ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਖੁਦ ਸੜਕਾਂ ਉੱਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਰਾਮ ਪ੍ਰਾਣ ਪ੍ਰਤਿਸ਼ਠਾ ਕਰਕੇ ਦਿਵਾਲੀ ਵਰਗਾ ਮਾਹੌਲ ਹੈ ਅਤੇ ਇਸ ਮਾਹੌਲ ਨੂੰ ਬਣਾਏ ਰੱਖਣ ਲਈ ਪੂਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਸਾਡੀ ਪੁਲਿਸ ਟੀਮ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਸਾਰੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਇਲਾਕਿਆਂ ਦੇ ਵਿੱਚ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ।
ਸੁਰੱਖਿਆ ਪ੍ਰਬੰਧ ਮੁਕੰਮਲ: ਉਨ੍ਹਾਂ ਕਿਹਾ ਕਿ 26 ਜਨਵਰੀ ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਲਈ ਸਪੈਸ਼ਲ ਆਪਰੇਸ਼ਨ ਚਲਾਏ ਗਏ ਹਨ। ਇੰਨ੍ਹਾਂ ਅਪ੍ਰੇਸ਼ਨਾਂ ਤਹਿਤ ਜਿੱਥੇ ਰੁਟੀਨ ਚੈਕਿੰਲ ਚੱਲ ਰਹੀ ਹੈ ਉੱਥੇ ਹੀ ਸਪੈਸ਼ਲ ਵਾਹਨ ਚੈਕਿੰਗ ਵੀ ਕੀਤੀ ਜਾ ਰਹੀ ਹੈ। ਸਾਰੇ ਇਲਾਕਿਆਂ ਦੇ ਹੋਟਲ ਅਤੇ ਸਰਾਵਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਕਿਉਂਕਿ ਸ਼ਰਾਰਤੀ ਅਨਸਰ ਇੰਨ੍ਹਾਂ ਨੂੰ ਛੁਪਣ ਗਾਹ ਦੇ ਰੂਪ ਵਿੱਚ ਵਰਤ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਿਕ ਸ਼ੱਕੀ ਹਨ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਸਪੈਸ਼ਲ ਫੋਰਸ ਡੀਜੀਪੀ ਆਫਿਸ ਵੱਲੋਂ ਦਿੱਤੀ ਗਈ ਹੈ।
ਫਲਾਇੰਗ ਸਕੁਐਡ ਤਿਆਰ: ਪੁਲਿਸ਼ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਥਾਣਿਆਂ ਵਿੱਚ ਪੁਲਿਸ ਨੇ ਆਪਣੇ ਪੱਧਰ ਉੱਤੇ ਫਲਾਇੰਗ ਸਕੁਐਡ ਤਿਆਰ ਕੀਤੀਆਂ ਹਨ। ਇਹ ਫਲਾਇੰਗ ਸਕੁਐਡ ਖਾਸ ਤੌਰ ਉੱਤੇ ਅਪਾਤਕਾਲੀਨ ਸਥਿਤੀ ਵਿੱਚ ਐਕਸ਼ਨ ਕਰਨਗੀਆਂ। ਇਨ੍ਹਾਂ ਦੀ ਡਿਊਟੀ ਸਿਰਫ ਨਿਗਰਾਨੀ ਦੀ ਰਹੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਉੱਥੇ ਨੱਥ ਪਾਉਣਾ ਇਨ੍ਹਾਂ ਦਾ ਮੁੱਖ ਟੀਚਾ ਹੋਵੇਗਾ।
26 ਜਨਵਰੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਵੀ ਐੱਸਪੀ ਮਨਜੀਤ ਕੌਰ ਦੀ ਅਗਵਾਈ ਵਿੱਚ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਚੈਕਿੰਗ ਦੌਰਾਨ ਪੁਲਿਸ ਨੂੰ ਦੇਖ ਕੇ ਆਪਣਾ ਰਸਤਾ ਬਦਲਣ ਵਾਲੇ ਇੱਕ ਸ਼ੱਕੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਐੱਸਪੀ ਮਨਜੀਤ ਕੌਰ ਨੇ ਕਿਹਾ ਕਿ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਅਤੇ ਇਸ ਦੌਰਾਨ ਪੁਲਿਸ ਵਲੋਂ ਸ਼ਹਿਰ ਦੀਆਂ ਜਨਤਕ ਥਾਵਾਂ ਦੀ ਵੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਕੋਈ ਵੀ ਅਜਿਹਾ ਕਰਦਾ ਕਾਬੂ ਹੁੰਦਾ ਹੈ ਤਾਂ ਫਿਰ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਬਕ ਸਿਖਾਇਆ ਜਾ ਸਕੇ।