ਚੰਡੀਗੜ੍ਹ: ਆਖਿਰਕਾਰ ਕਿਸਾਨਾਂ ਦੇ ਬੰਦ ਨੂੰ ਪੰਜਾਬ ਦੇ ਲੋਕਾਂ ਦ ਵੱਡਾ ਹੁੰਗਾਰਾ ਮਿਲਿਆ। ਇਹ ਬੰਦ ਸਵੇਰੇ 7 ਵਜੇ ਸ਼ੂਰੂ ਹੋਇਆ ਅਤੇ 4 ਵਜੇ ਤੱਕ ਰਿਹਾ। ਜਿਵੇਂ ਹੀ 4 ਵਜੇ ਤਾਂ ਕਿਸਾਨਾਂ ਨੇ ਹੌਲੀ-ਹੌਲ਼ੀ ਰਸਤੇ ਸਾਫ਼ ਕਰਨੇ ਸ਼ੁਰੂ ਕਰ ਦਿੱਤੇ। ਇਸ ਬੰਦ ਦੇ ਕਾਰਨ ਜਿੱਥੇ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਰਾਹਗੀਰਾਂ ਦੀ ਕਿਸਾਨਾਂ ਨਾਲ ਤਕਰਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਤੁਹਾਨੂੰ ਦੱਸ ਦਈਏ ਇਸ ਬੰਦ ਦੇ ਸਫ਼ਲ ਹੋਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ।
ਪੰਜਾਬ ਬੰਦ ਦਾ ਐਲਾਨ
ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਸੀ। ਕਿਸਾਨਾਂ ਦੇ ਇਸ ਪੰਜਾਬ ਬੰਦ ਦਾ ਸਭ ਤੋਂ ਵੱਧ ਅਸਰ ਰੇਲ ਆਵਾਜਾਈ 'ਤੇ ਦੇਖਣ ਨੂੰ ਮਿਲਿਆ। ਕਿਸਾਨਾਂ ਦੇ ਵਿਰੋਧ ਕਾਰਨ 200 ਤੋਂ ਵੱਧ ਟਰੇਨਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ। ਜਦੋਂ ਕਿ 19 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ। ਇਸ ਦੇ ਨਾਲ ਹੀ 15 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ 9 ਟਰੇਨਾਂ ਨੂੰ ਰੋਕਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਚਲਾਈਆਂ ਜਾ ਰਹੀਆਂ ਟਰੇਨਾਂ ਨੂੰ ਅਜਿਹੀਆਂ ਥਾਵਾਂ 'ਤੇ ਰੋਕਿਆ ਜਾਵੇਗਾ, ਜਿੱਥੇ ਰੇਲਵੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ 'ਚ 200 ਥਾਵਾਂ 'ਤੇ ਸੜਕਾਂ ਜਾਮ
ਬੰਦ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਦਿੱਤਾ ਗਿਆ ਸੀ। ਇਸ ਦੌਰਾਨ ਮੈਡੀਕਲ ਦੇਖਭਾਲ ਸਮੇਤ ਜ਼ਰੂਰੀ ਸੇਵਾਵਾਂ ਜਾਰੀ ਰਹੀਆਂ। ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੱਜ ਪੰਜਾਬ ਬੰਦ ਕੀਤਾ। ਕਿਸਾਨ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਅਤੇ ਅੰਮ੍ਰਿਤਸਰ-ਦਿੱਲੀ ਹਾਈਵੇਅ 'ਤੇ ਬੈਠੇ। ਪੰਜਾਬ 'ਚ 200 ਥਾਵਾਂ 'ਤੇ ਸੜਕਾਂ ਜਾਮ ਕੀਤੀਆਂ।
ਦੁੱਧ, ਫਲ ਅਤੇ ਸਬਜ਼ੀਆਂ ਦੀ ਸਪਲਾਈ ਉੱਤੇ ਅਸਰ
ਪੰਜਾਬ ਦੇ ਸ਼ਹਿਰਾਂ ਵਿੱਚ ਪਿੰਡਾਂ ਦੇ ਬਹੁਤ ਸਾਰੇ ਕਿਸਾਨ ਦੁੱਧ ਲੈ ਕੇ ਨਹੀਂ ਪਹੁੰਚੇ , ਜਿਹਨਾਂ ਨੇ ਬੰਦ ਦਾ ਸਾਥ ਦਿੱਤਾ । ਇਸ ਦੇ ਨਾਲ ਹੀ ਟਰੱਕ ਅਪਰੇਟਰਾਂ ਵੱਲੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਸਮਰਥਨ ਕਾਰਨ ਫਲ ਤੇ ਸਬਜ਼ੀਆਂ ਵੇਚਣ ਵਾਲੀਆਂ ਮੰਡੀਆਂ ਵਿੱਚ ਵਿਘਨ ਪਿਆ।
ਵਿਦਿਅਕ ਅਦਾਰਿਆਂ 'ਤੇ ਕੀ ਅਸਰ
ਪੰਜਾਬ ਦੇ ਜ਼ਿਆਦਾਤਰ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉੱਚ ਸਿੱਖਿਆ ਸੰਸਥਾਵਾਂ ਨੇ ਵੀ ਆਪਣਾ ਸਮਾਂ ਬਦਲਿਆ ਗਿਆ। ਪੰਜਾਬ ਯੂਨੀਵਰਸਿਟੀ ਨੇ ਸ਼ਨੀਵਾਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਸੂਚਿਤ ਕੀਤਾ ਕਿ ਅਸਲ ਵਿੱਚ ਸੋਮਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੰਗਲਵਾਰ ਲਈ ਨਿਰਧਾਰਿਤ ਕੀਤੀਆਂ ਗਈਆਂ। ਇਸੇ ਤਰ੍ਹਾਂ, ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਨੇ ਐਲਾਨ ਕੀਤਾ ਹੈ ਕਿ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰੈਜੂਏਸ਼ਨ ਦੀਆਂ ਪ੍ਰੀਖਿਆਵਾਂ ਹੁਣ 12 ਜਨਵਰੀ, 2025 ਨੂੰ ਹੋਣਗੀਆਂ।
ਅੰਮ੍ਰਿਤਸਰ ਵਿੱਚ ਅਸਰ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਵੀ ਬੰਦ ਨੂੰ ਸਮਰਥਨ ਮਿਲਿਆ। ਇੱਥੋਂ ਤੱਕ ਕਿ ਬੱਸ ਯੂਨੀਅਨ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ। ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਬੰਦ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਨੇ ਕਿਹਾ ਕਿ ਲੋਕ ਇਸ ਹੱਦ ਤੱਕ ਸਮਰਥਨ ਦੇ ਰਹੇ ਹਨ ਕਿ ਲੋਕਾਂ ਵੱਲੋਂ ਕਿਸਾਨਾਂ ਲਈ ਲੰਗਰ ਤੱਕ ਲਗਾਏ ਗਏ ।
ਲੁਧਿਆਣਾ ਵਿੱਚ ਯਾਤਰੀ ਪਰੇਸ਼ਾਨ
ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਵੀ ਯਾਤਰੀ ਪਰੇਸ਼ਾਨ ਹੋਏ, ਕਿਉਂਕਿ ਬਹੁਤ ਸਾਰੀਆਂ ਰੇਲਾਂ ਰੱਦ ਹੋ ਗਈਆਂ। ਯਾਤਰੀਆਂ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਪੰਜਾਬ ਬੰਦ ਕਾਰਨ ਰੇਲਾਂ ਰੱਦ ਕੀਤੀਆਂ ਜਾਣਗੀਆਂ, ਜਿਸ ਕਾਰਨ ਹੁਣ ਅਸੀਂ ਪਰੇਸ਼ਾਨ ਹੋ ਰਹੇ ਹਾਂ।
ਮਾਨਸਾ ਵਿੱਚ ਅਸਰ
