ਬਰਨਾਲਾ: ਸ਼ਹਿਰ ਵਿਖੇ ਡਾ.ਸੁਰਜੀਤ ਪਾਤਰ ਦੀ ਯਾਦ ਵਿੱਚ ਵਿਸ਼ਾਲ ਯਾਦਗਾਰੀ ਸਮਾਗਮ ਹੋਇਆ। ਡਾ. ਸੁਰਜੀਤ ਪਾਤਰ ਨੂੰ ਧਰਤੀ ਦੇ ਗੀਤ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਡਾ. ਪਾਤਰ ਦੇ ਪਰਿਵਾਰ ਦਾ ਵੱਖ ਵੱਖ ਜੱਥੇਬੰਦੀਆਂ ਵਲੋਂ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ, ਬੁੱਧੀਜੀਵੀ, ਮੁਲਾਜ਼ਮ, ਲੇਖਕ, ਮਜ਼ਦੂਰ ਆਗੂ, ਪੱਤਰਕਾਰ ਅਤੇ ਕਵੀ ਸ਼ਾਮਲ ਹੋਏ। ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਇੱਕ ਨਾਟਕ ਵੀ ਪੇਸ਼ ਕੀਤਾ ਗਿਆ।
ਡਾ. ਸੁਰਜੀਤ ਪਾਤਰ ਵਲੋਂ ਸਾਹਿਤ ਵਿੱਚ ਯੋਗਦਾਨ ਨੂੰ ਸਿੱਜਦਾ: ਇਸ ਮੌਕੇ ਗੱਲਬਾਤ ਕਰਦਿਆਂ ਡਾ. ਨਵਸ਼ਰਨ ਕੌਰ ਨੇ ਕਿਹਾ ਕਿ ਗੁਰਸ਼ਰਨ ਸਿੰਘ ਸਲਾਕ ਕਾਫਲਾ ਮੰਚ ਵਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਹੋਰ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪੰਜਾਬ ਦੇ ਲੋਕ ਕਵੀ ਡਾ. ਸੁਰਜੀਤ ਪਾਤਰ ਨੂੰ ਯਾਦ ਕੀਤਾ ਹੈ। ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਯਾਦਗਾਰੀ ਸਮਾਗਮ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਧਰਤੀ ਦਾ ਗੀਤ ਹੋਣ ਦਾ ਸਨਮਾਨ ਦਿੱਤਾ ਹੈ। ਉਨ੍ਹਾਂ ਵਲੋਂ ਪੰਜਾਬ ਲਈ ਪਾਏ ਯੋਗਦਾਨ ਨੂੰ ਸਿਜਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਸੁਰਜੀਤ ਪਾਤਰ ਲੋਕਾਂ ਦਾ ਕਵੀ ਸੀ, ਜਿਨ੍ਹਾਂ ਨੇ ਆਪਣੀ ਕਲਮ ਅਤੇ ਕਵਿਤਾ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ, ਚੁਣੌਤੀਆਂ, ਤਰਾਸ਼ਦੀਆਂ ਉਪਰ ਆਵਾਜ਼ ਉਠਾਉਂਦੇ ਰਹੇ ਹਨ। ਉਹ ਲੋਕਾਂ ਦੇ ਸੰਘਰਸ਼ਾਂ ਦੇ ਗਵਾਹ ਬਣੇ ਹਨ।
