ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸੀਆਂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਰਹੀ। ਅਜਿਹਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਚ ਦਾ, ਜਿਸ ਦੇ ਕਾਂਗਰਸੀ ਵਰਕਰ ਵਲੋਂ ਥੱਪੜ ਮਾਰਨ ਦਾ ਇਲਜ਼ਾਮ ਹੈ। ਇਲਜ਼ਾਮ ਹਨ ਕਿ ਕਾਂਗਰਸੀ ਸਰਪੰਚ ਦੇ ਕਥਿੱਤ ਇਸ਼ਾਰੇ 'ਤੇ ਆਪ ਆਗੂ 'ਤੇ ਹਮਲਾ ਹੋਇਆ। ਪੀੜਿਤ ਵਿਅਕਤੀ ਨੇ ਥਾਣਾ ਕੋਟਭਾਈ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।
ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ
ਤਾਜਾ ਮਾਮਲੇ ਵਿੱਚ ਰਾਜਾ ਵੜਿੰਗ ਦੇ ਇੱਕ ਪੀਏ ਦੇ ਜੱਦੀ ਪਿੰਡ ਮਣੀਆਵਾਲੇ ਵਿੱਚ ਸਾਬਕਾ ਕਾਂਗਰਸੀ ਸਰਪੰਚ ਦੇ ਘਰ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਕਥਿੱਤ ਸਾਜਿਸ਼ ਦੇ ਅਧੀਂਨ ਆਪਣੇ ਹੀ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਹੁੱਦੇਦਾਰ ਅਤੇ ਉਮਰ ਦਰਾਜ ਗੁਰਸਿੱਖ ਵਿਅਕਤੀ 'ਤੇ ਉਸ ਵੇਲੇ ਤਾਬੜ ਤੋੜ ਹਮਲਾ ਕਰ ਦਿੱਤਾ ਜਦੋਂ ਆਪ ਆਗੂ ਸੱਥ 'ਚ ਖੜ੍ਹਾ ਸੀ। ਇਹ ਸਾਰਾ ਮਾਮਲਾ ਸੀਸੀਟੀਵੀ ਰਿਕਾਰਡ ਹੋ ਗਿਆ।
ਕਾਂਗਰਸ ਦੇ ਸਾਬਕਾ ਸਰਪੰਚ ਨੇ ਰਚੀ ਸਾਜਿਸ਼
ਇਸ ਸਬੰਧੀ ਪੀੜਿਤ ਵਿਅਕਤੀ ਡਾਕਟਰ ਮੇਜਰ ਸਿੰਘ ਨੇ ਦੱਸਿਆ ਕਿ ਨਰੇਗਾ ਮੇਟ ਦੀਆਂ ਘਟੀਆ ਹਰਕਤਾਂ ਕਰਕੇ ਉਸ ਨੂੰ ਹਟਾਉਣ ਉਪਰੰਤ ਇੱਕ ਲੜਕੀ ਨੂੰ ਇਹ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਮਿਲਣ ਕਰਕੇ ਉਸ ਵਿਅਕਤੀ ਨੂੰ ਹਟਾਇਆ ਗਿਆ। ਕੁਝ ਸਾਡੇ ਬਾਰੇ ਉਲਟਾ ਸਿੱਧਾ ਬੋਲਿਆ ਗਿਆ ਜਿਸ ਦੀਆਂ ਵੀਡੀਓ ਵਾਇਰਲ ਹੋਈਆ। ਫਿਰ ਅਸੀਂ ਕੰਮ ਦਾ ਜਾਇਜ਼ਾ ਲੈਣ ਗਏ। ਜਿਹੜੇ ਮੁੰਡੇ ਨੇ ਮੇਰੇ ਸੱਟ ਮਾਰੀ, ਉਸ ਦੀ ਮਾਤਾ ਨੂੰ ਵੀਡੀਓ ਵੀ ਦਿਖਾ ਰਹੇ ਸੀ ਕਿ ਉਕਤ ਵਿਅਕਤੀ ਨੇ ਮੇਰੇ ਉੱਤੇ ਹਮਲਾ ਕੀਤਾ ਗਿਆ। ਇਹ ਸਭ ਕੁਝ ਕਾਂਗਰਸ ਦੇ ਸਾਬਕਾ ਸਰਪੰਚ ਵਲੋਂ ਸਾਜਿਸ਼ ਰਚੀ ਗਈ ਅਤੇ ਜਾਣਬੂਝ ਕੇ ਹਮਲਾ ਕੀਤਾ ਗਿਆ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ
ਜਾਂਚ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਪਿੰਡ ਮਣੀਆਵਾਲੇ ਦੇ ਪੰਚਾਇਤ ਮੈਂਬਰ ਮੇਜਰ ਸਿੰਘ ਨੇ ਅਵਤਾਰ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਹੈ ਕਿ ਇਸ ਮੁਲਜ਼ਮ ਵਲੋਂ ਸੱਥ ਵਿੱਚ ਖੜੇ ਗੱਲ ਕਰਦੇ ਹੋਏ ਉਸ ਉੱਤੇ ਹਮਲਾ ਕੀਤਾ ਗਿਆ। ਦੂਜੇ ਧਿਰ ਵਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੇ ਅਧਾਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।