ਲੁਧਿਆਣਾ: ਕਰਵਾ ਚੌਥ ਦਾ ਵਰਤ ਹਿੰਦੂ ਧਰਮ ਵਿੱਚ ਕਾਫੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। 20 ਅਕਤੂਬਰ ਨੂੰ ਦੇਸ਼ ਭਰ ਵਿੱਚ ਇਹ ਤਿਉਹਾਰ ਮਨਾਇਆ ਜਾਣਾ ਹੈ। ਇਸ ਦਿਨ ਵਿਆਹੁਤਾ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਦੇਰ ਸ਼ਾਮ ਜਦੋਂ ਚੰਨ ਚੜ ਜਾਂਦਾ ਹੈ, ਤਾਂ ਉਸ ਦੀ ਆਰਤੀ ਤੋਂ ਬਾਅਦ ਉਹ ਆਪਣਾ ਵਰਤ ਖੋਲ੍ਹਦੀਆਂ ਹਨ। ਸਿਰਫ ਲੰਬੀ ਉਮਰ ਹੀ ਨਹੀਂ, ਸਗੋਂ ਪਰਿਵਾਰ ਦੀ ਖੁਸ਼ੀ ਲਈ ਅਤੇ ਪਤੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਵੀ ਇਹ ਵਰਤ ਰੱਖਿਆ ਜਾਂਦਾ ਹੈ।
ਪੰਚਾਂਗ ਦੇ ਮੁਤਾਬਕ ਇਸ ਸਾਲ ਕਾਰਤਿਕ ਮਹੀਨੇ ਦੀ ਚਤੁਰਥੀ ਮਿਤੀ ਰੀ ਅਕਤੂਬਰ ਤਿੰਨ ਐਤਵਾਰ ਨੂੰ ਸਵੇਰੇ ਵਰਤ ਸ਼ੁਰੂ ਹੋ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੇ ਲਈ ਨਿਰਜਲਾ ਵਰਤ ਰੱਖਦੀਆਂ ਹਨ। ਕਰਵਾ ਚੌਥ ਵਾਲੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੰਕਲਪ ਲਿਆ ਜਾਂਦਾ ਹੈ, ਫਿਰ ਉਹ ਦਿਨ ਭਰ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਚੰਦਰਮਾ ਨੂੰ ਅਰਗ ਦਿੱਤਾ ਜਾਂਦਾ ਹੈ।
ਕਿਸ ਦੀ ਪੂਜਾ ਅਤੇ ਕਿਵੇਂ ?
ਕਰਵਾ ਚੌਥ ਵਾਲੇ ਦਿਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਦੇ ਮੁੱਖ ਪੰਡਿਤ ਦਿਨੇਸ਼ ਪਾਂਡੇ ਨੇ ਦੱਸਿਆ ਕਿ ਗਣੇਸ਼ ਜੀ ਦੀ ਇਸ ਦਿਨ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਫੁੱਲ ਅਕਸ਼ਿਤ ਧੂਪ ਆਦਿ ਦੀਵੇ ਦੇ ਨਾਲ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਾਰਤਿਕ ਚਤੁਰਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਮੁੱਖ ਤੌਰ ਉੱਤੇ ਗਣੇਸ਼ ਜੀ ਨੂੰ ਇਸ ਤਿਉਹਾਰ ਦੇ ਨਾਲ ਇਸ ਵਰਤ ਦੇ ਨਾਲ ਖੁਸ਼ ਕਰਨਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਡੀਆਂ ਭੈਣਾਂ ਮਾਤਾਵਾਂ ਦੇ ਲਈ ਬਹੁਤ ਹੀ ਦਿਵਿਆ ਤਿਉਹਾਰ ਹੈ। ਉਨ੍ਹਾਂ ਦਾ ਦੱਸਿਆ ਕਿ ਇਸ ਦਿਨ ਚਾਰ ਮੁੱਖ ਕਥਾਵਾਂ ਹਨ ਜਿਨਾਂ ਨੂੰ ਸੁਣਨਾ ਬੇਹਦ ਜਰੂਰੀ ਹੈ। ਇੱਕ ਮਹਾਂਭਾਰਤ ਦੇ ਨਾਲ ਸੰਬੰਧਿਤ ਹੈ ਅਤੇ ਦੂਜੀ ਕਥਾ ਜੋ ਬਹੁਤ ਪ੍ਰਚਲਿਤ ਹੈ ਉਸ ਵਿੱਚ ਇੱਕ ਵਿਅਕਤੀ ਦੇ ਸੱਤ ਪੁੱਤਰ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਕਦਰ ਨਹੀਂ ਹੁੰਦੀ ਜੋ ਕਿ ਛੱਡ ਕੇ ਚਲਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਉਹ ਮਰ ਜਾਂਦਾ ਹੈ, ਤਾਂ ਫਿਰ ਉਸ ਦੀ ਪਤਨੀ ਵਰਤ ਰੱਖਦੀ ਹੈ ਤੇ ਉਸ ਨਾਲ ਉਹ ਜਿਉਂਦਾ ਹੋ ਜਾਂਦਾ ਹੈ।
ਕਰਵਾ, ਸਰਗੀ ਤੇ ਕਥਾ ਸੁਣਨ ਦਾ ਮਹੱਤਵ
ਪੰਡਿਤ ਦਿਨੇਸ਼ ਪਾਂਡੇ ਦੱਸਦੇ ਹਨ ਕਿ ਕਰਵੇ ਦਾ ਕਰਵਾ ਚੌਥ ਵਾਲੇ ਦਿਨ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਕਰਵੇ ਦੀ ਹੀ ਪੂਜਾ ਕੀਤੀ ਜਾਂਦੀ ਹੈ। ਕਿਉਂਕਿ ਉਸ ਦਾ ਸਿੱਧਾ ਲਿੰਕ ਚੰਦਰਮਾ ਨਾਲ ਹੈ ਅਤੇ ਚੰਦਰਮਾ ਨੂੰ ਗਣੇਸ਼ ਜੀ ਦੇ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਜਾ ਦੇ ਦੌਰਾਨ ਕਣਕ ਜਾਂ ਫਿਰ ਕਿਸੇ ਹੋਰ ਅੰਨ ਦਾ ਹੱਥ ਵਿੱਚ ਰੱਖ ਕੇ ਪੂਜਾ ਕਰਨ ਦੀ ਪ੍ਰਥਾ ਚੱਲਦੀ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬ੍ਰਾਹਮਣ ਤੋਂ ਇਹ ਸੁਣਿਆ ਜਾਵੇ, ਤਾਂ ਉਸ ਦਾ ਅਲੱਗ ਪ੍ਰਭਾਵ ਹੈ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਰਵਾ ਚੌਥ ਵਾਲੇ ਦਿਨ ਜੋ ਪੂਜਾ ਦੀ ਸਮਗਰੀ ਹੈ ਉਹ ਸੱਸ ਹੀ ਆਪਣੀ ਨੂੰਹ ਨੂੰ ਭੇਂਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਧਾਨ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਤੇ ਇਸ ਦੀ ਹੀ ਮਾਨਤਾ ਹੈ, ਪਰ ਜੇਕਰ ਕਿਸੇ ਕਾਰਨ ਕਰਕੇ ਵਿਆਹੁਤਾ ਦੀ ਸੱਸ ਨਹੀਂ ਹੈ ਜਾਂ ਫਿਰ ਕਿਤੇ ਬਾਹਰ ਹੈ, ਤਾਂ ਉਹ ਵਿਆਹੁਤਾ ਘਰ ਦੇ ਵਿੱਚ ਕਿਸੇ ਵੱਡੇ ਤੋਂ ਵੀ ਸਰਗੀ ਲੈ ਸਕਦੀ ਹੈ ਉਹਨਾਂ ਕਿਹਾ ਕਿ ਸਰਗੀ ਦੇਣਾ ਇੱਕ ਤਰ੍ਹਾਂ ਦਾ ਪੁੰਨ ਦਾ ਕੰਮ ਹੀ ਮੰਨਿਆ ਜਾਂਦਾ ਰਿਹਾ ਹੈ। ਇਸ ਕਰਕੇ ਸਰਗੀ ਗਈ ਦੇਣ ਵਿੱਚ ਕੋਈ ਸੰਕੋਚ ਵੀ ਨਹੀਂ ਹੋਣਾ ਚਾਹੀਦਾ।
ਕੀ ਕੁਆਰੀਆਂ ਰੱਖ ਸਕਦੀਆਂ ਹਨ ਕਰਵਾ ਚੌਥ ?