ਮਾਨਸਾ ਸ਼ਹਿਰ ਦੇ ਵਿੱਚ ਬੰਦ ਨੂੰ ਪੂਰਨ ਸਮਰਥਨ ਮਿਲਿਆ ਹੈ। ਵਪਾਰੀਆਂ ਵੱਲੋਂ ਆਪਣੇ ਕਾਰੋਬਾਰ ਬੰਦ ਕੀਤੇ ਗਏ ਨੇ ਅਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਰੇਲਵੇ ਲਾਈਨਾਂ ਅਤੇ ਸੜਕਾਂ ਦੇ ਉੱਪਰ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ। ਕਿਸਾਨ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਗਏ। ਉਹਨਾਂ ਕਿਹਾ ਕਿ ਹਰ ਵਰਗ ਵੱਲੋਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਲੜੇ ਜਾ ਰਹੇ ਸੰਘਰਸ਼ ਵੱਲੋਂ ਬੰਦ ਦੀ ਕਾਲ ਦੇ ਸੱਦੇ ਵਿੱਚ ਸਮਰਥਨ ਦੇਣ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।
ਬਠਿੰਡਾ ਵਿੱਚ ਬੰਦ ਦਾ ਅਸਰ
ਬਠਿੰਡਾ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰੇਲਵੇ ਸਟੇਸ਼ਨ ਉੱਤੇ ਸਨਾਟਾ ਪਸਰਿਆ ਹੋਇਆ ਹੈ। ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਮੌਕੇ 'ਤੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਕਈ ਥਾਵਾਂ 'ਤੇ ਪੁਲਿਸ ਬਲ ਤਾਇਨਾਤ ਨਜ਼ਰ ਆਇਆ ਅਤੇ ਲੋਕਾਂ ਨੂੰ ਸਮਝਾਇਆ ਵੀ ਗਿਆ।
ਸ੍ਰੀ ਮੁਕਤਸਰ ਸਾਹਿਬ ਵਿੱਚ ਦੁਕਾਨਦਾਰਾਂ ਦਾ ਕਿਸਾਨ ਜਥੇਬੰਦੀਆਂ ਨੂੰ ਸਮਰਥਨ
ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਉੱਤੇ ਸ੍ਰੀ ਮੁਕਤਸਰ ਸਾਹਿਬ 'ਚ ਮੁਕੰਮਲ ਬੰਦ ਦੇਖਣ ਨੂੰ ਮਿਲਿਆ। ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਅੱਜ ਪੂਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਕਿਸਾਨਾਂ ਦਾ ਸਾਥ ਦਿੱਤਾ।
VIDEO | Punjab: Shops remain closed, and buses are off the roads in Moga in the wake of shutdown called by protesting farmers.#PunjabBandh #PunjabNews
— Press Trust of India (@PTI_News) December 30, 2024
(Full video available on PTI Videos - https://t.co/n147TvrpG7) pic.twitter.com/bxerq4Pm7u
ਹੁਸ਼ਿਆਰਪੁਰ ਵਿੱਚ ਬੰਦ ਨੂੰ ਸਮਰਥਨ
