ਮੋਗਾ: ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ, ਵੀਰਵਾਰ ਨੂੰ ਮੋਗਾ ਵਿੱਚ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਉੱਤੇ ਚੱਲਿਆ। ਮੋਗਾ ਦੇ ਗੀਤਾ ਭਵਨ ਚੌਂਕ ਵਿੱਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਤੇ ਕਰਮਜੀਤ ਅਨਮੋਲ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਨੇ ਵੀ ਪ੍ਰਚਾਰ ਕੀਤਾ।
ਪੰਜਾਬੀ ਇੰਡਸਟਰੀ ਦਾ ਸਪੋਰਟ: ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪੰਜਾਬੀ ਕਲਾਕਾਰ ਵਲੋਂ ਪੂਰੀ ਤਰ੍ਹਾਂ ਸਪੋਰਟ ਕੀਤੀ ਜਾ ਰਹੀ ਹੈ। ਬੀਤੇ ਦਿਨ ਵੀਰਵਾਰ ਨੂੰ ਮੋਗਾ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਕਰਮਜੀਤ ਅਨਮੋਲ ਦੇ ਹੱਕ ਵਿੱਚ ਪੰਜਾਬੀ ਕਲਾਕਾਰਾਂ ਨੇ ਜੰਮ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਮਲਕੀਤ ਰੌਣੀ, ਕਰਤਾਰ ਚੀਮਾ ਤੇ ਹਰਭਜਨ ਸ਼ੇਰਾ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਨਸਾਨ ਸੇਵਾ-ਭਾਵਨਾ ਦੀ ਨੀਅਤ ਲੈ ਕੇ ਰਾਜਨੀਤੀ ਵਿੱਚ ਉਤਰੇ ਤਾਂ ਰਾਹ ਸੌਖਾ ਲੱਗਦਾ ਹੈ, ਜਿਵੇਂ ਭਗਵੰਤ ਮਾਨ ਸਾਹਿਬ ਦੇ ਕੰਮਾਂ ਤੋਂ ਲੋਕ ਖੁਸ਼ ਹਨ, ਉਸੇ ਤਰ੍ਹਾਂ ਕਰਮਜੀਤ ਅਨਮੋਲ ਵੀ ਸੇਵਾ-ਭਾਵਨਾ ਰੱਖਣ ਵਾਲਾ (Lok Sabha Election 2024) ਵਿਅਕਤੀ ਹੈ।
ਆਮ ਘਰਾਂ ਚੋਂ ਉੱਠਿਆ ਕਰਮਜੀਤ ਅਨਮੋਲ: ਪੰਜਾਬੀ ਕਲਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਕਰਮਜੀਤ ਅਨਮੋਲ ਸਾਡੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਇਨਸਾਨ ਹੈ, ਜੋ ਹਰ ਸੁੱਖ-ਦੁੱਖ ਸਮੇਂ ਅੱਗੇ ਹੋ ਕੇ ਮਦਦ ਕਰਨ ਲਈ ਖੜਾ ਤਿਆਰ ਹੁੰਦਾ ਹੈ। ਰੌਣੀ ਨੇ ਕਿਹਾ ਕਿ ਜਿਹੜੇ ਲੋਕ ਜ਼ਮੀਨੀ ਪੱਧਰ ਅਤੇ ਆਮ ਜੀਵਨ ਤੋਂ ਉੱਠ ਕੇ ਸਿਆਸਤ ਵੱਲ ਵਧ ਰਹੇ ਹਨ, ਉਨ੍ਹਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਦੇਖਿਆ ਹੁੰਦਾ ਹੈ। ਉਸੇ ਤਰ੍ਹਾਂ ਕਰਮਜੀਤ ਅਨਮੋਲ ਵੀ ਆਮ ਘਰਾਂ ਚੋਂ ਨਿਕਲਿਆ ਹੈ, ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇਗਾ ਵੀ ਅਤੇ ਲੋਕ ਸਭਾ ਵਿੱਚ ਚੁੱਕੇਗਾ।
ਹੰਸ ਰਾਜ ਹੰਸ ਬਾਰੇ ਕੋਈ ਟਿੱਪਣੀ ਨਹੀਂ: ਇਸ ਮੌਕੇ ਕਰਮਜੀਤ ਅਨਮੋਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਸ਼ ਹਨ ਕਿ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਦੇ ਸਾਥੀ ਵੀ ਚੋਣ ਪ੍ਰਚਾਰ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਗੋਂ ਮੈਂ ਕਿਸੇ ਨੂੰ ਸਾਹਮਣੇ ਤੋਂ ਫੋਨ ਨਹੀਂ ਕੀਤਾ ਹੈ, ਉਹ ਖੁਦ ਮੇਰੇ ਨਾਲ ਚੋਣ ਪ੍ਰਚਾਰ ਕਰਨ ਲਈ ਸ਼ਮੂਲੀਅਤ ਕਰ ਰਹੇ ਹਨ। ਕਰਮਜੀਤ ਨੇ ਕਿਹਾ ਕਿ ਉਨ੍ਹਾਂ ਦਾ ਪਿੰਡਾਂ ਵਿੱਚ ਵਿਰੋਧ ਨਹੀਂ ਹੋਇਆ ਹੈ, ਸਗੋਂ ਸਵਾਲ-ਜਵਾਬ ਹੋਏ ਹਨ, ਜੋ ਕਿ ਆਪ ਪਾਰਟੀ ਖੁਦ ਕਹਿੰਦੀ ਹੈ ਕਿ ਵੋਟਰਾਂ ਵਲੋਂ ਸਵਾਲ-ਜਵਾਬ ਹੋਣੇ ਚਾਹੀਦੇ ਹਨ। ਜਦੋਂ ਪੱਤਰਕਾਰਾਂ ਵਲੋਂ ਇਹ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੇ ਮੁਕਾਬਲੇ ਫ਼ਰੀਦਕੋਟ ਵਿੱਚ ਖੜੇ ਹੋਏ ਭਾਜਪਾ ਆਗੂ ਹੰਸ ਰਾਜ ਹੰਸ ਦਾ ਲਗਾਤਾਰ ਪਿੰਡਾਂ ਵਿੱਚ ਵਿਰੋਧ ਹੋ ਰਿਹਾ ਹੈ, ਤਾਂ ਕਰਮਜੀਤ ਅਨਮੋਲ ਨੇ ਜਵਾਬ ਦਿੰਦਿਆ ਕਿਹਾ ਕਿ ਹੰਸ ਰਾਜ ਹੰਸ ਉਨ੍ਹਾਂ ਦੇ ਸੀਨੀਅਰ ਹਨ, ਇਸ ਲਈ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ। ਆਪ ਨੂੰ ਇਸ ਵਾਰ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਜਿੱਤ ਹਾਸਿਲ ਹੋਵੇਗੀ।