ਕਰਵਾ ਚੌਥ ਵਾਲੇ ਦਿਨ ਅਕਸਰ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੀ ਕੁਆਰੀਆਂ ਲੜਕੀਆਂ ਵੀ ਵਰਤ ਰੱਖ ਸਕਦੀਆਂ ਹਨ ਜਾਂ ਨਹੀਂ ਇਹ ਇੱਕ ਵੱਡਾ ਮੁੱਦਾ ਬਣਿਆ ਰਹਿੰਦਾ ਹੈ, ਪਰ ਪੰਡਿਤ ਦਿਨੇਸ਼ ਪਾਂਡੇ ਨੇ ਇਹ ਸਾਫ ਕਿਹਾ ਹੈ ਕਿ ਸ਼ਾਸਤਰਾਂ ਵਿੱਚ ਵਿਆਹੁਤਾ ਵੱਲੋਂ ਹੀ ਇਹ ਵਰਤ ਰੱਖਣ ਦੀ ਪ੍ਰਥਾ ਹੈ। ਉਨ੍ਹਾਂ ਕਿਹਾ ਕਿ ਕੁਆਰੀਆਂ ਇਸ ਵਰਤ ਨੂੰ ਨਹੀਂ ਰੱਖ ਸਕਦੀਆਂ। ਉਨ੍ਹਾਂ ਕਿਹਾ ਹਾਲਾਂਕਿ ਉਹ ਆਪਣੇ ਚੰਗੇ ਪਤੀ ਦੀ ਕਾਮਨਾ ਦੇ ਲਈ ਸ੍ਰੀ ਗਣੇਸ਼ ਜੀ ਦੀ ਪੂਜਾ ਜਰੂਰ ਕਰ ਸਕਦੀਆਂ ਹਨ, ਪਰ ਵਰਤ ਰੱਖਣ ਦਾ ਕੋਈ ਰਿਵਾਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਮਨ ਵਿੱਚ ਕਿਸੇ ਨੂੰ ਪਤੀ ਧਾਰ ਲਿਆ ਹੈ ਜਾਂ ਉਹ ਕਿਸੇ ਨਾਲ ਅਟੁੱਟ ਬੰਧਨ ਦੇ ਵਿੱਚ ਹਨ, ਤਾਂ ਫਿਰ ਇਸ ਸਬੰਧੀ ਉਹ ਸੋਚ ਸਕਦੀ ਹੈ, ਪਰ ਵਿਧੀ ਦੇ ਮੁਤਾਬਿਕ ਇਹ ਤਿਉਹਾਰ ਵਿਆਹੁਤਾ ਲਈ ਹੀ ਬਣਿਆ ਹੈ ਅਤੇ ਉਨ੍ਹਾਂ ਵੱਲੋਂ ਹੀ ਵਰਤ ਰੱਖਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਿਨ ਚੰਦਰਮਾ ਨੂੰ ਵੇਖ ਕੇ ਹੀ ਵਰਤ ਤੋੜਿਆ ਜਾਣਾ ਚਾਹੀਦਾ ਹੈ, ਕਿਉਂਕਿ ਚੰਦਰਮਾ ਨੂੰ ਮਹਿਲਾਵਾਂ ਆਪਣੇ ਪਤੀ ਦੇ ਨਾਲ ਵੇਖਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪਤੀ ਉਪਲਬਧ ਨਹੀਂ ਹੈ ਜਾਂ ਫਿਰ ਬਾਹਰ ਕੰਮ ਕਰਦਾ ਹੈ, ਤਾਂ ਉਸ ਨੂੰ ਬਿਨਾਂ ਦੇਖੇ ਸਿਰਫ ਚੰਦ ਨੂੰ ਅਰਘ ਦੇ ਕੇ ਖਾਸ ਕਰਕੇ ਚੰਦਰਮਾ ਦੀ ਪੂਜਾ ਕਰਕੇ ਵੀ ਵਿਆਹੁਤਾ ਆਪਣਾ ਵਰਤ ਤੋੜ ਸਕਦੀਆਂ ਹਨ।