ਹੁਸ਼ਿਆਰਪੁਰ ਪੂਰਨ ਤੌਰ ਉੱਤੇ ਬੰਦ ਨਜ਼ਰ ਆਇਆ। ਹੁਸ਼ਿਆਰਪੁਰ ਦਾ ਬੱਸ ਸਟੈਂਡ ਮੁਕੰਮਲ ਤੌਰ ਉੱਤੇ ਬੰਦ ਨਜ਼ਰ ਆਇਆ ਤੇ ਬੱਸ ਸਟੈਂਡ ਦੇ ਅੰਦਰ ਲੁਧਿਆਣਾ ਜਾਣ ਲਈ ਦੋ ਵਿਅਕਤੀ ਮਿਲੇ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਕੰਪਨੀ ਵਿੱਚ ਲੁਧਿਆਣਾ ਕੰਮ ਕਰਦੇ ਹਨ ਤੇ ਉਨ੍ਹਾਂ ਲਈ ਬੜੀ ਦਿੱਕਤ ਦੀ ਗੱਲ ਹੈ। ਨਾਲ ਹੀ ਇੱਕ ਰਾਹਗੀਰ ਨੇ ਕਿਹਾ ਕਿ ਅਜਿਹੇ ਧਰਨੇ ਨਹੀਂ ਲੱਗਣੇ ਚਾਹੀਦੇ, ਜੇਕਰ ਸਰਕਾਰ ਇਨ੍ਹਾਂ ਧਰਨਿਆਂ ਦੇ ਬਾਰੇ ਸੁਚਾਰਕ ਹੋਵੇ, ਤਾਂ ਇਹਨਾਂ ਮਸਲਿਆਂ ਨੂੰ ਹੱਲ ਕਰੇ ਅਤੇ ਜਲਦ ਤੋਂ ਜਲਦ ਇਨ੍ਹਾਂ ਧਰਨਿਆਂ ਦਾ ਹੱਲ ਕਰੇ, ਤਾਂ ਜੋ ਆਮ ਲੋਕ ਪ੍ਰਭਾਵਿਤ ਨਾ ਹੋ ਸਕਣ।
ਮੁਹਾਲੀ 'ਚ ਸੜਕਾਂ ’ਤੇ ਉੱਤਰੇ ਕਿਸਾਨ
ਸੂਬੇ 'ਚ ਦਿਨ ਭਰ ਦੇ ਬੰਦ ਦੌਰਾਨ ਮੁਹਾਲੀ 'ਚ ਕਿਸਾਨ ਸੜਕਾਂ 'ਤੇ ਬੈਠੇ।
ਪਠਾਨਕੋਟ 'ਚ ਪੰਜਾਬ-ਜੰਮੂ ਬਾਰਡਰ ਵੀ ਜਾਮ
ਕਿਸਾਨ ਜਥੇਬੰਦੀਆਂ ਨੇ ਪਠਾਨਕੋਟ ਜ਼ਿਲ੍ਹੇ 'ਚ ਸਵੇਰੇ 7 ਵਜੇ ਤੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਲਾਡਪਾਲਵਾ ਟੋਲ ਪਲਾਜ਼ਾ ਜਾਮ ਕੀਤਾ। ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਸ਼ਾਮ 4 ਵਜੇ ਤੱਕ ਜਾਮ ਰਿਹਾ। ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਘਰ ਵਿੱਚ ਹੀ ਰਹਿਣ, ਨਹੀਂ ਤਾਂ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਬੰਦ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ-ਜੰਮੂ ਬਾਰਡਰ ਵੀ ਜਾਮ ਕਰ ਦਿੱਤਾ ਗਿਆ। ਪਠਾਨਕੋਟ ਦੇ ਮਾਧੋਪੁਰ ਪੰਜਾਬ ਬਾਰਡਰ 'ਤੇ ਧਰਨਾ ਦਿੱਤਾ ਗਿਆ।
ਮੋਗਾ ਵਿੱਚ ਬੰਦ ਦਾ ਅਸਰ
ਕਿਸਾਨਾਂ ਵੱਲੋਂ ਦਿੱਤੇ ਬੰਦ ਦੇ ਮੱਦੇਨਜ਼ਰ ਮੋਗਾ ਵਿੱਚ ਦੁਕਾਨਾਂ ਬੰਦ ਰਹੀਆਂ ਅਤੇ ਬੱਸਾਂ ਸੜਕਾਂ ਤੋਂ ਬੰਦ ਰਹੀਆਂ।
200 ਦੇ ਕਰੀਬ ਰੇਲਾਂ ਪ੍ਰਭਾਵਿਤ
ਹਰਿਆਣਾ ਅਤੇ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਰੇਲਵੇ ਵਿਭਾਗ ਨੇ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ ਤਿੰਨ ਸ਼ਤਾਬਦੀ ਟਰੇਨਾਂ ਸਮੇਤ 15 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵੰਦੇ ਭਾਰਤ ਸਮੇਤ ਤਿੰਨ ਟਰੇਨਾਂ ਨੂੰ ਅੰਬਾਲਾ ਤੱਕ ਰੋਕ ਦਿੱਤਾ ਗਿਆ ਹੈ। ਉੱਤਰੀ ਰੇਲਵੇ ਨੇ 158 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ 50 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਬੰਦ ਕਾਰਨ ਪੰਜਾਬ ਵਿੱਚ ਕਈ ਥਾਈਂ ਯਾਤਰੀ ਪਰੇਸ਼ਾਨ ਹੋ ਰਹੇ ਹਨ, ਕਿਉਂਕਿ ਟਰੇਨਾਂ ਰੱਦ ਹੋ ਗਈਆਂ ਸਨ।
