ਬਟਾਲਾ/ਚੰਡੀਗੜ੍ਹ : ਸੂਬੇ 'ਚ ਵੱਧ ਰਹੇ ਅਪਰਾਧ 'ਤੇ ਠੱਲ੍ਹ ਪਾਉਂਦੇ ਹੋਏ ਪੁਲਿਸ ਵੱਲੋਂ ਚਲਾਏ ਜਾ ਰਹੇ ਸਖਤ ਅਭਿਆਨ ਦੌਰਾਨ ਅੱਜ ਬਟਾਲਾ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਕ ਗੈਂਗਸਟਰ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਹੈ। ਇੱਸ ਦੌਰਾਨ ਉਸ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਐਨਕਾਊਂਟਰ ਦੌਰਾਨ ਮਲਕੀਤ ਸਿੰਘ ਨੂੰ ਕਾਬੂ ਕੀਤਾ ਹੈ ਜੋ ਬਟਾਲਾ ਦਾ ਹੀ ਵਾਸੀ ਦੱਸਿਆ ਜਾ ਰਿਹਾ ਹੈ।
ਜਵੈਲਰ ਤੋਂ ਮੰਗੀ ਸੀ ਫਿਰੌਤੀ : ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਨੇ ਖੁਦ ਦੇਸ਼ਰਾਜ ਜਵੈਲਰਜ਼ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਦੋਂ ਤੋਂ ਹੀ ਬਟਾਲਾ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਸੀ। ਜ਼ਿਕਰਯੋਗ ਹੈ ਕਿ ਪੁਲਿਸ ਅੱਜ ਤੜਕੇ ਤੋਂ ਹੀ ਗੈਂਗਸਟਰ ਮਲਕੀਤ ਸਿੰਘ ਦਾ ਪਿੱਛਾ ਕਰ ਰਹੀ ਸੀ। ਸ੍ਰੀ ਹਰਗੋਬਿੰਦਪੁਰ ਨੇੜੇ ਮੁਲਜ਼ਮਾਂ ਦੀ ਹਰਕਤ ਦੇਖੀ ਗਈ। ਜਿਸ ਤੋਂ ਬਾਅਦ ਗੈਂਗਸਟਰ ਮਲਕੀਤ ਸਿੰਘ ਨੂੰ ਫੜਨ ਲਈ ਤਿੰਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇਸ ਦੌਰਾਨ ਮੁਲਜ਼ਮਾਂ ਨੇ ਨਵਾਂਪਿੰਡ ਮੇਨ ਰੋਡ ’ਤੇ ਆ ਰਹੀ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਉਥੇ ਹੀ ਇਸ ਵਿਚਾਲੇ ਬਦਮਾਸ਼ ਆਪਣੀ ਮਰਸਡੀਜ਼ ਕਾਰ ਛੱਡ ਕੇ ਕੱਚੀ ਸੜਕ 'ਤੇ ਭੱਜਣ ਲੱਗਿਆ ਅਤੇ ਨਾਲ ਉਸ ਨੇ ਫਾਇਰਿੰਗ ਵੀ ਕੀਤੀ, ਪੁਲਿਸ ਦੀ ਜਵਾਬੀ ਕਾਰਵਾਈ 'ਚ ਮੁਲਜ਼ਮ ਦੀ ਲੱਤ 'ਚ ਗੋਲੀ ਲੱਗ ਗਈ ਅਤੇ ਉਹ ਪੁਲਿਸ ਦੇ ਹੱਥ ਆ ਗਿਆ। ਇਥੇ ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਕਿਸੇ ਪੁਲਿਸ ਮੁਲਾਜ਼ਮ ਨੂੰ ਨਹੀਂ ਲੱਗੀ।
ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ : ਉਥੇ ਹੀ ਪਿੰਡ ਵਾਸੀ ਨੌਜਵਾਨ ਨੇ ਦੱਸਿਆ ਕਿ ਜਦੋਂ ਪਿੰਡ ਵਿੱਚ ਸਾਰੇ ਹੀ ਆਪੋ-ਆਪਣੇ ਕੰਮਾਂ ਵਿੱਚ ਰੁਝੇ ਹੋਏ ਸਨ ਕੋਈ ਆ ਜਾ ਰਿਹਾ ਸੀ ਤਾਂ ਉਸ ਵੇਲੇ ਅਚਾਨਕ ਹੀ ਦੋ ਗੱਡੀਆਂ ਅੱਗੇ ਪਿੱਛੇ ਦੌੜਦੀਆਂ ਹੋਈਆਂ ਨਜ਼ਰ ਆਈਆਂ ਜਿੰਨਾ ਨੂੰ ਦੇਖ ਕੇ ਪਿੰਡ ਵਾਸੀ ਸਹਿਮ ਗਏ। ਕੁਝ ਹੀ ਸਮੇਂ ਬਾਅਦ ਪਤਾ ਲੱਗਾ ਕਿ ਬਦਮਾਸ਼ ਅਤੇ ਪੁਲਿਸ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ ਅਤੇ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਬਦਮਾਸ਼ ਜ਼ਖਮੀ ਹੋ ਗਿਆ ਅਤੇ ਇਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ।