ਬਠਿੰਡਾ: ਫਸਲਾਂ ਦੀ ਪੈਦਾਵਾਰ ਲਈ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੇ ਸਭ ਤੋਂ ਜਿਆਦਾ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕੀਤਾ ਹੈ। ਮਨੁੱਖ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਸ਼ਿਕਾਰ ਹੋ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋ ਕਲਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਪਿਤਾ ਨੂੰ ਆਈ ਹਾਰਟ ਅਟੈਕ ਦੀ ਸਮੱਸਿਆ ਤੋਂ ਬਾਅਦ ਪ੍ਰਣ ਕੀਤਾ ਕਿ ਉਹ ਬਿਨਾਂ ਕੀਟਨਾਸ਼ਕ ਤੋਂ ਮੋਟੇ ਅਨਾਜ ਦੀ ਪੈਦਾਵਾਰ ਕਰੇਗਾ।
ਮੋਟੇ ਅਨਾਜ ਤੋਂ ਤਿਆਰ ਕੀਤੇ ਪ੍ਰੋਡਕਟ: ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੋਟੇ ਅਨਾਜ ਦੀ ਪੈਦਾਵਾਰ ਕਰਨ ਤੋਂ ਬਾਅਦ ਉਸ ਨੇ ਜਦੋਂ ਹੌਲੀ ਹੌਲੀ ਆਪਣੇ ਪਿਤਾ ਨੂੰ ਮੋਟੇ ਅਨਾਜ ਤੋਂ ਬਣੀਆਂ ਹੋਈਆਂ ਵਸਤਾਂ ਦਾ ਸੇਵਨ ਕਰਵਾਇਆ, ਤਾਂ ਉਹ ਤੇਜ਼ੀ ਨਾਲ ਠੀਕ ਹੋਣ ਲੱਗੇ ਜਿਸ ਤੋਂ ਬਾਅਦ ਉਸ ਨੇ ਆਪਣੇ ਖੇਤ ਵਿੱਚ ਥੋੜੀ ਜਗ੍ਹਾ ਵਿੱਚ ਮੋਟੇ ਅਨਾਜ ਦੀ ਪੈਦਾਵਾਰ ਕੀਤੀ ਤੇ ਇਸ ਦਾ ਬੀਜ ਬਟਾਲਾ ਤੋਂ ਲੈ ਕੇ ਆਇਆ ਅਤੇ ਹੁਣ ਉਸ ਵੱਲੋਂ ਜਿੱਥੇ ਮੋਟੇ ਅਨਾਜ ਦੀ ਫਸਲ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਉੱਥੇ ਹੀ ਮੋਟੇ ਅਨਾਜ ਦਾ ਬੀਜ ਅਤੇ ਉਸ ਤੋਂ ਵੱਖ ਵੱਖ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ।
ਵਿਦੇਸ਼ ਜਾ ਰਿਹਾ ਪ੍ਰੋਡਕਟ : ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਉਸ ਨੂੰ ਮੋਟੇ ਅਨਾਜ ਦੀ ਮਾਰਕੀਟਿੰਗ ਸਬੰਧੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੋਕ ਬਹੁਤੇ ਜਾਗਰੂਕ ਨਾ ਹੋਣ ਕਾਰਨ ਮੋਟੇ ਅਨਾਜ ਦੀ ਖਰੀਦ ਨਹੀਂ ਕਰਦੇ ਸਨ ਜਾਂ ਬਹੁਤ ਹੀ ਘੱਟ ਮੁੱਲ ਦਿੰਦੇ ਸਨ। ਫਿਰ ਉਸ ਵੱਲੋਂ ਮੋਟੇ ਅਨਾਜ, ਰਾਗੀ, ਕੋਧਰੇ ਦੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾਣ ਲੱਗੇ ਅਤੇ ਅੱਜ ਉਹ ਪੂਰੇ ਪੰਜਾਬ ਦੇ ਵੱਡੇ ਵੱਡੇ ਮਾਲਾਂ ਅਤੇ ਦੁਕਾਨਾਂ ਉੱਤੇ ਆਪਣੇ ਪ੍ਰੋਡਕਟ ਜਿਵੇਂ ਬਿਸਕੁਟ, ਦਲੀਆ, ਪਾਸਤਾ ਅਤੇ ਨਿਊਡਲ, ਜੋ ਮੋਟੇ ਅਨਾਜ ਤੋਂ ਬਿਨਾਂ ਮੈਦੇ ਦੀ ਵਰਤੋਂ ਤਿਆਰ ਕੀਤੇ ਜਾਂਦੇ ਹਨ, ਉਹ ਵੇਚੇ ਜਾ ਰਹੇ ਹਨ।
ਹੋਰਨਾਂ ਕਿਸਾਨਾਂ ਨੂੰ ਅਪੀਲ: ਇਸ ਤੋਂ ਇਲਾਵਾ, ਜਾਗਰੂਕ ਲੋਕਾਂ ਵੱਲੋਂ ਮੋਟੇ ਅਨਾਜ ਤੋਂ ਬਣੇ ਹੋਏ ਵੱਖ ਵੱਖ ਤਰ੍ਹਾਂ ਦੇ ਆਨਲਾਈਨ ਮੰਗਵਾਏ ਜਾ ਰਹੇ ਹਨ। ਉਸ ਵੱਲੋਂ ਵਿਦੇਸ਼ਾਂ ਵਿੱਚ ਵੀ ਮੋਟੇ ਅਨਾਜ ਤੋਂ ਬਣੇ ਹੋਏ ਪ੍ਰੋਡਕਟ ਭੇਜੇ ਜਾ ਰਹੇ ਹਨ। ਗੁਰਵਿੰਦਰ ਸਿੰਘ ਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫ਼ਸਲ ਦਾ ਸਹੀ ਮੁੱਲ ਲੈਣ ਲਈ ਉਹ ਆਪਣੇ ਫ਼ਸਲ ਤੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਨ ਅਤੇ ਉਸ ਨੂੰ ਵੇਚਣ ਲਈ ਭਾਵੇਂ ਆਪ ਸਟਾਲ ਜਾਂ ਰੇੜੀ ਲਗਾਉਣ ਤਾਂ ਹੀ ਕਿਸਾਨਾਂ ਨੂੰ ਉਨਾਂ ਦੀਆਂ ਫਸਲਾਂ ਦਾ ਸਹੀ ਭਾਅ ਮਿਲੇਗਾ। ਅੱਜ ਉਹ ਜਿੱਥੇ ਮੋਟੇ ਅਨਾਜ ਦੀ ਪੈਦਾਵਾਰ ਕਰ ਰਿਹਾ ਹੈ, ਉੱਥੇ ਹੀ ਹੋਰਨਾਂ ਕਿਸਾਨਾਂ ਨੂੰ ਮੋਟੇ ਅਨਾਜ ਦਾ ਬੀਜ ਦੀ ਸਪਲਾਈ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕਿਸਾਨ ਮੋਟੇ ਅਨਾਜ ਦੀ ਪੈਦਾਵਾਰ ਕਰਨਾ ਚਾਹੁੰਦੇ ਹਨ, ਉਹ ਉਸ ਨਾਲ ਸੰਪਰਕ ਕਰ ਸਕਦੇ ਹਨ। ਉਹ ਉਨ੍ਹਾਂ ਦੀ ਫਸਲ ਵੀ ਖਰੀਦੇਗਾ ਅਤੇ ਉਨ੍ਹਾਂ ਦੀ ਫਸਲ ਦਾ ਬਣਦਾ ਮੁੱਲ ਵੀ ਦੇਵੇਗਾ।