ਚੰਡੀਗੜ੍ਹ ਤੋਂ ਟਰੇਨਾਂ ਰੱਦ
- 12011-12 ਕਾਲਕਾ-ਦਿੱਲੀ ਸ਼ਤਾਬਦੀ
- 12005-06 ਕਾਲਕਾ-ਦਿੱਲੀ ਸ਼ਤਾਬਦੀ
- 12045-46 ਚੰਡੀਗੜ੍ਹ-ਦਿੱਲੀ ਸ਼ਤਾਬਦੀ
- 12527-28 ਰਾਮਨਗਰ-ਚੰਡੀਗੜ੍ਹ
- 14332 ਕਾਲਕਾ-ਦਿੱਲੀ
- 14795-96 ਕਾਲਕਾ-ਭਿਵਾਨੀ
- 12411-12 ਚੰਡੀਗੜ੍ਹ-ਅੰਮ੍ਰਿਤਸਰ
- 54569-70 ਕਾਲਕਾ-ਅੰਬਾਲਾ ਪੈਸੰਜਰ
ਅੰਬਾਲਾ ਤੱਕ ਸੀਮਤ ਰੇਲਗੱਡੀਆਂ
- 12231 ਲਖਨਊ-ਚੰਡੀਗੜ੍ਹ
- 12057-58 ਨਵੀਂ ਦਿੱਲੀ-ਅੰਦੌਰਾ ਜਨਸ਼ਤਾਬਦੀ
- 20977-78 ਅਜਮੇਰ-ਚੰਡੀਗੜ੍ਹ ਵੰਦੇ ਭਾਰਤ
ਰੂਟਾਂ ਵਿੱਚ ਬਦਲਾਅ
ਅੰਬਾਲਾ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕਈ ਰਸਤਿਆਂ ਨੂੰ ਬਦਲਿਆ ਗਿਆ।
ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ: ਰਾਮਗੜ੍ਹ, ਸ਼ਹਿਜ਼ਾਦਪੁਰ, ਮੁਲਾਣਾ, ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ ਵਾਇਆ ਪੰਚਕੂਲਾ।
ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨ: ਪੰਚਕੂਲਾ ਵਾਇਆ ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ।
ਅੰਬਾਲਾ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨ: ਅੰਬਾਲਾ ਛਾਉਣੀ ਤੋਂ ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ ਵਾਇਆ ਪੰਚਕੂਲਾ।
ਐਮਰਜੈਂਸੀ ਸੇਵਾਵਾਂ ਜਾਰੀ
ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਹਨ। ਇਸ ਤੋਂ ਇਲਾਵਾ ਕਿਸੇ ਵੀ ਵਿਆਹ ਸਮਾਗਮ ਵਿੱਚ ਜਾਣ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਰੋਕਿਆ ਨਹੀਂ ਗਿਆ ਇਸ ਤੋਂ ਇਲਾਵਾ ਜੋ ਵਿਦਿਆਰਥੀ ਪੇਪਰ ਦੇਣ ਲਈ ਜਾ ਰਹੇ ਹਨ ਜਾਂ ਫਿਰ ਕੋਈ ਨੌਜਵਾਨ ਨੌਕਰੀ ਲਈ ਇੰਟਰਵਿਊ ਲਈ ਜਾ ਰਿਹਾ ਸੀ, ਉਨ੍ਹਾਂ ਨੂੰ ਵੀ ਰੋਕਿਆ ਨਹੀਂ ਗਿਆ। ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਨੂੰ ਵੀ ਜਾਣ ਦਿੱਤਾ ਗਿਆ।
