ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਕਸਰ ਹੀ ਨਵੀਆਂ ਤਕਨੀਕਾਂ ਇਜਾਤ ਕੀਤੀਆਂ ਜਾਂਦੀਆਂ ਹਨ। ਹੋਲੀ ਦਾ ਤਿਉਹਾਰ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਣਾ ਹੈ ਜਿਸ ਦੀਆਂ ਤਿਆਰੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਹਨ। ਹੋਲੀ ਨੂੰ ਰੰਗਾ ਦਾ ਤਿਉਹਾਰ ਮੰਨਿਆ ਜਾਂਦਾ ਹੈ, ਪਰ ਇਸ ਤਿਉਹਾਰ ਨੂੰ ਅਕਸਰ ਹੀ ਕੈਮੀਕਲ ਵਾਲੇ ਰੰਗ ਭੰਗ ਪਾ ਦਿੰਦੇ ਹਨ, ਜਦੋਂ ਹੋਲੀ ਤੋਂ ਬਾਅਦ ਲੋਕਾਂ ਨੂੰ ਕੈਮੀਕਲ ਯੁਕਤ ਰੰਗਾਂ ਤੋਂ ਹੋਣ ਵਾਲੇ ਸਕਿਨ ਦੀਆ ਬਿਮਾਰੀਆਂ, ਖੁਜਲੀ, ਅੱਖਾਂ ਵਿੱਚ ਜਲਨ ਆਦਿ ਦੀਆਂ ਸਮੱਸਿਆਵਾਂ ਝੱਲਣੀਆਂ ਪੈਂਦੀਆਂ ਹਨ।
ਇਸ ਦਾ ਇੱਕ ਵੱਡਾ ਬਦਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਲੋਰੀਕਲਚਰ ਵਿਭਾਗ ਵੱਲੋਂ ਲੱਭਿਆ ਗਿਆ ਹੈ ਜਿਸ ਦੇ ਤਹਿਤ ਹੁਣ ਕੁਦਰਤੀ ਫੁੱਲਾਂ ਦੀ ਵਰਤੋਂ ਦੇ ਨਾਲ ਤੁਸੀਂ ਆਸਾਨੀ ਨਾਲ ਆਪਣੇ ਘਰ ਦੇ ਵਿੱਚ ਵੀ ਸੁੱਕਾ ਰੰਗ ਬਣਾ ਸਕਦੇ ਹੋ, ਜੋ ਕਿ ਨਾ ਸਿਰਫ ਪੂਰੀ ਤਰ੍ਹਾਂ ਆਰਗੈਨਿਕ ਹੋਵੇਗਾ, ਸਗੋਂ ਬਿਨਾਂ ਕੈਮੀਕਲ ਤੋਂ ਤੁਹਾਡੇ ਬੱਚਿਆਂ ਲਈ ਅਤੇ ਤੁਹਾਡੀ ਸਕਿਨ ਲਈ ਵੀ ਕਾਫੀ ਉਪਯੋਗੀ ਹੋਵੇਗਾ। ਇਸ ਨਾਲ ਨਾ ਹੀ ਕੋਈ ਸਾਈਡ ਇਫੈਕਟ ਹੋਣਗੇ ਅਤੇ ਨਾ ਹੀ ਕੈਮੀਕਲ ਯੁਕਤ ਕਲਰ ਦੇ ਨਾਲ ਹੋਣ ਵਾਲੀਆਂ ਸਕਿਨ ਦੀਆਂ ਮੁਸ਼ਕਿਲਾਂ।
ਕਿਵੇਂ ਬਣਾਈਏ ਰੰਗ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਲੋਰੀਕਲ ਵਿਭਾਗ ਦੀ ਡਾਕਟਰ ਸ਼ਾਲਿਨੀ ਝਾਜੀ ਨੇ ਈਟੀਵੀ ਭਾਰਤ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਹੈ ਕਿ ਅਸੀਂ ਕਿਸੇ ਵੀ ਫੁੱਲ ਤੋਂ ਰੰਗ ਬਣਾ ਸਕਦੇ ਹਨ ਜਿਵੇਂ ਇਕ ਕਿਲੋ ਫੁੱਲ ਲੈਣੇ ਹਨ, ਉਨ੍ਹਾਂ ਦਾ ਕੁਤਰਾ ਕਰਨਾ ਹੈ। ਤੁਸੀਂ ਆਮ ਘਰਾਂ ਦੇ ਵਿੱਚ ਕਿਸੇ ਵੀ ਮਿਕਸੀ ਗਰਾਇਂਟਰ ਦੇ ਵਿੱਚ ਜਾਂ ਫਿਰ ਹੱਥ ਦੇ ਨਾਲ ਵੀ ਉਸ ਨੂੰ ਪੀਸ ਕੇ ਉਸੇ ਦਾ ਬਰੀਕ ਕੁਤਰਾ ਕਰ ਲੈਣਾ ਹੈ ਜਿਸ ਤੋਂ ਬਾਅਦ ਇਕ ਲੀਟਰ ਕੋਸੇ ਪਾਣੀ ਵਿੱਚ ਸੀਟ੍ਰਿਕ ਐਸਿਡ 2 ਗ੍ਰਾਮ ਪਾਉਣਾ ਹੈ ਅਤੇ ਉਸ ਕੁਤਰੇ ਨੂੰ ਪਾ ਦੇਣਾ ਹੈ ਅਤੇ ਉਸ ਨੂੰ ਇੱਕ ਘੰਟੇ ਤੱਕ ਡੁਬੋ ਕੇ ਰੱਖਣਾ ਹੈ ਜਿਸ ਤੋਂ ਬਾਅਦ ਉਸ ਦਾ 600 ਤੋਂ 700 ਐਮਐਲ ਤੱਕ ਕਾਹੜਾ ਤਿਆਰ ਹੋ ਜਾਵੇਗਾ, ਜਿਸ ਤੋਂ ਬਾਅਦ 500 ਗ੍ਰਾਮ ਤੱਕ ਅਰਾਰੋਟ ਲੈਕੇ ਉਸ ਵਿੱਚ ਇਹ ਕਾੜ੍ਹਾ ਚੰਗੀ ਤਰਾਂ ਮਿਲਾਉਣਾ ਹੈ ਅਤੇ ਉਸ ਤੋਂ ਬਾਅਦ 2 ਤੋਂ 3 ਦਿਨਾਂ ਤੱਕ ਉਸ ਨੂੰ ਚੰਗੀ ਤਰਾਂ ਸੁਕਾਉਣਾ ਹੈ ਜਿਸ ਨਾਲ ਇਹ ਕੁਦਰਤੀ ਰੰਗ ਤਿਆਰ ਹੋ ਜਾਵੇਗਾ।
ਕਿਹੜੇ-ਕਿਹੜੇ ਫੁੱਲਾਂ ਦੀ ਵਰਤੋਂ: ਪੀਏਯੂ ਫਲੋਰੀਕਲਚਰ ਵਿਭਾਗ ਦੀ ਡਾਕਟਰ ਸ਼ਾਲਿਨੀ ਝਾਜੀ ਨੇ ਦੱਸਿਆ ਕਿ ਜਿਆਦਾਤਰ ਰੰਗ ਬਣਾਉਣ ਲਈ ਗੁਲਾਬ ਦੇ ਫੁੱਲਾਂ ਦੀ ਅਤੇ ਗੇਂਦੇ ਦੇ ਫੁੱਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਤੁਹਾਡੇ ਨੇੜੇ ਤੇੜੇ ਤੁਹਾਡੇ ਬਗੀਚੇ ਵਿੱਚ ਕੁਝ ਹੋਰ ਰੰਗਾਂ ਦੇ ਫੁੱਲ ਹਨ, ਤਾਂ ਉਨ੍ਹਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਕਿਹਾ ਕਿ ਮੁੱਖ ਤੌਰ ਉੱਤੇ ਗੁਲਾਬ ਅਤੇ ਗੇਂਦੇ ਦੇ ਫੁੱਲ ਹੀ ਜਿਆਦਾ ਸਿਫਾਰਿਸ਼ ਕੀਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਫੁੱਲਾਂ ਦੇ ਪੱਤੇ ਕਾਫੀ ਮੁਲਾਇਮ ਹੁੰਦੇ ਹਨ।
ਡਾਕਟਰ ਸ਼ਾਲਿਨੀ ਨੇ ਕਿਹਾ ਕਿ ਇਨ੍ਹਾਂ ਤੋਂ ਹਲਕਾ ਗੁਲਾਬੀ ਰੰਗ ਅਤੇ ਹਲਕਾ ਪੀਲਾ ਰੰਗ ਬਣ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਇਨ੍ਹਾਂ ਦੇ ਵਿੱਚ ਆਮ ਤੇਲ ਪਾ ਦਿੱਤਾ ਜਾਵੇ ਤਾਂ ਇਸ ਦੀ ਖੁਸ਼ਬੂ ਵੀ ਕਾਫੀ ਵੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਟ੍ਰਾਇਲ ਬੇਸਿਸ ਉੱਤੇ ਦੋ ਫੁੱਲਾਂ ਤੋਂ ਰੰਗ ਬਣਾਏ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਏ ਜਾ ਰਹੇ ਕਿਸਾਨ ਮੇਲਿਆਂ ਵਿੱਚ ਵੀ ਇਨ੍ਹਾਂ ਰੰਗਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੈ ਜਿਸ ਨੂੰ ਕਾਫੀ ਚੰਗਾ ਹੁੰਗਾਰਾ ਲੋਕਾਂ ਦਾ ਵੇਖਣ ਨੂੰ ਮਿਲਿਆ ਹੈ, ਕਿਉਂਕਿ ਇਹ ਰੰਗ ਕਾਫੀ ਸਕਿਨ ਫਰੈਂਡਲੀ ਅਤੇ ਆਰਗੈਨਿਕ ਹਨ।
ਬਾਜ਼ਾਰ ਦੇ ਕੈਮੀਕਲ ਕਲਰ: ਹੋਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਵਿੱਚ ਆਮ ਤੌਰ ਉੱਤੇ ਕਾਫੀ ਕਲਰ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕਲਰ ਕੈਮੀਕਲ ਯੁਕਤ ਹੁੰਦੇ ਹਨ ਜਿਸ ਨਾਲ ਸਕਿਨ ਦਾ ਨੁਕਸਾਨ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਹਿਰ ਡਾਕਟਰ ਸ਼ਾਲਿਨੀ ਨੇ ਦੱਸਿਆ ਹੈ ਕਿ ਇਹ ਕਲਰ ਮਨੁੱਖੀ ਸਕਿਨ ਲਈ ਖਾਸ ਕਰਕੇ ਅੱਖਾਂ ਦੇ ਲਈ ਕਾਫੀ ਖਤਰਨਾਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਕਿਨ ਦੀਆਂ ਬਿਮਾਰੀਆਂ ਨਾਲ ਅੱਖਾਂ ਵਿੱਚ ਇਨਫੈਕਸ਼ਨ ਆਦਿ ਵਰਗੀਆਂ ਬਿਮਾਰੀਆਂ ਵੀ ਕਾਫੀ ਵੱਧ ਜਾਂਦੀਆਂ ਹਨ ਜਿਸ ਤੋਂ ਬਚਣ ਦੀ ਲੋੜ ਹੈ।
ਸ਼ਾਲਿਨੀ ਨੇ ਕਿਹਾ ਕਿ ਕਈ ਬਾਜ਼ਾਰਾਂ ਵਿੱਚ ਅਜਿਹੇ ਵੀ ਰੰਗ ਹਨ, ਜਿਨ੍ਹਾਂ ਦੇ ਪੈਕਟ ਉੱਤੇ ਆਰਗੈਨਿਕ ਲਿਖਿਆ ਤਾਂ ਹੁੰਦਾ ਹੈ, ਪਰ ਉਹ ਅਸਲ ਵਿੱਚ ਹੁੰਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਮਿਲਣ ਵਾਲੇ ਜ਼ਿਆਦਾਤਰ ਰੰਗ ਕੈਮੀਕਲ ਨਾਲ ਬਣੇ ਹੁੰਦੇ ਹਨ, ਪਰ ਇਹ ਕੁਦਰਤੀ ਰੰਗ ਬਿਨ੍ਹਾਂ ਕੈਮੀਕਲ ਤੋਂ ਬਣਾਏ ਜਾਂਦੇ ਹਨ, ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਰਸਾਇਣਕ ਮਿਸ਼ਰਣ ਨਹੀਂ ਕੀਤਾ ਜਾਂਦਾ। ਇਸ ਕਰਕੇ ਇਹ ਸਕਿਨ ਲਈ ਕਾਫੀ ਚੰਗੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਵੀ ਤਾਂ ਹੀ ਚੰਗੇ ਲੱਗਦੇ ਹਨ, ਜਦੋਂ ਉਹ ਕਿਸੇ ਲਈ ਨੁਕਸਾਨ ਨਾ ਬਣਨ, ਉਹ ਖੁਸ਼ੀਆਂ ਵੰਡਣ। ਤਾਂ ਅਜਿਹੇ ਵਿੱਚ ਅਜਿਹੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿਸੇ ਦੇ ਲਈ ਖਤਰਨਾਕ ਸਾਬਿਤ ਨਾ ਹੋ ਕੇ ਉਸ ਨੂੰ ਤਿਉਹਾਰ ਮੌਕੇ ਨੁਕਸਾਨ ਦੇਣ ਦੀ ਥਾਂ ਉੱਤੇ ਖੁਸ਼ੀਆਂ ਦੇਵੇ।