ਅੰਮ੍ਰਿਤਸਰ: ਕਲਯੁਗ ਦੇ ਇਸ ਦੌਰ ਦੇ ਵਿੱਚ ਆਏ ਦਿਨ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਨੂੰ ਦੇਖ ਕੇ ਹਰ ਕੋਈ ਵਿਅਕਤੀ ਬੇਹੱਦ ਹੈਰਾਨ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਬਾਬਾ ਬਕਾਲਾ ਸਾਹਿਬ ਤੋਂ ਦੇਰ ਰਾਤ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਵਿਆਹੁਤਾ ਔਰਤ ਵੱਲੋਂ ਆਪਣੇ ਹੀ ਫੌਜੀ ਪਤੀ ਦਾ ਆਪਣੇ ਕਥਿਤ ਪ੍ਰੇਮੀ ਅਤੇ ਉਸਦੇ ਸਾਥੀ ਨਾਲ ਮਿਲ ਕੇ ਕਥਿਤ ਤੌਰ 'ਤੇ ਕਤਲ ਕਰਵਾ ਦਿੱਤਾ ਗਿਆ।
'ਮਾਂ ਨੇ ਪਿਤਾ ਨੂੰ ਬਚਾਉਣ ਦੀ ਨਹੀਂ ਕੀਤੀ ਕੋਸ਼ਿਸ਼'
ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 8:30 ਵਜੇ ਦੋ ਮੁਲਜ਼ਮਾਂ ਵੱਲੋਂ ਉਸਦੇ ਜੀਜਾ ਫੌਜੀ ਸੁਖਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਦਾ ਕਤਲ ਕੀਤਾ ਗਿਆ। ਉਨ੍ਹਾਂ ਦੀ ਭਣੇਵੇਂ ਨੇ ਜਾਣਕਾਰੀ ਦਿੱਤੀ, ਜਿਸ ਨੇ ਦੱਸਿਆ ਕਿ ਉਸ ਦੀ ਭਾਣਜੀ ਨੇ ਉਸਨੂੰ ਫੋਨ ਲਾ ਕੇ ਦੱਸਿਆ ਕਿ ਉਨ੍ਹਾਂ ਦੇ ਘਰ ਉਸ ਦੇ ਪਿਤਾ ਨੂੰ ਦੋ ਵਿਅਕਤੀ ਮਾਰਨ ਲਈ ਆਏ ਹਨ ਪਰ, ਉਹ ਦੋਵੇਂ ਮੁਲਜ਼ੁਮ ਉਸਤੇ ਪਿਤਾ ਨੂੰ ਮਾਰ ਰਹੇ ਸਨ ਪਰ ਉਸਦੀ ਮਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਉਕਤ ਮਾਮਲੇ ਵਿੱਚ ਸ਼ੱਕ ਹੋਇਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਕਥਿਤ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਗਈ।
ਮ੍ਰਿਤਕ ਦੀ ਪਤਨੀ 'ਤੇ ਮਾਮਲਾ ਦਰਜ
ਇਸ ਦੇ ਨਾਲ ਹੀ ਥਾਣਾ ਬਿਆਸ ਦੀ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਨਾਲ ਹੀ ਕੈਮਰੇ 'ਤੇ ਤਸਦੀਕ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਭਾਲ ਕਰਦੇ ਹੋਏ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਵੱਲੋਂ ਥਾਣਾ ਬਿਆਸ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮ੍ਰਿਤਕ ਵਿਅਕਤੀ ਦੀ ਪਤਨੀ ਜਸਵਿੰਦਰ ਕੌਰ, ਕਥਿਤ ਮੁਲਜ਼ਮ ਕੁਲਵੰਤ ਸਿੰਘ, ਕਥਿਤ ਮੁਲਜ਼ਮ ਕੁਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੋ ਮੁਲਜ਼ਮ ਗ੍ਰਿਫਤਾਰ
ਘਟਨਾ ਸਬੰਧੀ ਫੋਨ ਉੱਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਦੱਸਿਆ ਕਿ ਉਕਤ ਕਤਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰਦਿਆਂ ਇੱਕ ਔਰਤ ਅਤੇ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਿਕ ਸੁਖਦੇਵ ਸਿੰਘ ਦੀ ਪਤਨੀ ਜਸਵਿੰਦਰ ਕੌਰ ਦੇ ਕਥਿਤ ਮੁਲਜ਼ਮ ਕੁਲਵੰਤ ਸਿੰਘ ਨਾਲ ਕਥਿਤ ਤੌਰ 'ਤੇ ਨਜਾਇਜ਼ ਸਬੰਧ ਸਨ।
ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਪ੍ਰੈਸ ਕਾਨਫਰੰਸ ਦੌਰਾਨ ਉਕਤ ਮਾਮਲੇ ਦੀ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।