਾ। ਅਸਲੀ ਨੁਕਸਾਨ ਲੋਕਾਂ ਦਾ ਹੋ ਰਿਹਾ ਹੈ ਅਤੇ ਲੋਕਾਂ ਦਾ ਹੀ ਹੋਵੇਗਾ।
ਤਰਸੇਮ ਨੇ ਕਿਹਾ ਕਿ ਪੰਜਾਬ ਦੀ ਖੇਤੀ ਬਰਬਾਦ ਹੋ ਗਈ ਹੈ। ਪੰਜਾਬ ਦੀ ਨੌਜਵਾਨੀ ਬਰਬਾਦ ਹੋ ਗਈ ਹੈ। ਪੰਜਾਬ ਦੇ ਵਿੱਚ ਨਸ਼ੇ ਦੀ ਮਾਰ ਹੈ ਪੰਜਾਬ ਵਿਕਾਸ ਦਰ ਰੁਕਦੀ ਜਾ ਰਹੀ ਹੈ। ਸਿਆਸੀ ਮਾਹਰ ਅਤੇ ਸਾਬਕਾ ਐਮਐਲਏ ਤਰਸੇਮ ਜੋਧਾ ਨੇ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਫੋਨ ਉਤੇ ਗੱਲਬਾਤ ਕਰਦਿਆ ਕਿਹਾ ਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਰਹੇ ਹਨ। ਉਹਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ, ਪਰ ਹੁਣ ਆਮ ਆਦਮੀ ਪਾਰਟੀ ਨੇ ਜੋ ਵਾਅਦਾ ਖਿਲਾਫੀ ਪੰਜਾਬ ਲੋਕਾਂ ਦੇ ਨਾਲ ਕੀਤੀ ਹੈ। ਉਸ ਤੋਂ ਜ਼ਾਹਿਰ ਹੋ ਗਿਆ ਹੈ ਕਿ ਸਿਆਸੀ ਧਿਰਾਂ ਦੀ ਮੰਸ਼ਾ ਕੀ ਹੈ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਕੁਝ ਨਹੀਂ ਕਰ ਸਕਦੇ। ਲੋਕ ਉਹਨਾਂ ਨੂੰ ਪਸੰਦ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਉਹ ਪਹਿਲਾ ਸਮਾਂ ਸੀ, ਜਦੋਂ ਲੋਕਾਂ ਦੀ ਸੋਚ ਬਦਲ ਦਿੰਦੇ ਸਨ, ਪਰ ਹੁਣ ਉਹ ਸਮਾਂ ਚਲਾ ਗਿਆ ਹੈ। ਇਸ ਕਰਕੇ ਇਹ ਹੁਣ ਗੱਲ ਨਵਜੋਤ ਸਿੰਘ ਸਿੱਧੂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਹ ਆਪਣੇ ਆਪ ਨੂੰ ਬਦਲਦੇ ਹਨ, ਤਾਂ ਵੋਟਰਾਂ ਦਾ ਰੁੱਖ ਵੀ ਉਹਨਾਂ ਵੱਲ ਬਦਲ ਜਾਵੇਗਾ, ਤਾਂ ਉਹ ਇਹ ਭੁਲੇਖਾ ਹੁਣ ਕੱਢ ਦੇਣ ਤਾਂ ਚੰਗਾ ਹੀ ਹੋਵੇਗਾ।