ਸ੍ਰੀ ਮੁਕਤਸਰ ਸਾਹਿਬ/ਬਠਿੰਡਾ : ਬਠਿੰਡਾ ਦੇ ਪਿੰਡ ਸੇਮਾਂ ਤੋਂ ਸ਼ਗਨਾਂ ਅਜੀਵਿਕਾ ਸੈਲਫ ਹੈਲਪ ਗਰੁੱਪ ਵਲੋਂ ਪੰਜਾਬੀ ਵਿਰਾਸਤ ਦੀ ਸੰਭਾਲ ਕਰਦੇ ਹੋਏ ਇੱਥੇ ਸਟਾਲ ਲਗਾਇਆ ਗਿਆ। ਇਹ ਉਪਰਾਲਾ ਦਰਾਣੀ-ਜਠਾਣੀ ਵਲੋਂ ਮਿਲ ਕੇ ਕੀਤਾ ਗਿਆ ਹੈ। ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਗਨਾਂ ਨਾਲ ਜੁੜੀਆਂ ਚੀਜ਼ਾਂ ਅਤੇ ਹੋਰ ਸੱਭਿਆਚਾਰਕ ਚੀਜ਼ਾਂ ਨੂੰ ਸੰਭਾਲਿਆ ਵੀ ਗਿਆ ਹੈ ਅਤੇ ਹੋਰ ਵੀ ਸਾਡੇ ਵੱਲੋਂ ਹੱਥੀਂ ਤਿਆਰ ਕੀਤੀਆਂ ਜਾਂਦੀਆਂ ਹਨ।
ਵਿਰਾਸਤੀ ਚੀਜ਼ਾਂ ਦੀ ਸੰਭਾਲ: ਆਪਣੇ ਹੱਥੀਂ ਮਿਹਨਤ ਕਰਕੇ ਇੰਨੂੰ, ਟੋਕਰੀਆਂ, ਘਗਰੇ, ਪਰਾਂਦੀਆਂ ਤੇ ਪੱਖੀਆਂ ਆਦਿ ਤਿਆਰ ਕਰਕੇ ਪੁਰਾਣੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਯਤਨ ਕਰ ਰਹੀਆਂ ਹਨ। ਇਨ੍ਹਾਂ ਦੀ ਖਾਸ ਸਟਾਲ ਲਗਾ ਕਿ ਨਵੀਂ ਪੀੜੀ ਨੂੰ ਇਸ ਤੋਂ ਜਾਣੂ ਕਰਵਾਇਆ ਜਾਂਦਾ ਹੈ। ਵੀਰਪਾਲ ਕੌਰ ਨੇ ਦੱਸਿਆ ਕਿ ਸਾਨੂੰ ਜੇਕਰ ਪੰਜਾਬ ਸਰਕਾਰ ਦਾ ਹੋਰ ਸਾਥ ਮਿਲੇ ਤਾਂ ਅਸੀ ਆਪਣੇ ਗਰੁੱਪ ਨੂੰ ਹੋਰ ਵਧਾ ਸਕਦੇ ਹਾਂ। ਫਿਲਹਾਲ ਉਨ੍ਹਾਂ ਨਾਲ 10-13 ਔਰਤਾਂ ਹੋਰ ਜੁੜੀਆਂ ਹੋਈਆਂ ਹਨ। ਜਸਪ੍ਰੀਤ ਕੌਰ ਨੇ ਵੀ ਦੱਸਿਆ ਕਿ ਅਜਿਹੀਆਂ ਵਿਰਾਸਤੀ ਚੀਜ਼ਾਂ ਦੀ ਸੰਭਾਲ ਆਉਣ ਵਾਲੀ ਪੀੜੀ ਲਈ ਬੇਹਦ ਖਾਸ ਹੈ।
ਮਿਹਨਤ ਵੱਧ, ਕਮਾਈ ਘੱਟ: ਵੀਰਪਾਲ ਕੌਰ ਨੇ ਦੱਸਿਆ ਇਨ੍ਹਾਂ ਵਿਰਾਸਤੀ ਚੀਜ਼ਾਂ ਨੂੰ ਤਿਆਰ ਕਰਨ ਵਿੱਚ ਕਾਫੀ ਮਿਹਨਤ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਸਾਮਾਨ ਨੂੰ ਤਿਆਰ ਕਰਨ ਵਿੱਚ 200-250 ਰੁਪਏ ਤੱਕ ਖ਼ਰਚ ਆ ਜਾਂਦਾ ਹੈ ਅਤੇ ਮਿਹਨਤ ਵੱਖਰੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ, ਸਾਨੂੰ ਇਸ ਦਾ ਉਨਾਂ ਮੁੱਲ ਨਹੀਂ ਮਿਲਦਾ, ਪਰ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਵੀ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ। ਉਨ੍ਹਾਂ ਕਿਹਾ ਕਿ ਉਹ ਘੱਗਰਿਆਂ ਦੇ ਨਾਲੇ ਵੀ ਤਿਆਰ ਕਰਦੇ ਹਨ, ਜੋ ਕਾਫੀ ਖਿੱਚ ਦਾ ਕੇਂਦਰ ਹਨ। ਇਸ ਤੋਂ ਇਲਾਵਾ ਸਟਾਲ ਉੱਤੇ ਪਰਾਂਦੇ ਵਿੱਚ ਵੱਖਰੀ ਹੀ ਚਮਕ ਦੇ ਰਹੇ ਸਨ।
ਵੀਰਪਾਲ ਕੌਰ ਨੇ ਕਿਹਾ ਕਿ ਕਈ ਥਾਂਵਾਂ ਉੱਤੇ ਕਾਫੀ ਚੰਗੀ ਸੇਲ ਹੁੰਦੀ ਹੈ, ਪਰ ਮਾਨਸਾ ਵੱਲ ਕੋਈ ਵਧੀਆਂ ਹੁੰਗਾਰਾ ਨਹੀਂ ਮਿਲਿਆ। ਵੀਰਪਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸੁਨੇਹਾ ਵੀ ਇਹੀ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਵਿਰਾਸਤ ਅਣਮੁੱਲੀ ਹੈ ਇਸ ਨੂੰ ਭੁੱਲੋ ਨਾ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜੀ ਨੂੰ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਹੋਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਸ ਉਪਰਾਲੇ ਨੂੰ ਹੋਰ ਉਤਸ਼ਾਹ ਤੇ ਹੁੰਗਾਰਾ ਦੇਣਾ ਚਾਹੀਦਾ ਹੈ।