ਮਾਨਸਾ/ਤਰਨ ਤਾਰਨ: ਵਿਦੇਸ਼ ਰੁਜ਼ਗਾਰ ਲਈ ਗਏ 11 ਪੰਜਾਬੀਆਂ ਨੂੰ ਨਹੀਂ ਪਤਾ ਸੀ ਕਿ ਹੁਣ ਉਨ੍ਹਾਂ ਜ਼ਿੰਦਾ ਮੁੜ ਕੇ ਆਪਣੀ ਧਰਤੀ 'ਤੇ ਨਹੀਂ ਆਉਣਾ। ਜਾਰਜੀਆ ਗੈਸ ਹਾਦਸੇ ਵਿੱਚ 11 ਪੰਜਾਬੀਆਂ ਸਣੇ 12 ਨੌਜਵਾਨਾਂ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਿੰਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਦਾ ਇਕਲੌਤਾ ਪੁੱਤਰ ਹਰਵਿੰਦਰ ਸਿੰਘ ਅਤੇ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦੇ ਰਹਿਣ ਵਾਲਾ ਸੰਦੀਪ ਸਿੰਘ ਵੀ ਇਸ ਹਾਦਸੇ ਦੀ ਭੇਂਟ ਚੜ ਗਏ। ਪਰਿਵਾਰਾਂ ਨੂੰ ਆਪਣੇ ਜ਼ੀਆਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀ ਸਦਮੇ ਵਿੱਚ ਹੈ। ਉਥੇ ਹੀ ਮ੍ਰਿਤਕਾਂ ਦੇ ਪਰਿਵਾਰ ਆਪਣੇ ਵਾਰਿਸਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਫਰਿਆਦ ਲਗਾ ਰਹੇ ਹਨ।
ਤਰਨ ਤਾਰਨ ਦੇ ਸੰਦੀਪ ਦੀ ਹਾਦਸੇ 'ਚ ਮੌਤ
ਉਥੇ ਹੀ ਤਰਨ ਤਾਰਨ ਦੇ ਜਸਵੰਤ ਸਿੰਘ ਦੇ ਰਹਿਣ ਵਾਲੇ ਮ੍ਰਿਤਕ ਸੰਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਉਸ ਦਾ ਪਤੀ ਵਿਦੇਸ਼ ਕਮਾਈ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਹੀ ਉਹ ਜਾਰਜੀਆ ਗਿਆ ਸੀ ਤੇ ਉਥੇ ਇਹ ਭਾਣਾ ਵਾਪਰ ਗਿਆ। ਮ੍ਰਿਤਕ ਦੀ ਪਤਨੀ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਦਦ ਕਰੇ ਤੇ ਉਸ ਦੇ ਪਤੀ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ 'ਚ ਮਦਦ ਕਰੇ ਤਾਂ ਜੋ ਉਹ ਉਸ ਦੀਆਂ ਅੰਤਿਮ ਰਸਮਾਂ ਕਰ ਸਕੇ। ਉਨ੍ਹਾਂ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਇੱਕ ਬੇਟੀ ਹੀ ਉਸ ਦਾ ਸਹਾਰਾ ਰਹਿ ਗਈ ਹੈ।
ਮਾਨਸਾ ਦੇ ਹਰਵਿੰਦਰ ਦੀ ਵੀ ਹੋਈ ਮੌਤ
ਇਸ ਦੇ ਨਾਲ ਹੀ ਮਾਨਸਾ ਦੇ ਪਿੰਡ ਖੋਖਰ ਖੁਰਦ ਦੇ 27 ਸਾਲਾ ਹਰਵਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਪਰਿਵਾਰ ਦੀ ਜਿੰਮੇਵਾਰੀ ਸਿਰ ਚੁੱਕ ਕੇ ਆਪਣੀ ਛੋਟੀ ਭੈਣ ਦਾ ਵਿਆਹ ਅਤੇ ਪਿਤਾ ਦੇ ਸਿਰ ਚੜੇ ਕਰਜੇ ਨੂੰ ਉਤਾਰਨ ਲਈ ਜਾਰਜੀਆ ਵਿੱਚ ਰੁਜ਼ਗਾਰ ਕਰਨ ਦੇ ਲਈ ਗਿਆ ਸੀ। ਮ੍ਰਿਤਕ ਹਰਵਿੰਦਰ ਸਿੰਘ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਉਹ ਨੌ ਏਕੜ ਜਮੀਨ ਦਾ ਮਾਲਕ ਹੈ ਅਤੇ ਜਮੀਨ ਰੇਸਲੀ ਹੈ ਜਿਸ ਦੇ ਵਿੱਚ ਫਸਲ ਚੰਗੀ ਨਹੀਂ ਹੁੰਦੀ ਅਤੇ ਉਹਨਾਂ ਦੇ ਸਿਰ ਕਰਜ਼ੇ ਦੀ ਪੰਡ ਹੈ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ
ਉਹਨਾਂ ਦੱਸਿਆ ਕਿ ਸਿਰ 'ਤੇ ਚੜੀ ਕਰਜ਼ੇ ਦੀ ਪੰਡ ਨੂੰ ਲਾਹੁਣ ਲਈ ਉਨ੍ਹਾਂ ਦਾ ਇਕਲੌਤਾ ਪੁੱਤ ਵਿਦੇਸ਼ ਗਿਆ ਸੀ ਪਰ ਨਹੀਂ ਪਤਾ ਸੀ ਕਿ ਉਥੇ ਉਸ ਨਾਲ ਇਹ ਭਾਣਾ ਵਾਪਰ ਜਾਣਾ। ਉਹਨਾਂ ਕਿਹਾ ਕਿ ਘਰ ਦੇ ਵਿੱਚ ਮ੍ਰਿਤਕ ਹਰਵਿੰਦਰ ਸਿੰਘ ਦੀ ਮਾਤਾ ਬਿਮਾਰ ਰਹਿੰਦੇ ਹਨ ਅਤੇ ਪਰਿਵਾਰ ਦੇ ਕੋਲ ਇੰਨਾ ਪੈਸਾ ਨਹੀਂ ਕਿ ਉਹ ਆਪਣੇ ਪੁੱਤ ਦੀ ਲਾਸ਼ ਨੂੰ ਜਲਦ ਮਾਂ ਦੇ ਕੋਲ ਲਿਆ ਸਕਣ। ਜਿਸ ਦੇ ਚੱਲਦੇ ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਤੁਰੰਤ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਪੰਜਾਬ ਲਿਆਉਣ 'ਚ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਉਸ ਦੀਆਂ ਅੰਤਿਮ ਰਸਮਾਂ ਕਰ ਸਕਣ।
11 ਪੰਜਾਬੀਆਂ ਸਣੇ ਹੋਈਆਂ ਸੀ 12 ਮੌਤਾਂ
ਦੱਸ ਦਈਏ ਕਿ ਜਾਰਜੀਆ 'ਚ ਵਾਪਰੇ ਇਸ ਦੁਖਾਂਤ 'ਚ ਪੰਜਾਬ ਦੇ 11 ਨੌਜਵਾਨਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਜਾਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ। ਮ੍ਰਿਤਕਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ।