ਲੁਧਿਆਣਾ: ਪੰਜਾਬ ਦੇ ਵਿੱਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿੱਚ ਰਿਕਾਰਡ ਤੋੜ ਕਮੀ ਵੇਖਣ ਨੂੰ ਮਿਲੀ ਹੈ। ਮੌਜੂਦਾ ਹਾਲਤ ਦੀ ਗੱਲ ਕੀਤੀ ਜਾਵੇ ਤਾਂ 15 ਸਤੰਬਰ ਤੋਂ ਲੈ ਕੇ 7 ਅਕਤੂਬਰ ਤੱਕ ਹੁਣ ਤੱਕ ਪਰਾਲੀ ਨੂੰ ਅੱਗ ਲਾਉਣ ਦੇ 214 ਮਾਮਲੇ ਹੀ ਸਾਹਮਣੇ ਆਏ ਹਨ। ਜਿਨਾਂ ਵਿੱਚੋਂ ਸਭ ਤੋਂ ਜ਼ਿਆਦਾ ਮਾਮਲੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚੋਂ ਸਾਹਮਣੇ ਆਏ ਹਨ। ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦਿਨਾਂ ਵਿਚਕਾਰ ਪਰਾਲੀ ਨੂੰ ਅੱਗ ਲਾਉਣ ਦੇ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਸਨ। ਇਸ ਨੂੰ ਲੈ ਕੇ ਜਿੱਥੇ ਖੇਤੀਬਾੜੀ ਅਫਸਰ ਕਿਸਾਨਾਂ ਦੇ ਜਾਗਰੂਕ ਹੋਣ ਵੱਲ ਇਸ਼ਾਰਾ ਕਰ ਰਹੇ ਹਨ। ਉੱਥੇ ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਪੰਚਾਇਤੀ ਚੋਣਾਂ ਦੇ ਕਰਕੇ ਕਿਸਾਨ ਮਸ਼ਰੂਫ ਹਨ ਅਤੇ ਮੰਡੀ ਦੇ ਵਿੱਚ ਵੀ ਫਸਲ ਫਿਲਹਾਲ ਕਾਫੀ ਘੱਟ ਆ ਰਹੀ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਹਾਲੇ ਵਾਢੀ ਦੇ ਵਿੱਚ ਪੂਰੀ ਤਰਹਾਂ ਸਰਗਰਮ ਨਹੀਂ ਹੋਏ ਹਨ ਜਦੋਂ ਕਿ ਚੋਣਾਂ ਦੇ ਵਿੱਚ ਜਰੂਰ ਹਨ।
ਮੌਜੂਦਾ ਹਾਲਾਤ
ਪੰਜਾਬ ਦੇ ਵਿੱਚ ਮੌਜੂਦਾ ਹਾਲਾਤਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ 15 ਸਤੰਬਰ ਤੋਂ ਲੈ ਕੇ ਸਰਕਾਰੀ ਅੰਕੜਿਆਂ ਦੇ ਮੁਤਾਬਿਕ 7 ਅਕਤੂਬਰ ਤੱਕ 214 ਮਾਮਲੇ ਹੀ ਸਾਹਮਣੇ ਆਏ ਹਨ। ਜਿਨਾਂ ਵਿੱਚ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ 101, ਇਸੇ ਤਰ੍ਹਾਂ ਦੂਜੇ ਨੰਬਰ ਤੇ ਤਰਨ ਤਾਰਨ ਵਿੱਚ 28 ਮਾਮਲੇ, ਤੀਜੇ ਨੰਬਰ ਤੇ ਜਲੰਧਰ ਦੇ ਵਿੱਚ 16 ਮਾਮਲੇ ਫਿਰੋਜ਼ਪੁਰ ਦੇ ਵਿੱਚ 13, ਗੁਰਦਾਸਪੁਰ ਵਿੱਚ 11, ਹੁਸ਼ਿਆਰਪੁਰ ਵਿੱਚ 9 ਮਾਮਲੇ, ਸੰਗਰੂਰ ਦੇ ਵਿੱਚ 10 ਫਤਿਹਗੜ੍ਹ ਸਾਹਿਬ ਵਿੱਚ 2, ਲੁਧਿਆਣਾ ਵਿੱਚ ਦੋ ਮਾਮਲੇ, ਮੋਹਾਲੀ ਵਿੱਚ 6 ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਬਠਿੰਡਾ ਵਿੱਚ ਫਿਲਹਾਲ ਇੱਕ ਮਾਮਲਾ, ਫਰੀਦਕੋਟ ਵਿੱਚ ਇੱਕ ਹੁਸ਼ਿਆਰਪੁਰ ਦੇ ਵਿੱਚ ਇੱਕ ਵੀ ਮਾਮਲਾ ਪਰਾਲੀ ਨੂੰ ਅੱਗ ਲਾਉਣ ਦਾ ਨਹੀਂ ਆਇਆ ਹੈ ਜਦੋਂ ਕਿ ਮੁਕਤਸਰ ਦੇ ਵਿੱਚ ਵੀ ਫਿਲਹਾਲ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੋਗਾ ਦੇ ਵਿੱਚ ਇੱਕ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਲ ਮਿਲਾ ਕੇ ਪੰਜਾਬ ਦੇ 23 ਜ਼ਿਲਿਆਂ ਦੇ ਵਿੱਚ ਹੁਣ ਤੱਕ 214 ਮਾਮਲੇ 7 ਅਕਤੂਬਰ ਤੱਕ ਸਾਹਮਣੇ ਆ ਚੁੱਕੇ ਹਨ।
ਪਿਛਲੇ ਸਾਲਾਂ ਦੇ ਅੰਕੜੇ
ਦੱਸ ਦੇਈਏ ਕਿ ਪਿਛਲੇ ਸਾਲਾਂ ਦੇ ਵਿੱਚ ਜੇਕਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 15 ਸਤੰਬਰ ਤੋਂ ਲੈ ਕੇ 7 ਅਕਤੂਬਰ ਤੱਕ ਸਾਲ 2022 ਦੇ ਵਿੱਚ 692 ਮਾਮਲੇ ਸਾਹਮਣੇ ਆਏ ਸਨ ਇਸੇ ਤਰ੍ਹਾਂ 2023 ਦੇ ਵਿੱਚ 877 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਇਹਨਾਂ ਦਿਨਾਂ ਦੇ ਵਿਚਕਾਰ ਸਾਹਮਣੇ ਆਏ ਸਨ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ 70 ਫੀਸਦੀ ਤੱਕ ਘੱਟ ਅੱਗ ਪਰਾਲੀ ਨੂੰ ਲਗਾਈ ਗਈ ਹੈ। ਪਿਛਲੇ ਸਾਲ ਸਭ ਤੋਂ ਜਿਆਦਾ ਮਾਮਲੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਵਿੱਚ ਹੀ ਵੇਖਣ ਨੂੰ ਮਿਲੇ ਸਨ। ਇਹਨਾਂ ਦਿਨਾਂ ਦੇ ਵਿਚਕਾਰ 2022 ਵਿੱਚ ਅੰਮ੍ਰਿਤਸਰ ਚ 444 ਮਾਮਲੇ, 2023 ਵਿੱਚ 537 ਮਾਮਲੇ, ਜਦੋਂ ਕਿ ਤਰਨ ਤਰਨ ਵਿੱਚ 2022 ਅੰਦਰ 124 ਅਤੇ 7 ਅਕਤੂਬਰ ਤੱਕ 2023 ਅੰਦਰ 120 ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਗਏ ਸਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਕਿਸਾਨ ਪਰਾਲੀ ਨੂੰ ਕਾਫੀ ਘੱਟ ਅੱਗ ਲਗਾ ਰਹੇ ਹਨ। ਜਿਸ ਕਾਰਨ ਵਾਤਾਵਰਨ ਵੀ ਫਿਲਹਾਲ ਸਾਫ ਹੈ।
ਕੀ ਹਨ ਕਾਰਨ?
