ਹੈਦਰਾਬਾਦ ਡੈਸਕ: ਅੱਜ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਓ ਰਲ਼ ਮਿਲ਼ ਪੌਦੇ ਲਾਈਏ, ਪੰਜਾਬ ਨੂੰ ਹਰਿਆ-ਭਰਿਆ ਬਣਾਈਏ' ਮੁੰਹਿਮ ਲਈ 73ਵੇਂ ਰਾਜ ਪੱਧਰੀ ਵਣ ਮਹਾਂ-ਉਤਸਵ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ। ਦਰਅਸਲ, ਬੀਤੇ ਦਿਨ, ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵਲੋਂ ਸੁਖਬੀਰ ਬਾਦਲ ਦੇ ਸਪੱਸ਼ਟੀਕਰਨ ਪੱਤਰ ਨੂੰ ਜਨਤਕ ਕੀਤਾ ਜਿਸ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਬਿਆਨਬਾਜ਼ੀਆਂ ਨੇ ਜ਼ੋਰ ਫੜ੍ਹ ਲਿਆ। ਇਸੇ ਕੜੀ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸੁਖਬੀਰ ਬਾਦਲ ਉੱਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਕੁਝ ਦਿਨਾਂ 'ਚ ਵੱਡੇ ਖੁਲਾਸੇ ਹੋਣਗੇ: ਸੀਐਮ ਮਾਨ ਨੇ ਸਟੇਜ ਤੋਂ ਬੋਲਦਿਆ ਕਿਹਾ ਕਿ, "ਮਾਫ਼ੀ ਭੁੱਲਾਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ। ਇਹ ਜਾਣਬੁੱਝ ਕੇ ਕੀਤਾ ਗਿਆ ਅਪਰਾਧ ਹੈ। ਸਾਡੇ 'ਤੇ ਵੀ ਕੇਸ ਚੱਲ ਰਿਹਾ ਹੈ। ਕੁਝ ਨਵੇਂ ਸਬੂਤ ਸਾਡੇ ਸਾਹਮਣੇ ਆਏ ਹਨ। ਕੁਝ ਦਿਨਾਂ 'ਚ ਵੱਡੇ ਖੁਲਾਸੇ ਹੋਣਗੇ। ਸਭ ਨੂੰ ਦਰਦ ਹੈ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਸਭ ਤੋਂ ਪਹਿਲਾਂ ਦੋਸ਼ੀਆਂ ਨੇ ਖੁਦ ਜਾਂਚ ਕੀਤੀ ਹੈ। ਕਿਹਾ ਜਾਂਦਾ ਹੈ ਕਿ ਸਾਡੇ ਇੱਥੇ ਤਿੰਨ ਅਦਾਲਤਾਂ ਹਨ। ਰੱਬ ਅਤੇ ਲੋਕਾਂ ਦੀ ਅਦਾਲਤ ਨੇ ਸਜ਼ਾ ਦਿੱਤੀ ਹੈ। ਜਲਦੀ ਹੀ ਅਦਾਲਤ ਸਜ਼ਾ ਵੀ ਦੇਵੇਗੀ। ਭਾਵੇਂ ਮਹਿੰਗਾ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਂਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਵੇ।"
ਕੀ ਹੈ ਪੂਰਾ ਮਾਮਲਾ: ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਵੱਲੋਂ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਵਿਖੇ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਾਫੀਨਾਮਾ ਪੱਤਰ ਦਿੱਤਾ ਗਿਆ ਸੀ। ਉਸ ਵਿੱਚ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਕਥਿਤ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ 15 ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗਿਆ ਸੀ।
ਭੁੱਲਾਂ ਚੁੱਕਾਂ ਦੀ ਖਿਮਾਂ ਮੰਗੀ: ਇਸ ਤੋਂ ਬਾਅਦ, 24 ਜੁਲਾਈ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬੰਦ ਲਿਫਾਫਾ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਮਾਫੀਨਾਮਾ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਗਿਆ ਸੀ, ਜੋ ਵੀ ਸਾਡੇ ਖਿਲਾਫ ਲਿਖ ਕੇ ਉਨ੍ਹਾਂ ਨੇ ਦਿੱਤਾ ਸੀ ਬਸ ਉਨ੍ਹਾਂ ਸਭ ਨੂੰ ਆਪਣੇ ਝੋਲੀ ਪਾਉਂਦੇ ਹਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਹ ਉਨ੍ਹਾਂ ਨੂੰ (ਸੁਖਬੀਰ ਬਾਦਲ) ਨੂੰ ਪ੍ਰਵਾਨ ਹੋਵੇਗਾ।
ਬੀਤੇ ਦਿਨ ਜਨਤਕ ਕੀਤਾ ਗਿਆ ਪੱਤਰ: ਬੀਤੇ ਦਿਨ ਸੋਮਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਸਿੰਘ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਅਕਾਲੀ ਦਲ ਵੱਲੋਂ ਦਿੱਤੇ ਸਪਸ਼ਟੀਕਰਨ ਜਨਤਕ ਕੀਤਾ। ਉਨ੍ਹਾਂ ਦਾ ਕਹਿਣਾ ਕਿ ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਲਦ ਹੀ ਪੰਜ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਆਪਣਾ ਫੈਸਲਾ ਦੇਣਗੇ।