VIDEO | Punjab: Shops remain closed, and buses are off the roads in Moga in the wake of shutdown called by protesting farmers.#PunjabBandh #PunjabNews
— Press Trust of India (@PTI_News) December 30, 2024
(Full video available on PTI Videos - https://t.co/n147TvrpG7) pic.twitter.com/bxerq4Pm7u
ਪੰਜਾਬ ਬੰਦ ਦਾ ਹਰਿਆਣਾ 'ਚ ਅਸਰ
ਕਿਸਾਨਾਂ ਦੇ ਪੰਜਾਬ ਬੰਦ ਦਾ ਅਸਰ ਹਰਿਆਣਾ 'ਚ ਵੀ ਦੇਖਣ ਨੂੰ ਮਿਲਿਆ। ਇੱਥੇ ਕਈ ਰਸਤੇ ਪਹਿਲਾਂ ਹੀ ਰੂਟ ਡਾਇਵਰਟ ਕਰ ਦਿੱਤੇ ਗਏ। ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦੀ ਸਥਿਤੀ ਵਿੱਚ ਆਮ ਲੋਕ ਡਾਇਲ 112 'ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।
ਇਹ ਰਸਤੇ ਬਦਲੇ
- ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਅੰਬਾਲਾ ਛਾਉਣੀ ਕੈਪੀਟਲ ਚੌਕ ਤੋਂ ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ, ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ।
- ਅੰਬਾਲਾ ਤੋਂ ਨਰਾਇਣਗੜ੍ਹ ਜਾਣ ਵਾਲੇ ਵਾਹਨ ਅੰਬਾਲਾ ਛਾਉਣੀ ਕੈਪੀਟਲ ਚੌਕ ਤੋਂ ਸਾਹਾ, ਸ਼ਹਿਜ਼ਾਦਪੁਰ ਹੁੰਦੇ ਹੋਏ ਨਰਾਇਣਗੜ੍ਹ ਜਾ ਸਕਦੇ ਹਨ।
- ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ ਪੰਚਕੂਲਾ, ਰਾਮਗੜ੍ਹ, ਬਰਵਾਲਾ, ਸ਼ਹਿਜ਼ਾਦਪੁਰ, ਮੁਲਾਣਾ, ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਤੋਂ ਹੁੰਦੇ ਹੋਏ ਨੈਸ਼ਨਲ ਹਾਈਵੇਅ ਨੰਬਰ 344 ਜਾਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ ਜਾ ਸਕਦੇ ਹਨ। ਪੰਚਕੂਲਾ, ਰਾਮਗੜ੍ਹ, ਸ਼ਹਿਜ਼ਾਦਪੁਰ, ਸਾਹਾ, ਸ਼ਾਹਬਾਦ, ਪਿਪਲੀ, ਕਰਨਾਲ ਰਾਹੀਂ ਦਿੱਲੀ ਵੀ ਜਾ ਸਕਦਾ ਹੈ।
- ਹਿਸਾਰ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਬਰਵਾਲਾ, ਨਰਵਾਣਾ, ਕੈਥਲ, ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਿਜ਼ਾਦਪੁਰ, ਪੰਚਕੂਲਾ ਰਾਹੀਂ ਵੀ ਚੰਡੀਗੜ੍ਹ ਜਾ ਸਕਦੇ ਹਨ। ਹਿਸਾਰ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਬਰਵਾਲਾ, ਨਰਵਾਣਾ, ਕੈਥਲ, ਪਿਹਵਾ, ਥੋਲ, ਸ਼ਾਹਬਾਦ, ਸਾਹਾ, ਸ਼ਹਿਜ਼ਾਦਪੁਰ, ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ।
