ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਗਿਆ। ਜਿਸ ਵਿੱਚ ਖ਼ਾਲਸਾ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥਕ ਏਕਤਾ ਦੀ ਲੋੜ ਉੱਤੇ ਜ਼ੋਰ ਦਿੱਤਾ।
ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣ ਦੀ ਜ਼ਰੂਰਤ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤਾਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਦੇ ਬਾਨੀ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਿਵਸ ਹੈ। ਅਤੇ ਅੱਜ ਦੇ ਦਿਨ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਿਆ ਨਾ ਉਹ ਆਪਣੇ ਆਪ ਨੂੰ ਸੁਭਾਗਾਸ਼ਾਲੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣ ਦੀ ਜ਼ਰੂਰਤ ਹੈ।
ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀਆਂ
ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਦੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀਆਂ ਹਨ। ਸ਼ਾਮ ਨੂੰ ਰਹਿਰਾਸ ਦੇ ਪਾਠ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁੰਦਰ ਤੇ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਇਹ ਨਜ਼ਾਰਾ ਦੇਖਣ ਦੂਰੋਂ-ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀਆਂ ਸਨ।
ਸੇਵਾ ਕਰਨ ਦਾ ਮਾਰਗ ਦਿੱਤਾ
ਸੰਗਤਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਪੂਰੀ ਦੁਨੀਆ ਦੇ ਧਰਮ ਇਤਿਹਾਸ ਅੰਦਰ ਲਾਸਾਨੀ ਅਤੇ ਉੱਭਰਵਾਂ ਹੈ। ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਅਹਿਮ ਥੰਮ੍ਹ ਹਨ ਅਤੇ ਗੁਰੂ ਸਾਹਿਬਾਨ ਨੇ ਇਸ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਆਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦੇ 450 ਸਾਲਾ ਸ਼ਤਾਬਦੀ ਦਿਹਾੜੇ ਉਨ੍ਹਾਂ ਦੇ ਜੀਵਨ ਇਤਿਹਾਸ ਅਤੇ ਘਾਲਣਾ ਤੋਂ ਸੇਧ ਲੈਣ ਲਈ ਵੱਡੇ ਮਹੱਤਵ ਵਾਲੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਨਿਰਸਵਾਰਥ ਹੋ ਕੇ ਸੇਵਾ ਕਰਨ ਦਾ ਮਾਰਗ ਦਿੱਤਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸਿਧਾਂਤ ਨੂੰ ਹੋਰ ਪੱਕਿਆਂ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਤਖ਼ਤ
ਸੰਗਤਾਂ ਨੇ ਇਹ ਵੀ ਕਿਹਾ ਕਿ ਅੱਜ ਕਈ ਸ਼ਕਤੀਆਂ ਸਿੱਖ ਸਿਧਾਂਤਾਂ ਨੂੰ ਸੱਟ ਮਾਰਨ ਦੇ ਯਤਨ ਕਰ ਰਹੀਆਂ ਹਨ, ਜਿਨ੍ਹਾਂ ਨੂੰ ਸਮਝ ਕੇ ਇਕਜੁੱਟਤਾ ਨਾਲ ਠੱਲ੍ਹਣ ਦੀ ਲੋੜ ਹੈ। ਉਨ੍ਹਾਂ ਕਿਹਾ ਪੂਰੀ ਦੁਨੀਆਂ ਅੰਦਰ ਕੇਵਲ ਸਿੱਖ ਕੌਮ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਵਰਗਾ ਸਰਬਉੱਚ ਤਖ਼ਤ ਮੌਜੂਦ ਹੈ, ਜਿੱਥੋਂ ਸਿੱਖ ਕੌਮੀ ਸੇਧ ਅਤੇ ਅਗਵਾਈ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਰਬਉੱਚ ਸੰਸਥਾ ਨੂੰ ਹਰ ਸਿੱਖ ਲਈ ਦਿਲੋਂ ਮੰਨਣ ਵਿੱਚ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਤਾਂ ਕਿ ਕੌਮ ਦੀ ਇਹ ਨਿਰਾਲੀ ਵਿਚਾਰਧਾਰਾ ਅਤੇ ਸਿਧਾਂਤ ਦੀ ਚੜ੍ਹਦੀ ਕਲਾ ਬਰਕਰਾਰ ਰਹੇ।