ਪੰਜ ਦਹਾਕੇ ਡਾ. ਸੁਰਜੀਤ ਪਾਤਰ ਨੇ ਆਪਣੀ ਕਲਮ ਨਾਲ ਵੱਖ ਵੱਖ ਮੁੱਦਿਆਂ ਨੂੰ ਆਵਾਜ਼ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਆਪਣੇ ਮਹਿਬੂਬ ਕਲਾਕਾਰਾਂ ਤੇ ਸਖ਼ਸੀਅਤਾਂ ਨੂੰ ਇਸੇ ਤਰ੍ਹਾਂ ਸਨਮਾਨ ਦਿੱਤਾ। ਗੁਰਸ਼ਰਨ ਸਿੰਘ, ਅਜਮੇਰ ਸਿੰਘ ਔਲਖ, ਗੁਰਦਿਆਲ ਸਿੰਘ ਵਾਂਗ ਡਾ. ਸੁਰਜੀਤ ਪਾਤਰ ਨੂੰ ਇਹ ਸਨਮਾਨ ਲੋਕਾਂ ਵਲੋਂ ਬੇਹੱਦ ਪਿਆਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਡਾ. ਪਾਤਰ ਦੀ ਯਾਦ ਵਿੱਚ ਪਹਿਲਾਂ ਵੀ ਬਹੁਤ ਸਮਾਗਮ ਹੋਏ ਹਨ ਅਤੇ ਹੋਰ ਸਮਾਗਮ ਵੀ ਹੋਣਗੇ। ਪਰ, ਇਹ ਸਮਾਗਮ ਇੱਕ ਵੱਖਰਾ ਯਾਦਗਾਰੀ ਸਮਾਗਮ ਰਿਹਾ ਹੈ, ਕਿਉਂਕਿ ਇਹ ਸਮਾਗਮ ਕਲਮ ਅਤੇ ਕਲਾਵਾਲਿਆਂ, ਸੰਘਰਸ਼ੀ ਲੋਕਾਂ, ਮਿਹਨਤਕਸ਼ ਲੋਕਾਂ, ਕਵੀਆਂ, ਲੇਖਕਾਂ, ਮੁਲਾਜ਼ਮਾਂ, ਬੁੱਧੀਜੀਵੀਆਂ, ਪੱਤਰਕਾਰਾਂ, ਚਿੱਤਰਕਾਰਾਂ, ਤਰਕਸ਼ੀਲਾਂ ਦਾ ਸਾਂਝਾ ਸਮਾਗਮ ਸੀ। ਇਹ ਵੱਖ ਵੱਖ ਵਰਗਾਂ ਵਿੱਚ ਜੂਝਦੇ ਲੋਕਾਂ ਦੀ ਏਕੇ ਦਾ ਸਮਾਗਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਵਿੱਚ ਨਵਾਂ ਪ੍ਰਧਾਨਮੰਤਰੀ ਬਣਨ ਜਾ ਰਿਹਾ ਹੈ,ਦੂਜੇ ਪਾਸੇ ਡਾ.ਪਾਤਰ ਦੀ ਯਾਦ ਵਿੱਚ ਜੂਝਦੇ ਲੋਕਾਂ ਦਾ ਕਾਫ਼ਲਾ ਖੜਾ ਹੋਇਆ ਹੈ।
ਯਾਦ ਵਿੱਚ ਕਰਵਾਏ ਜਾ ਰਹੇ ਯਾਦਗਾਰੀ ਸਮਾਗਮ : ਉਥੇ ਹੀ, ਇਸ ਮੌਕੇ ਡਾ. ਸੁਰਜੀਤ ਪਾਤਰ ਦੇ ਪੁੱਤਰ ਨੇ ਕਿਹਾ ਕਿ ਉਹ ਅਜੇ ਆਪਣੇ ਪਿਤਾ ਦੇ ਵਿਛੋੜੇ ਦਾ ਦਰਦ ਭੁਲਾ ਨਹੀਂ ਸਕੇ ਹਨ। ਇਸੇ ਦਰਮਿਆਨ ਕਿਸਾਨ ਅਤੇ ਹੋਰ ਵੱਖ ਵੱਖ ਜੱਥੇਬੰਦੀਆ ਵਲੋਂ ਵੱਡਾ ਇਕੱਠ ਕਰਕੇ ਡਾ. ਪਾਤਰ ਦੀ ਯਾਦ ਵਿੱਚ ਬਹੁਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਲੋਕ ਡਾ. ਪਾਤਰ ਨੂੰ ਬਹੁਤ ਪਿਆਰ ਦਿੰਦੇ ਹਨ, ਇਹ ਦੇਖ ਕੇ ਬਹੁਤ ਸਕੂਨ ਮਿਲਦਾ ਹੈ। ਉਹਨਾਂ ਕਿਹਾ ਕਿ ਡਾ. ਪਾਤਰ ਨੇ ਜਿਸਮਾਨੀ ਤੌਰ ਤੇ ਆਪਣੀ ਜਿੰਦਗੀ ਦਾ ਆਖ਼ਰੀ ਦਿਨ ਬਰਨਾਲਾ ਵਿਖੇ ਹੀ ਗੁਜ਼ਾਰਿਆ ਸੀ ਅਤੇ ਅੱਜ ਉਹਨਾਂ ਦੀ ਯਾਦ ਵਿੱਚ ਵੱਡਾ ਇਕੱਠ ਹੋਣ ਦਾ ਸਾਡੇ ਪਰਿਵਾਰ ਨੂੰ ਸਕੂਨ ਦੇਣ ਵਾਲਾ ਹੈ। ਉਹਨਾਂ ਕਿਹਾ ਕਿ ਮੇਰੇ ਪਿਤਾ ਜੋ ਵੀ ਕਵਿਤਾਵਾਂ ਲਿਖਦੇ ਸਨ, ਮੈਂ ਸ਼ੁਰੂ ਤੋਂ ਉਹਨਾਂ ਨੂੰ ਗਾਉਂਦਾ ਰਿਹਾ ਹਾਂ। ਹੁਣ ਵੀ ਮੈਂ ਆਪਣੇ ਪਿਤਾ ਦੀਆਂ ਰਚਨਾਵਾਂ ਨੂੰ ਨਾਲ ਲੈ ਕੇ ਲੋਕ ਹਿੱਤਾਂ ਲਈ ਅੱਗੇ ਆਉਂਦੇ ਰਹਾਂਗੇ।