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਲਗਾਤਾਰ ਖੇਤੀਬਾੜੀ ਮਹਿਕਮੇ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਚਲਦਿਆਂ ਇਸ ਦਾ ਅਸਰ ਹੁਣ ਜ਼ਮੀਨੀ ਪੱਧਰ 'ਤੇ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਤੇ ਕਿਸਾਨ ਪਰਾਲੀ ਨੂੰ ਆਪਣੇ ਖੇਤ ਦੇ ਵਿੱਚ ਹੀ ਸੰਭਾਲ ਰਹੇ ਹਨ। ਇਹ ਵੀ ਦੱਸਿਆ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਸਿਰਫ ਦੋ ਮਾਮਲੇ ਹੀ ਸਾਹਮਣੇ ਆਏ ਹਨ। ਉਨ੍ਹਾਂ ਚੋਂ ਵੀ ਕੋਈ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਸਗੋਂ ਇੰਡਸਟਰੀ ਦਾ ਧੂਆਂ ਹੀ ਵੇਖਿਆ ਗਿਆ ਹੈ। ਪ੍ਰਕਾਸ਼ ਸਿੰਘ ਮੁੱਖ ਖੇਤੀ ਅਫਸਰ ਲੁਧਿਆਣਾ ਨੇ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਨੇ ਮਾਨਸਿਕ ਤੌਰ 'ਤੇ ਇਹ ਠਾਣ ਲਿਆ ਹੈ ਕਿ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਨੁਕਸਾਨ ਹੀ ਹੁੰਦੇ ਹਨ ਸਾਡਾ ਵਾਤਾਵਰਨ ਖਰਾਬ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਹੈ ਕਿ ਉਹ ਪਰਾਲੀ ਨੂੰ ਅੱਗ ਇਸ ਵਾਰ ਨਾ ਲਾ ਕੇ ਸੂਝਵਾਨ ਬਣਨ। ਇਸ ਤੋਂ ਇਲਾਵਾ ਪਰਾਲੀ ਦੇ ਵਿੱਚ ਜੋ ਤੱਤ ਹਨ ਉਹ ਖੇਤ ਵਿੱਚ ਹੀ ਰਹਿਣ ਦੇਣ, ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਫਸਲ ਵੀ ਭਰਪੂਰ ਪੈਦਾ ਹੋਵੇਗੀ।
ਅੱਗ ਦੀਆਂ ਘਟਨਾਵਾਂ ਕਾਫੀ ਘੱਟ
ਹਾਲਾਂਕਿ ਨਾਸਾ ਵੱਲੋਂ ਜਾਰੀ ਕੀਤੀ ਗਈ ਸੈਟਲੈਟ ਤਸਵੀਰਾਂ ਦੇ ਵਿੱਚ ਵੀ ਪਿਛਲੇ ਸਾਲ ਨਾਲੋਂ ਇਸ ਸਾਲ ਉੱਤਰ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਅੰਦਰ ਅੱਗ ਦੀਆਂ ਘਟਨਾਵਾਂ ਕਾਫੀ ਘੱਟ ਹਨ। ਖੇਤੀਬਾੜੀ ਵਿਭਾਗ ਇਸ ਨੂੰ ਲੈ ਕੇ ਜਰੂਰ ਆਪਣੀ ਪਿੱਠ ਥਪਥਪਾ ਰਿਹਾ ਹੈ ਪਰ ਉੱਥੇ ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਪੰਚਾਇਤੀ ਚੋਣਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਸ ਵਿੱਚ ਪੰਜਾਬ ਦੇ 13,000 ਪਿੰਡਾਂ ਦੇ ਕਿਸਾਨ ਫਿਲਹਾਲ ਮਸ਼ਰੂਫ ਹਨ ਮੰਡੀਆਂ ਦੇ ਵਿੱਚ ਵੀ ਫਿਲਹਾਲ ਫਸਲ ਕਾਫੀ ਘੱਟ ਆ ਰਹੀ ਹੈ। ਜਿਵੇਂ-ਜਿਵੇਂ ਮੰਡੀਆਂ ਦੇ ਵਿੱਚ ਫਸਲ ਵਧੇਗੀ ਉਸ ਤੋਂ ਬਾਅਦ ਕਿਸਾਨ ਪਰਾਲੀ ਨੂੰ ਕਿਸ ਤਰ੍ਹਾਂ ਸਾਂਭਦੇ ਹਨ ਇਹ ਵੇਖਣਾ ਅਹਿਮ ਰਹੇਗਾ।