- ਚੰਡੀਗੜ੍ਹ ਤੋਂ ਹਿਸਾਰ ਜਾਣ ਵਾਲੇ ਵਾਹਨ ਪੰਚਕੂਲਾ, ਸ਼ਹਿਜ਼ਾਦਪੁਰ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ, ਕੈਥਲ, ਨਰਵਾਣਾ, ਬਰਵਾਲਾ ਤੋਂ ਹੁੰਦੇ ਹੋਏ ਵੀ ਹਿਸਾਰ ਜਾ ਸਕਦੇ ਹਨ।
- ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਲਈ ਉਹ ਦਿੱਲੀ, ਸੋਨੀਪਤ, ਕਰਨਾਲ, ਇੰਦਰੀ, ਲਾਡਵਾ ਜਾਂ ਕਰਨਾਲ, ਕੁਰੂਕਸ਼ੇਤਰ, ਉਮਰੀ ਚੌਕ, ਲਾਡਵਾ, ਰਾਦੌਰ, ਯਮੁਨਾਨਗਰ NH344A, ਮੁਲਾਣਾ, ਸ਼ਹਿਜ਼ਾਦਪੁਰ, ਪੰਚਕੂਲਾ ਰਾਹੀਂ ਚੰਡੀਗੜ੍ਹ ਜਾ ਸਕਦੇ ਹਨ।
- ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਿਜ਼ਾਦਪੁਰ, ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ।
ਕਰੀਬ 10 ਮਹੀਨੇ ਸਰਹੱਦਾਂ 'ਤੇ ਲਾਏ ਡੇਰੇ
ਗੌਰਤਲਬ ਹੈ ਕਿ ਐਸਕੇਐਮ (ਗੈਰ-ਸਿਆਸੀ) ਅਤੇ ਕੇਐਮਐਮ ਦੇ ਬੈਨਰ ਹੇਠ ਕਿਸਾਨ 13 ਫਰਵਰੀ, 2024 ਤੋਂ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਸ਼ੰਭੂ ਅਤੇ ਖਨੌਰੀ ਵਿਖੇ ਡੇਰੇ ਲਾਏ ਹੋਏ ਹਨ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕ ਦਿੱਤਾ ਸੀ। 101 ਕਿਸਾਨਾਂ ਦਾ ਇੱਕ ਸਮੂਹ ਪਹਿਲਾਂ ਹੀ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ ਨੂੰ ਪੈਦਲ ਦਿੱਲੀ ਵਿੱਚ ਦਾਖਲ ਹੋਣ ਦੀਆਂ ਤਿੰਨ ਕੋਸ਼ਿਸ਼ਾਂ ਕਰ ਚੁੱਕਾ ਹੈ। ਉਨ੍ਹਾਂ ਨੂੰ ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਅੱਗੇ ਨਹੀਂ ਵਧਣ ਦਿੱਤਾ।
ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (70) 26 ਨਵੰਬਰ ਤੋਂ ਖਨੌਰੀ ਸਰਹੱਦ ’ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੇਂਦਰ ’ਤੇ ਦਬਾਅ ਬਣਾਉਣ ਲਈ ਮਰਨ ਵਰਤ ’ਤੇ ਹਨ।ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਅੰਮ੍ਰਿਤਸਰ 'ਚ ਅਸਰ, ਜਾਣੋ ਕੀ ਹਨ ਬੱਸ ਸਟੈਂਡ ਅਤੇ ਬਾਜ਼ਾਰਾਂ ਦੇ ਹਾਲ